ਦੁਨੀਆ ਵਿਚ ਮਨੁੱਖ ਨੂੰ ਹੋਰਨਾਂ ਜੀਵਾਂ ਦੇ ਮੁਕਾਬਲੇ ਦਿਮਾਗ ਤੇ ਸੰਜਮ ਦੀ ਅਥਾਹ ਸ਼ਕਤੀ ਹਾਸਲ ਹੈ। ਇਸ ਦੇ ਨਤੀਜੇ ਵਜੋਂ ਉਸ ਵਿਚ ਹੰਕਾਰ ਦੀ ਭਾਵਨਾ ਵੀ ਬਹੁਤ ਹੈ। ਆਪਣੀ ਸ੍ਰੇਸ਼ਠਤਾ ਸਾਬਿਤ ਕਰਨ ਲਈ ਉਸ ਨੂੰ ਬਾਣੀ ਦੇ ਰੂਪ 'ਚ ਇਕ ਅਜਿਹਾ ਹਥਿਆਰ ਮਿਲਿਆ ਹੈ ਜਿਸ ਦੀ ਵਰਤੋਂ ਕਰਦਿਆਂ ਉਹ ਕਦੇ ਨਹੀਂ ਥੱਕਦਾ। ਸੱਚ ਗੱਲ ਤਾਂ ਇਹ ਹੈ ਕਿ ਜ਼ੁਬਾਨ ਦੇ ਨਾਲ ਕੰਨ ਵੀ ਉਸ ਨੂੰ ਸੁਣਨ ਲਈ ਮਿਲੇ ਹਨ ਪਰ ਬਹੁਤ ਘੱਟ ਲੋਕ ਇਨ੍ਹਾਂ ਦੀ ਸਾਰਥਕ ਵਰਤੋਂ ਕਰਦੇ ਹਨ। ਕਿਤੇ ਤੁਸੀਂ ਆਪਣੇ ਖੇਤ ਦੀ ਗੱਲ ਕਰਦੇ ਹੋ ਤਾਂ ਦੂਜਾ ਵੀ ਆਪਣੇ ਖੇਤ ਦੀ ਕਹਾਣੀ ਸੁਣਾਉਣ ਲੱਗੇਗਾ। ਤੁਸੀਂ ਆਪਣੇ ਕਾਰੋਬਾਰ ਦੀ ਚਰਚਾ ਕਰਦੇ ਹੋ ਤਾਂ ਦੂਜਾ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਆਪਣੀ ਕਹਿਣ ਲੱਗੇਗਾ। ਆਪਣੀ ਗੱਲ ਨੂੰ ਜ਼ੋਰ ਨਾਲ ਕਹਿਣ ਦੇ ਆਦੀ ਮਨੁੱਖਾਂ ਵਿਚਕਾਰ ਬੈਠ ਕੇ ਮੌਨ ਰਹਿਣਾ ਕਾਫੀ ਮੁਸ਼ਕਿਲ ਹੁੰਦਾ ਹੈ। ਚਾਣੱਕਿਆ ਕਹਿੰਦੇ ਹਨ—''ਜੋ ਮਨੁੱਖ ਇਕ ਸਾਲ ਤਕ ਮੌਨ ਰਹਿ ਕੇ ਬਿਨਾਂ ਬੋਲੇ ਭੋਜਨ ਕਰਦਾ ਹੈ, ਉਹ ਜ਼ਰੂਰ ਹੀ ਜ਼ਿੰਦਗੀ ਵਿਚ ਮਾਣ-ਸਨਮਾਨ ਹਾਸਿਲ ਕਰਨ ਤੋਂ ਇਲਾਵਾ ਬਾਅਦ 'ਚ ਵੀ ਸਵਰਗ ਭੋਗਦਾ ਹੈ।'' ਆਧੁਨਿਕ ਡਾਕਟਰ ਕਹਿੰਦੇ ਹਨ ਕਿ ਭੋਜਨ ਕਰਨ ਵੇਲੇ ਮੌਨ ਰਹਿਣਾ ਚਾਹੀਦਾ ਹੈ। ਇਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਹਾਲਾਂਕਿ ਚਾਣੱਕਿਆ ਮੰਨਦੇ ਹਨ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਇਕ ਸਾਲ ਮੌਨ ਵੀ ਰੱਖਣਾ ਚਾਹੀਦਾ ਹੈ ਪਰ ਅਸੀਂ ਮੰਨਦੇ ਹਾਂ ਕਿ ਜੇ ਇਹ ਸੰਭਵ ਨਾ ਹੋਵੇ ਤਾਂ ਘੱਟੋ-ਘੱਟ ਭੋਜਨ, ਇਸ਼ਨਾਨ ਜਾਂ ਕੋਈ ਹੋਰ ਕੰਮ ਕਰਨ ਵੇਲੇ ਜਿਥੋਂ ਤਕ ਹੋ ਸਕੇ, ਆਪਣੀਆਂ ਇੰਦਰੀਆਂ ਦੀ ਸ਼ਕਤੀ ਵਧਾਉਣ ਲਈ ਮੌਨ ਰਹਿਣਾ ਹੀ ਫਾਇਦੇਮੰਦ ਹੈ। ਕੁਝ ਵਿਦਵਾਨ ਤਾਂ ਇਹ ਵੀ ਮੰਨਦੇ ਹਨ ਕਿ ਜ਼ਿੰਦਗੀ ਵਿਚ ਜਿੰਨਾ ਮੌਨ ਰਿਹਾ ਜਾਵੇ, ਓਨੀ ਹੀ ਸ਼ਕਤੀ ਦੀ ਘੱਟ ਬਰਬਾਦੀ ਹੁੰਦੀ ਹੈ, ਜਿਸ ਨਾਲ ਸਿਰਜਣਾਤਮਕ ਕੰਮ ਕਰਨ ਵਿਚ ਆਸਾਨੀ ਹੁੰਦੀ ਹੈ।