ਜਲੰਧਰ-ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਸਾਬਕਾ ਸੰਸਦੀ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਹਰਿਆਣਾ 'ਚ ਅਕਾਲੀ ਦਲ 'ਤੇ ਤਾਬੜ-ਤੋੜ ਪ੍ਰਚਾਰ ਹਮਲੇ ਕਰਨ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਉਨ੍ਹਾਂ ਤੋਂ ਸੁਰੱਖਿਆ ਵਾਪਸ ਲੈ ਲਈ ਹੈ। ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਦਾ ਕਹਿਣਾ ਹੈ ਸਿੱਧੂ ਵਲੋਂ ਹਰਿਆਣਾ 'ਚ ਅਕਾਲੀ ਦਲ 'ਤੇ ਕੀਤੇ ਸਿਆਸੀ ਵਾਰਾਂ ਦਾ ਉਨ੍ਹਾਂ ਦੀ ਸੁਰੱਖਿਆ ਵਾਪਸੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜਦੋਂ ਵੀ ਸਿੱਧੂ ਪੰਜਾਬ ਆਉਣ, ਉਨ੍ਹਾਂ ਨੂੰ ਬਣਦੀ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਕੀਤੇ ਸਕਿਓਰਿਟੀ ਰਿਵਿਊ ਦੇ ਨਤੀਜੇ ਵਜੋਂ 400 ਪੁਲਸ ਕਰਮਚਾਰੀਆਂ ਨੂੰ ਵੀ. ਆਈ. ਪੀ. ਦੀ ਡਿਊਟੀ ਤੋਂ ਹਟਾ ਕੇ ਹੋਰ ਸਥਾਨਾਂ 'ਤੇ ਭੇਜ ਦਿੱਤਾ ਗਿਆ ਹੈ।
ਇਸ ਲਈ ਇਹ ਕਹਿਣਾ ਠੀਕ ਨਹੀਂ ਹੈ ਕਿ ਇਸ 'ਚ ਸਿਰਫ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਦੌਰੇ 'ਤੇ ਆਉਣਗੇ ਤਾਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਬਣਦੀ ਸੁਰੱਖਿਆ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਹਰਿਆਣਾ 'ਚ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਬਾਰੇ ਬਹੁਤ ਕੁਝ ਬੋਲਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਿੱਧੂ ਨੂੰ ਦਿੱਤੀ ਸੁਰੱਖਿਆ ਵਾਪਸ ਲੈ ਲਈ।
‘ਮੈਨੂੰ ਮੇਰੇ ਬੇਟੇ ਦੀ ਸ਼ਹਾਦਤ ’ਤੇ ਦੁਖ ਨਹੀਂ, ਮਾਣ ਹੈ’ (ਵੀਡੀਓ)
NEXT STORY