ਚੰਡੀਗੜ੍ਹ, (ਰਮਨਜੀਤ ਸਿੰਘ)- ਚਿੰਤਪੂਰਨੀ ਮੈਡੀਕਲ ਕਾਲਜ ਦੀ ਮਾਨਤਾ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਕਾਰਨ ਇਸ ਕਾਲਜ ਵਿਚ ਪੜ੍ਹਾਈ ਕਰ ਰਹੇ ਤਕਰੀਬਨ 150 ਵਿਦਿਆਰਥੀਆਂ ਦਾ ਭਵਿੱਖ ਖਰਾਬ ਨਹੀਂ ਹੋਵੇਗਾ। ਜੇਕਰ ਐੱਮ. ਸੀ. ਆਈ. ਵਲੋਂ ਚਿੰਤਪੂਰਨੀ ਕਾਲਜ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਹੈ ਤਾਂ ਇਥੋਂ ਦੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਕਰਵਾਉਣ ਲਈ ਇਨ੍ਹਾਂ ਨੂੰ ਐੱਮ. ਸੀ. ਆਈ. ਦੀ ਆਗਿਆ ਨਾਲ ਹੋਰ ਕਾਲਜਾਂ ਵਿਚ ਭੇਜ ਦਿੱਤਾ ਜਾਵੇਗਾ। ਇਹ ਭਰੋਸਾ ਬੁੱਧਵਾਰ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਵਲੋਂ ਕੀਤੀ ਗਈ ਸੁਣਵਾਈ ਵਿਚ ਰਾਜ ਦੇ ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਹੁਸਨ ਲਾਲ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ. ਸੀ. ਐੱਸ. ਐੱਸ. ਗਿੱਲ ਵਲੋਂ ਦਿੱਤਾ ਗਿਆ। ਚੰਡੀਗੜ੍ਹ ਦੇ ਯੂ. ਟੀ. ਗੈਸਟ ਹਾਊਸ ਵਿਚ ਹੋਈ ਸੁਣਵਾਈ ਦੌਰਾਨ ਬੁੱਧਵਾਰ ਨੂੰ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਪ੍ਰਤੀਨਿਧ ਵੀ ਪੁੱਜ ਗਏ ਸਨ ਤੇ ਉਨ੍ਹਾਂ ਨੇ ਵੀ ਮਾਨਤਾ ਸਬੰਧੀ ਤਕਨੀਕੀ ਜਾਣਕਾਰੀਆਂ ਹਾਸਲ ਕੀਤੀਆਂ।
ਡਾ. ਵੇਰਕਾ ਨੇ ਰਾਜ ਸਰਕਾਰ ਤੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਕਿਹਾ ਕਿ ਜੇਕਰ ਕਾਲਜ ਵਿਚ ਐੱਮ. ਸੀ. ਆਈ. ਨੂੰ ਮਾਨਤਾ ਨਹੀਂ ਮਿਲਦੀ ਤਾਂ ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਉਕਤ ਵਿਦਿਆਰਥੀਆਂ ਨੂੰ ਹੋਰ ਕਾਲਜਾਂ ਵਿਚ ਜੇਕਰ ਲੋੜ ਪਈ ਤਾਂ ਭੇਜਣ ਸਬੰਧੀ ਪ੍ਰਸਤਾਵ ਬਣਾ ਕੇ ਭੇਜਣ। ਉਥੇ ਹੀ ਡਾ. ਵੇਰਕਾ ਨੇ ਐੱਮ. ਸੀ. ਆਈ. ਨੂੰ ਕਾਲਜ ਦੀ ਮਾਨਤਾ ਸਬੰਧੀ ਪੈਦਾ ਹੋਏ ਵਿਵਾਦ ਨੂੰ ਜਲਦ ਹੀ ਸੁਲਝਾਉਣ ਤੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਚਿੰਤਪੂਰਨੀ ਮੈਡੀਕਲ ਕਾਲਜ ਵਿਚ ਸਾਲ 2012 ਵਿਚ ਤਕਰੀਬਨ 150 ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਲੈ ਕੇ ਪੜ੍ਹਾਈ ਕਰਨੀ ਸ਼ੁਰੂ ਕੀਤੀ ਸੀ ਪਰ ਜਦੋਂ ਉਨ੍ਹਾਂ ਦੀ ਡਿਗਰੀ ਪੂਰੀ ਹੋਣ ਦੇ ਨਜ਼ਦੀਕ ਆਈ ਹੋਈ ਹੈ ਤਾਂ ਮੈਡੀਕਲ ਕੌਂਸਲ ਆਫ਼ ਇੰਡੀਆ ਵਲੋਂ ਇਸ ਕਾਲਜ ਦੀ ਮਾਨਤਾ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਗਏ ਹਨ। ਆਪਣਾ ਭਵਿੱਖ ਖਤਰੇ ਵਿਚ ਜਾਂਦਾ ਦੇਖ ਉਕਤ ਵਿਦਿਆਰਥੀ ਪਿਛਲੇ 17 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਵਲੋਂ ਰਾਜ ਦੇ ਮੈਡੀਕਲ ਸਿੱਖਿਆ ਮੰਤਰੀ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੂੰ ਵੀ ਘੇਰਨ ਦਾ ਯਤਨ ਕੀਤਾ ਗਿਆ ਸੀ ਤਾਂ ਕਿ ਉਨ੍ਹਾਂ ਤੋਂ ਵੀ ਇਸ ਮਾਮਲੇ ਵਿਚ ਮਦਦ ਲਈ ਜਾ ਸਕੇ।
ਪੀੜਤ ਵਿਦਿਆਰਥੀਆਂ ਵਿਚ ਐੱਸ. ਸੀ. ਵਰਗ ਦੇ ਵਿਦਿਆਰਥੀ ਵੀ ਸ਼ਾਮਲ ਹੋਣ ਦੇ ਕਾਰਨ ਇਸ ਮਾਮਲੇ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਵਲੋਂ ਨੋਟਿਸ ਲਿਆ ਗਿਆ ਸੀ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਮਿਲ ਕੇ ਮਾਮਲੇ ਦੀ ਸੁਣਵਾਈ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਮਾਮਲੇ ਵਿਚ ਸੁਣਵਾਈ ਲਈ ਵੇਰਕਾ ਵਲੋਂ ਪੰਜਾਬ ਸਰਕਾਰ ਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਕੱਤਰ, ਬਾਬਾ ਫਰੀਦ ਯੂਨੀਵਰਸਿਟੀ ਦੇ ਵੀ. ਸੀ. ਤੇ ਐੱਮ. ਸੀ. ਆਈ. ਦੇ ਪ੍ਰਤੀਨਿਧ ਨੂੰ ਬੁਲਾਇਆ ਗਿਆ ਸੀ। 2 ਘੰਟੇ ਦੀ ਇਸ ਸੁਣਵਾਈ ਮਗਰੋਂ ਸਾਰੇ ਪੱਖਾਂ ਨੂੰ ਜਾਣਨ ਤੇ ਸਮਝਣ ਮਗਰੋਂ ਡਾ. ਰਾਜ ਕੁਮਾਰ ਵੇਰਕਾ ਨੇ ਐੱਮ. ਸੀ. ਆਈ. ਤੋਂ ਕਾਲਜ ਦੀ ਮਾਨਤਾ ਸਬੰਧੀ ਸਪੱਸ਼ਟੀਕਰਨ ਮੰਗਿਆ, ਜਿਸ 'ਤੇ ਐੱਮ. ਸੀ. ਆਈ. ਦੇ ਪ੍ਰਤੀਨਿਧ ਸ਼ਿਖਰ ਰੰਜਨ ਨੇ ਦੱਸਿਆ ਕਿ ਐੱਮ. ਸੀ. ਆਈ. ਕਿਸੇ ਵੀ ਕਾਲਜ ਨੂੰ ਮਾਨਤਾ ਉਦੋਂ ਦੇਵੇਗੀ, ਜਦੋਂ ਉਸ ਦਾ ਇੰਫਰਾਸਟ੍ਰਕਚਰ ਤੇ ਚੀਜ਼ਾ ਐੱਮ. ਸੀ. ਆਈ. ਦੇ ਮਾਪਦੰਡਾਂ ਅਨੁਸਾਰ ਹੋਣਗੀਆਂ ਤੇ ਉਨ੍ਹਾਂ ਦੀ ਜਾਂਚ ਲਈ ਐੱਮ. ਸੀ. ਆਈ. ਦੀ ਟੀਮ ਕਿਸੇ ਵੀ ਹਾਲਤ ਵਿਚ ਟਾਈਮ ਬਾਊਂਡ ਮੈਨਰ ਵਿਚ ਨਹੀਂ ਭੇਜੀ ਜਾ ਸਕਦੀ। ਐੱਮ. ਸੀ. ਆਈ. ਦੇ ਪ੍ਰਤੀਨਿਧ ਨੇ ਕਿਹਾ ਕਿ ਐੱਮ. ਸੀ. ਆਈ. ਦੀ ਟੀਮ ਅਚਾਨਕ ਨਿਰੀਖਣ ਕਰਦੀ ਹੈ ਤਾਂ ਕਿ ਸਥਿਤੀ ਦੀ ਸੱਚਾਈ ਦਾ ਪਤਾ ਲੱਗ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਐੱਸ. ਸੀ. ਕਮਿਸ਼ਨ ਦੀ ਚਿੰਤਾ ਨੂੰ ਐੱਮ. ਸੀ. ਆਈ. ਅਹੁਦੇਦਾਰਾਂ ਕੋਲ ਜ਼ਰੂਰ ਜ਼ਾਹਿਰ ਕਰਨਗੇ ਤੇ ਯਤਨ ਕੀਤਾ ਜਾਵੇਗਾ ਕਿ ਜਲਦੀ ਤੋਂ ਜਲਦੀ ਇੰਸਪੈਕਸ਼ਨ ਤੇ ਮਾਨਤਾ 'ਤੇ ਫੈਸਲਾ ਕੀਤਾ ਜਾ ਸਕੇ।
ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY