* ਸ਼ਿਵ ਸੈਨਾ ਅਤੇ ਕਾਂਗਰਸ ਨੇ ਕੀਤਾ ਡਟ ਕੇ ਵਿਰੋਧ, ਵਿਧਾਨ ਸਭਾ 'ਚ ਹੰਗਾਮਾ, ਰਾਜਪਾਲ ਦਾ ਘਿਰਾਓ, 'ਵਾਪਸ ਜਾਓ' ਦੇ ਨਾਅਰੇ ਲਾਏ
ਮੁੰਬਈ — ਮਹਾਰਾਸ਼ਟਰ ਵਿਧਾਨ ਸਭਾ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੀ ਘੱਟ ਗਿਣਤੀ ਸਰਕਾਰ ਨੇ ਜ਼ੁਬਾਨੀ ਵੋਟਾਂ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ।
ਭਾਜਪਾ ਦੇ ਵਿਧਾਇਕ ਅਸ਼ੀਸ਼ ਸ਼ੇਲਾਰ ਨੇ ਭਰੋਸੇ ਦੇ ਵੋਟ ਦਾ ਮਤਾ ਅੱਜ ਸਦਨ ਵਿਚ ਰੱਖਿਆ, ਜਿਸਨੂੰ ਜ਼ੁਬਾਨੀ ਵੋਟਾਂ ਨਾਲ ਸਵੀਕਾਰ ਕਰ ਲਿਆ ਗਿਆ। ਸ਼ਿਵ ਸੈਨਾ ਨੇ ਇਸ ਦਾ ਵਿਰੋਧ ਕਰਦੇ ਹੋਏ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਸੀ ਪਰ ਵਿਧਾਨ ਸਭਾ ਸਪੀਕਰ ਹਰੀਭਾਊ ਬਾਗੜੇ ਨੇ ਸ਼ਿਵ ਸੈਨਾ ਦੀ ਇਸ ਮੰਗ ਨੂੰ ਸਵੀਕਾਰ ਨਹੀਂ ਕੀਤਾ। ਇਸ ਮੌਕੇ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਚੁਣ ਲਿਆ ਗਿਆ। ਭਰੋਸੇ ਦਾ ਵੋਟ ਹਾਸਲ ਕਰਨ ਤੋਂ ਬਾਅਦ ਹੁਣ 6 ਮਹੀਨੇ ਤੱਕ ਦੇਵੇਂਦਰ ਫੜਨਵੀਸ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।
ਮਹਾਰਾਸ਼ਟਰ ਵਿਧਾਨ ਸਭਾ ਵਿਚ ਭਾਜਪਾ ਵਲੋਂ ਭਰੋਸੇ ਦਾ ਵੋਟ ਹਾਸਲ ਕਰਨ ਸੰਬੰਧੀ ਸ਼ਿਵ ਸੈਨਾ ਵਲੋਂ ਕੀਤੇ ਗਏ ਇਤਰਾਜ਼ ਸੰਬੰਧੀ ਸਪੱਸ਼ਟ ਕਰਦੇ ਹੋਏ ਵਿਧਾਨ ਸਭਾ ਸਪੀਕਰ ਹਰੀਭਾਊ ਬਾਗੜੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਦਨ ਵਿਚ ਭਾਜਪਾ ਨੇ ਆਪਣਾ ਬਹੁਮਤ ਨਿਯਮ ਅਨੁਸਾਰ ਸਿੱਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਬਹੁਮਤ ਸਿੱਧ ਕਰਨ ਲਈ ਕਿਹਾ ਗਿਆ ਅਤੇ ਉਸ ਤੋਂ ਬਾਅਦ ਵਿਰੋਧੀ ਧਿਰ ਦਾ ਨੇਤਾ ਚੁਣਨ ਲਈ ਆਖਿਆ ਗਿਆ ਸੀ ਕਿਉਂਕਿ ਜਦੋਂ ਤੱਕ ਸਰਕਾਰ ਨਹੀਂ ਬਣਦੀ, ਉਦੋਂ ਤੱਕ ਵਿਰੋਧੀ ਧਿਰ ਦਾ ਨੇਤਾ ਵੀ ਨਹੀਂ ਸੀ ਚੁਣਿਆ ਜਾ ਸਕਦਾ।
ਭਾਜਪਾ ਦੇ ਸਿੱਖਿਆ ਮੰਤਰੀ ਵਿਨੋਦ ਤਾਬੜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਭਾਜਪਾ ਦੇ ਹਰੀਭਾਊ ਨੂੰ ਨਿਰਵਿਰੋਧ ਸਪੀਕਰ ਚੁਣਿਆ ਗਿਆ ਅਤੇ ਉਸ ਤੋਂ ਬਾਅਦ ਹੀ ਸਰਕਾਰ ਦੇ ਭਰੋਸੇ ਦੇ ਵੋਟ ਦੀ ਗੱਲ ਕੀਤੀ ਗਈ ਕਿਉਂਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਸਪੀਕਰ ਨੂੰ ਇਹ ਨਹੀਂ ਪਤਾ ਸੀ ਕਿ ਬਹੁਮਤ ਸਿੱਧ ਕਰਨ ਵੇਲੇ ਭਾਜਪਾ ਦੇ ਪੱਖ ਜਾਂ ਵਿਰੋਧ ਵਿਚ ਕਿਹੜੀ-ਕਿਹੜੀ ਪਾਰਟੀ ਹੈ, ਇਸ ਲਈ ਵਿਰੋਧੀ ਧਿਰ ਦਾ ਆਗੂ ਚੁਣਨ ਦੀ ਪ੍ਰਕਿਰਿਆ ਨੂੰ ਬਹੁਮਤ ਸਿੱਧ ਕਰਨ ਤੋਂ ਬਾਅਦ ਮੁਕੰਮਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਪੀਕਰ ਨੇ ਜੋ ਵੀ ਫੈਸਲਾ ਕੀਤਾ ਹੈ, ਉਹ ਕਾਨੂੰਨ ਅਨੁਸਾਰ ਹੈ ਅਤੇ ਸਦਨ ਵਿਚ ਇਕ-ਇਕ ਪਲ ਦੀ ਰਿਕਾਰਡਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਇਹ ਜਾਣਕਾਰੀ ਹੀ ਨਹੀਂ ਸੀ ਕਿ ਜਦੋਂ ਸਪੀਕਰ ਸਰਕਾਰ ਦੇ ਅਨੁਕੂਲ ਅਤੇ ਪ੍ਰਤੀਕੂਲ, ਪੱਖ ਅਤੇ ਵਿਰੋਧ ਵਿਚ ਹੋਣ ਦੀ ਗੱਲ ਕਰਦੇ ਹਨ ਤਾਂ ਉਸੇ ਵੇਲੇ ਪੋਲ-ਪੋਲ ਆਖ ਕੇ ਸਪੀਕਰ ਕੋਲੋਂ ਵੋਟਿੰਗ ਦੀ ਮੰਗ ਕੀਤੀ ਜਾਂਦੀ ਹੈ।
ਭਰੋਸੇ ਦਾ ਵੋਟ ਹਾਸਲ ਕਰਨ ਦਾ ਤਰੀਕਾ ਗੈਰ-ਲੋਕਰਾਜੀ : ਸ਼ਿਵ ਸੈਨਾ—ਕਾਂਗਰਸ ਅਤੇ ਸ਼ਿਵ ਸੈਨਾ ਨੇ ਅੱਜ ਵਿਧਾਨ ਸਭਾ ਵਿਚ ਮਹਾਰਾਸ਼ਟਰ ਦੀ ਘੱਟ ਗਿਣਤੀ ਭਾਜਪਾ ਸਰਕਾਰ ਵਲੋਂ ਭਰੋਸੇ ਦਾ ਵੋਟ ਹਾਸਲ ਕਰਨ ਦੇ ਤਰੀਕੇ ਨੂੰ ਗੈਰ-ਲੋਕਰਾਜੀ ਦੱਸਦੇ ਹੋਏ ਇਸਦੀ ਸਖ਼ਤ ਆਲੋਚਨਾ ਕੀਤੀ। ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਆਗੂ ਰਾਮ ਦਾਸ ਕਦਮ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪ੍ਰਕਿਰਿਆ 'ਤੇ ਨਾ ਚਲ ਕੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਨਾਲ ਗੱਲ ਕਰਾਂਗੇ ਅਤੇ ਵਿਧਾਨ ਸਭਾ ਸਪੀਕਰ ਹਰੀਭਾਊ ਬਾਗੜੇ ਵਿਰੁੱਧ ਮਤਾ ਲਿਆਵਾਂਗੇ। ਇਸ ਤੋਂ ਪਹਿਲਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਭਰੋਸੇ ਦਾ ਵੋਟ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਅਤੇ ਜ਼ੁਬਾਨੀ ਵੋਟਾਂ ਨਾਲ ਭਰੋਸੇ ਦਾ ਵੋਟ ਹਾਸਲ ਕਰਨ ਲਈ ਪ੍ਰਕਿਰਿਆ ਦੀ ਸਖ਼ਤ ਆਲੋਚਨਾ ਕੀਤੀ। ਕਾਂਗਰਸ ਦੇ ਆਗੂ ਮਾਨਿਕਰਾਵ ਠਾਕਰੇ ਨੇ ਇਸਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ।
ਭਾਜਪਾ ਦੇ ਹਰੀਭਾਊ ਬਾਗੜੇ ਸਰਬਸੰਮਤੀ ਨਾਲ ਮਹਾਰਾਸ਼ਟਰ ਵਿਧਾਨ ਸਭਾ ਦੇ ਚੁਣੇ ਗਏ ਸਪੀਕਰ : ਸੀਨੀਅਰ ਭਾਜਪਾ ਵਿਧਾਇਕ ਹਰੀਭਾਊ ਬਾਗੜੇ ਅੱਜ ਸਰਬਸੰਮਤੀ ਨਾਲ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਚੁਣ ਲਏ ਗਏ। ਨਵ-ਗਠਿਤ ਮਹਾਰਾਸ਼ਟਰ ਵਿਧਾਨ ਸਭਾ ਵਿਚ ਬਾਗੜੇ ਦੇ ਨਾਂ ਦਾ ਐਲਾਨ ਕਾਰਜਕਾਰੀ ਸਪੀਕਰ ਜੀਵਾਪਾਂਡੂ ਗਾਵਿਤ ਨੇ ਕੀਤਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਰਾਕਾਂਪਾ ਆਗੂ ਅਜੀਤ ਪਵਾਰ, ਕਾਂਗਰਸੀ ਆਗੂ ਰਾਧਾ ਕ੍ਰਿਸ਼ਨ ਵਿਖੇ ਪਾਟਿਲ, ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਅਤੇ ਪੀ. ਡਬਲਯੂ. ਪੀ. ਦੇ ਸੀਨੀਅਰ ਵਿਧਾਇਕ ਗਣਪਾਤਰ ਦੇਸ਼ਮੁੱਖ ਔਰੰਗਾਬਾਦ ਜ਼ਿਲੇ ਦੇ ਫੁਲਮਭਾਰੀ ਤੋਂ ਵਿਧਾਇਕ ਸ਼੍ਰੀ ਬਾਗੜੇ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਕੇ ਗਏ।
ਹੇਠਲੇ ਸਦਨ ਦੀ ਸਰਬਉੱਚ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਸਪੀਕਰ ਦੀ ਨਿਰਵਿਰੋਧ ਚੋਣ ਉਤੇ ਫੜਨਵੀਸ ਨੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ ਅਤੇ ਬਾਗੜੇ ਨੂੰ ਜ਼ਮੀਨ ਨਾਲ ਜੁੜਿਆ ਵਰਕਰ ਦੱਸਿਆ, ਜਿਨ੍ਹਾਂ ਨੇ ਭਾਜਪਾ ਵਿਚ ਕਈ ਅਹਿਮ ਅਹੁਦਿਆਂ ਨੂੰ ਸੰਭਾਲਿਆ ਅਤੇ 1995 ਵਿਚ ਸ਼ਿਵ ਸੈਨਾ-ਭਾਜਪਾ ਸਰਕਾਰ ਵਿਚ ਵੀ ਰਹੇ। ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਨੇ ਕਿਹਾ ਕਿ ਪਾਰਟੀ ਮੁਖੀ ਊਧਵ ਠਾਕਰੇ ਦੇ ਫੈਸਲੇ ਤੋਂ ਬਾਅਦ ਪਾਰਟੀ ਨੇ ਸਪੀਕਰ ਦੇ ਅਹੁਦੇ ਦੇ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ। ਰਾਕਾਂਪਾ ਵਲੋਂ ਹਮਾਇਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਵਰਸ਼ਾ ਗਾਇਕਵਾੜ ਨੇ ਵੀ ਸਪੀਕਰ ਦੇ ਅਹੁਦੇ ਦੀ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈ ਲਿਆ।
ਦੁੱਧ ਧੋਤੇ ਪ੍ਰਭੂ?
NEXT STORY