ਗੌਤਮ ਬੁੱਧ ਆਮ ਲੋਕਾਂ ਦਾ ਆਤਮ ਵਿਸ਼ਵਾਸ ਵਧਾਉਣ ਲਈ ਉਨ੍ਹਾਂ ਦਾ ਸੱਦਾ ਬੇਝਿਜਕ ਸਵੀਕਾਰ ਕਰ ਲੈਂਦੇ ਸਨ। ਇਕ ਵਾਰ ਇਕ ਕਿਸਾਨ ਨੇ ਉਨ੍ਹਾਂ ਨੂੰ ਆਪਣੇ ਪਿੰਡ ਆਉਣ ਦਾ ਸੱਦਾ ਦਿੱਤਾ। ਬੁੱਧ ਨੇ ਹਾਮੀ ਭਰ ਦਿੱਤੀ। ਉਹ ਵੇਲੇ ਸਿਰ ਕਿਸਾਨ ਦੇ ਪਿੰਡ ਪਹੁੰਚ ਗਏ। ਉਥੇ ਲੋਕਾਂ ਨੂੰ ਪਤਾ ਸੀ ਕਿ ਗੌਤਮ ਬੁੱਧ ਆਉਣ ਵਾਲੇ ਹਨ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਪ੍ਰਵਚਨਾਂ ਦਾ ਆਯੋਜਨ ਕੀਤਾ ਹੋਇਆ ਸੀ। ਬੁੱਧ ਪ੍ਰਵਚਨ ਦੇਣ ਲੱਗੇ ਪਰ ਉਸੇ ਵੇਲੇ ਕਿਸਾਨ ਦਾ ਬਲਦ ਬੀਮਾਰ ਹੋ ਗਿਆ। ਉਸ ਨੂੰ ਬਲਦ ਦੀ ਸੇਵਾ 'ਚ ਲੱਗਣਾ ਪਿਆ। ਉਹ ਉਸ ਦੇ ਲਈ ਜੜ੍ਹੀ-ਬੂਟੀ ਦਾ ਪ੍ਰਬੰਧ ਕਰਨ ਲੱਗਾ। ਨਾਲ ਹੀ ਉਸ ਨੂੰ ਬੁੱਧ ਦੇ ਪ੍ਰਵਚਨਾਂ 'ਚ ਨਾ ਪਹੁੰਚ ਸਕਣ ਦਾ ਫਿਕਰ ਵੀ ਸੀ।
ਉਲਝਣ ਦੇ ਬਾਵਜੂਦ ਉਹ ਆਪਣੇ ਬਲਦ ਦੀ ਦੇਖਭਾਲ ਵਿਚ ਲੱਗਿਆ ਰਿਹਾ। ਇਸ ਦਾ ਚੰਗਾ ਅਸਰ ਹੋਇਆ ਅਤੇ ਬਲਦ ਦੀ ਜਾਨ ਬਚ ਗਈ। ਬਲਦ ਦੇ ਇਲਾਜ ਤੋਂ ਬਾਅਦ ਉਹ ਪ੍ਰਵਚਨ ਸਭਾ ਵਿਚ ਪਹੁੰਚਿਆ। ਉਸ ਵੇਲੇ ਤਕ ਪ੍ਰਵਚਨ ਹੋ ਚੁੱਕੇ ਸਨ। ਕਿਸਾਨ ਨੂੰ ਅਖੀਰ 'ਚ ਪਹੁੰਚਦਾ ਦੇਖ ਕੇ ਲੋਕ ਬੁੱਧ ਨੂੰ ਕਿਸਾਨ ਦੀ ਸ਼ਿਕਾਇਤ ਕਰਦਿਆਂ ਕਹਿਣ ਲੱਗੇ,''ਦੇਖੋ, ਉਹ ਕਿੰਨਾ ਸਵਾਰਥੀ ਹੈ। ਤੁਹਾਡੇ ਪ੍ਰਵਚਨਾਂ ਦਾ ਆਯੋਜਨ ਕਰ ਕੇ ਖੁਦ ਹੀ ਗਾਇਬ ਰਿਹਾ।'' ਇਸ 'ਤੇ ਕਿਸਾਨ ਨੇ ਹੱਥ ਜੋੜਦਿਆਂ ਆਪਣੀ ਵਿਪਦਾ ਬੁੱਧ ਨੂੰ ਸੁਣਾ ਦਿੱਤੀ। ਸਾਰੀ ਗੱਲ ਸੁਣਨ ਤੋਂ ਬਾਅਦ ਬੁੱਧ ਬੋਲੇ,''ਇਸ ਨੇ ਪ੍ਰਵਚਨ ਸੁਣਨ ਦੀ ਜਗ੍ਹਾ ਆਪਣੀ ਜ਼ਿੰਮੇਵਾਰੀ ਨੂੰ ਅਹਿਮੀਅਤ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਮੇਰੇ ਵਿਚਾਰ ਦੇ ਮੂਲ ਤੱਤ ਨੂੰ ਸਮਝਦਾ ਹੈ। ਜੇ ਬਲਦ ਮਰ ਜਾਂਦਾ ਤਾਂ ਕਿਸਾਨ ਵਲੋਂ ਪ੍ਰਵਚਨ ਸੁਣਨਾ ਵਿਅਰਥ ਹੋ ਜਾਂਦਾ। ਫਿਰ ਮੇਰੇ ਪ੍ਰਵਚਨਾਂ ਦੀ ਵੀ ਕੋਈ ਕੀਮਤ ਨਾ ਰਹਿੰਦੀ। ਗਿਆਨ ਪ੍ਰਾਪਤੀ ਤੋਂ ਭਾਵ ਜੀਵਨ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ, ਸਗੋਂ ਉਨ੍ਹਾਂ ਨੂੰ ਢੰਗ ਨਾਲ ਸਮਝਣਾ ਅਤੇ ਨਿਭਾਉਣਾ ਹੈ। ਹਰ ਵੇਲੇ ਵਿਅਕਤੀ ਨੂੰ ਆਪਣੇ ਦਿਮਾਗ ਤੋਂ ਹੀ ਕੰਮ ਲੈਣਾ ਚਾਹੀਦਾ ਹੈ।'' ਸਾਰੇ ਲੋਕ ਉਨ੍ਹਾਂ ਦੇ ਪ੍ਰਵਚਨਾਂ ਦਾ ਸਹੀ ਅਰਥ ਸਮਝ ਗਏ।
ਮੌਨ ਰਹਿਣਾ ਹੀ ਸ੍ਰੇਸ਼ਠ ਹੈ
NEXT STORY