ਚੰਡੀਗੜ੍ਹ- ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਪਾਰਟੀ ਨੂੰ ਦੇਸ਼ ਭਰ ਵਿਚ ਨਵੀਂ ਦਿਸ਼ਾ ਦੇਣ ਬਾਰੇ ਵੱਡਾ ਐਲਾਨ ਕਰਨਗੇ। ਇਹ ਖੁਲਾਸਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਦੀ ਮੌਜੂਦਗੀ ਵਿਚ ਦੱਸਿਆ ਕਿ 16 ਅਕਤੂਬਰ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਰਾਹੁਲ ਗਾਂਧੀ ਦੀਆਂ ਚੰਡੀਗੜ੍ਹ ਵਿਚ ਹੋਣ ਵਾਲੀਆਂ ਬੈਠਕਾਂ ਵਿਚ ਅਹਿਮ ਵਿਚਾਰ-ਵਟਾਂਦਰੇ ਹੋਣਗੇ। ਵੱਡੇ ਐਲਾਨ ਬਾਰੇ ਉਨ੍ਹਾਂ ਵਿਸਥਾਰ ਵਿਚ ਤਾਂ ਕੁਝ ਨਹੀਂ ਦੱਸਿਆ ਕਿ ਪਰ ਇੰਨਾ ਕੁ ਸੰਕੇਤ ਜਰੂਰ ਦਿੱਤਾ ਕਿ ਇਹ ਪਾਰਟੀ ਵਿਚ ਨਵੀਂ ਜਾਨ ਫੂਕਣ ਲਈ ਭਵਿੱਖ ਦੀ ਰਣਨੀਤੀ ਤੇ ਪ੍ਰੋਗਰਾਮ ਨਾਲ ਸਬੰਧਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਨਵੀਂ ਸ਼ੁਰੂਆਤ ਪੰਜਾਬ ਤੋਂ ਹੀ ਕੀਤੀ ਜਾ ਰਹੀ ਹੈ। 16 ਅਕਤੂਬਰ ਦੇ ਪ੍ਰੋਗਰਾਮ ਬਾਰੇ ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿਚ ਐੱਨ. ਐੱਸ. ਯੂ. ਆਈ. ਦੇ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਉਹ ਪ੍ਰਦੇਸ਼ ਕਾਂਗਰਸ ਭਵਨ ਪਹੁੰਚਣਗੇ, ਜਿਥੇ ਪਹਿਲੀ ਮੀਟਿੰਗ ਜ਼ਿਲਾ ਤੇ ਬਲਾਕ ਪ੍ਰਧਾਨਾਂ ਨਾਲ ਹੋਵੇਗੀ। ਬਲਾਕ ਪ੍ਰਧਾਨਾਂ ਦੀ ਕੁਲ ਗਿਣਤੀ 234 ਤੇ ਜ਼ਿਲਾ ਪ੍ਰਧਾਨਾਂ ਦੀ 28 ਹੈ। ਇਸ ਮੀਟਿੰਗ ਵਿਚ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਇੰਚਾਰਜ ਸ਼ਕੀਲ ਅਹਿਮਦ, ਹਰੀਸ਼ ਚੌਧਰੀ ਤੇ ਪੰਜਾਬ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਮੌਜੂਦ ਰਹਿਣਗੇ। ਦੂਜੀ ਮੀਟਿੰਗ ਵਿਚ ਦੁਪਹਿਰ ਦੇ ਖਾਣੇ ਦੇ ਸਮੇਂ ਹੋਵੇਗੀ, ਜਿਸ ਵਿਚ ਸਾਰੇ ਸਾਬਕਾ ਪ੍ਰਦੇਸ਼ ਪ੍ਰਧਾਨ, ਆਲ ਇੰਡੀਆ ਵਰਕਿੰਗ ਕਮੇਟੀ ਮੈਂਬਰ, ਅਹੁੱਦੇਦਾਰ ਤੇ ਮੈਂਬਰ ਪਾਰਲੀਮੈਂਟ ਸ਼ਾਮਲ ਹੋਣਗੇ। ਦੁਪਹਿਰ ਦੇ ਖਾਣੇ ਤੋਂ ਬਾਅਦ ਹੋਣ ਵਾਲੀ ਤੀਜੀ ਬੈਠਕ ਵਿਧਾਇਕ, ਮੈਂਬਰ ਪਾਰਲੀਮੈਂਟ, ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ, ਸਕੱਤਰ, ਮੈਂਬਰ, ਸੇਵਾ ਦਲ, ਯੂਥ ਕਾਂਗਰਸ, ਮਹਿਲਾ ਕਾਂਗਰਸ ਤੇ ਐੱਨ. ਐੱਸ. ਯੂ. ਆਈ. ਤੇ ਸੈੱਲਾਂ ਦੇ ਪ੍ਰਮੁੱਖ ਸ਼ਾਮਲ ਹੋਣਗੇ। ਇਸ ਬੈਠਕ ਵਿਚ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਤੇ ਲੋਕ ਸਭਾ ਵਿਚ ਪਾਰਟੀ ਦੇ ਉਪ ਨੇਤਾ ਕੈਪ. ਅਮਰਿੰਦਰ ਸਿੰਘ ਤੋਂ ਇਲਾਵਾ ਅੰਬਿਕਾ ਸੋਨੀ ਵੀ ਸ਼ਾਮਲ ਹੋਣਗੇ।
ਇਸ ਤੋਂ ਬਾਅਦ ਆਖਰੀ ਬੈਠਕ ਕਿਸਾਨੀ ਮਾਮਲਿਆਂ ਨੂੰ ਲੈ ਕੇ ਹੋਵੇਗੀ, ਜਿਸ ਵਿਚ ਪਾਰਟੀ ਦੇ ਕਿਸਾਨ ਯੂਨੀਅਨ ਨਾਲ ਸਬੰਧਤ ਨੇਤਾ ਭੁਪਿੰਦਰ ਸਿੰਘ ਮਾਨ, ਕਿਸਾਨ ਤੇ ਖੇਤ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਤੇ ਸੈੱਲ ਦੇ ਜ਼ਿਲਾ ਪ੍ਰਧਾਨ ਹਾਜ਼ਰ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹੋਰਨਾਂ ਮੀਟਿੰਗਾਂ ਵਿਚ ਜਿਥੇ ਰਾਹੁਲ ਗਾਂਧੀ ਆਗੂਆਂ ਨੂੰ ਸੰਬੋਧਨ ਕਰਨਗੇ, ਉਥੇ ਪਹਿਲੀ ਮੀਟਿੰਗ ਵਿਚ ਜ਼ਿਲਾ ਦੇ ਬਲਾਕ ਪ੍ਰਧਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਲੈਣਗੇ। ਇਸੇ ਦੌਰਾਨ ਰਾਹੁਲ ਗਾਂਧੀ ਦੇ ਦੌਰੇ ਨੂੰ ਮੁੱਖ ਰੱਖਦਿਆਂ ਪੰਜਾਬ ਕਾਂਗਰਸ ਭਵਨ 'ਚ ਪੰਡਾਲ ਸਜਾਉਣ ਤੇ ਸਾਫ ਸਫਾਈ ਲਈ ਪੂਰਾ ਦਿਨ ਕੰਮ ਚਲਾ ਰਿਹਾ।
ਚੌਧਰੀ ਵਲੋਂ ਅਮਰਿੰਦਰ ਬਾਰੇ ਟਿੱਪਣੀ ਤੋਂ ਨਾਂਹ
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਤੋਂ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵਲੋਂ ਉਨ੍ਹਾਂ ਬਾਰੇ ਪਿਛਲੀ ਦਿਨੀਂ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਿਸਟਮ ਹੈ ਤੇ ਹਰੇਕ ਵਿਅਕਤੀ ਨੂੰ ਵਿਚਾਰ ਰੱਖਣ ਦਾ ਅਧਿਕਾਰ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਚਾਨਕ ਨਹੀਂ ਰੱਖਿਆ ਕਿ ਬਲਕਿ ਪਹਿਲਾਂ ਤੋਂ ਹੀ ਨਿਰਧਾਰਿਤ ਸੀ ਪਰ ਹਰਿਆਣਾ ਤੇ ਮਹਾਂਰਾਸ਼ਟਰ ਦੀਆਂ ਚੋਣਾਂ ਆ ਜਾਣ ਕਾਰਨ ਇਹ ਪਹਿਲਾਂ ਨਹੀਂ ਹੋ ਸਕਿਆ।
ਗਿਰੋਹ ਅਜਿਹਾ, ਤੋੜ ਦੇਵੇਗਾ ਟੰਗਾਂ ਬਸ ਦਿਓ ਪੈਸਾ
NEXT STORY