ਨੂਰਪੁਰਬੇਦੀ (ਭੰਡਾਰੀ) - ਗੁਰੂਘਰ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ, ਇਸ ਲਈ ਹਰੇਕ ਗੁਰੂ ਦੇ ਪਿਆਰੇ ਨੂੰ ਗੁਰੂਘਰ ਦੇ ਨਿਰਮਾਣ, ਲੰਗਰ ਜਾਂ ਪੁਨਰ ਉਸਾਰੀ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਨਾਲ ਜਿਥੇ ਮਨੁੱਖ ਨੂੰ ਮੁਕਤੀ ਦਾ ਰਸਤਾ ਪ੍ਰਾਪਤ ਹੁੰਦਾ ਹੈ, ਉਥੇ ਹੀ ਉਸ ਨੂੰ ਗੁਰੂਆਂ ਦਾ ਆਸ਼ੀਰਵਾਦ ਤੇ ਜ਼ਿੰਦਗੀ ਦੀ ਹਰ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਉਕਤ ਵਿਚਾਰ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਨੇ ਪਿੰਡ ਸੰਦੋਆ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਦੇ ਸਨਮੁੱਖ ਪ੍ਰਗਟਾਏ। ਉਨ੍ਹਾਂ ਸੰਗਤਾਂ ਨੂੰ ਉਪਦੇਸ਼ ਦਿੰਦਿਆ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣ ਦੇ ਨਾਲ ਹੀ ਅਸੀਂ ਸੱਚੇ ਤੇ ਪੱਕੇ ਗੁਰਮੁੱਖ ਬਣ ਸਕਦੇ ਹਾਂ ਅਤੇ ਜੋ ਪ੍ਰਾਣੀ ਗੁਰੂਆਂ ਦੇ ਵਚਨਾਂ ਤੋਂ ਉਲਟ ਚੱਲਦਾ ਹੈ, ਉਹ ਹਮੇਸ਼ਾ ਹੀ ਦੁੱਖ ਪ੍ਰਾਪਤ ਕਰਦਾ ਹੈ। ਇਸ ਲਈ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਆਰੰਭੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਠੀ ਸੁਰਜੀਤ ਸਿੰਘ ਨੇ ਪਾਏ। ਇਸ ਮੌਕੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ 'ਚ ਸ਼ਾਮਿਲ ਬਾਬਾ ਸਰੂਪ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਬਲਵੀਰ ਸਿੰਘ ਤੇ ਬਾਬਾ ਦਿਲਬਾਗ ਸਿੰਘ ਤੋਂ ਇਲਾਵਾ ਖੁਸ਼ਹਾਲ ਸਿੰਘ ਪਟਵਾਰੀ, ਡਾ. ਸੁਰਿੰਦਰ ਸਿੰਘ, ਸਾਬਕਾ ਸਰਪੰਚ ਬੱਗਾ ਰਾਮ, ਸਵਰਨ ਸਿੰਘ, ਕਰਨੈਲ ਸਿੰਘ, ਜਸਵਿੰਦਰ ਸਿੰਘ, ਚੰਨਣ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ ਸਹਿਤ ਭਾਰੀ ਸੰਖਿਆ 'ਚ ਸੰਗਤਾਂ ਤੇ ਪਿੰਡ ਵਾਸੀ ਹਾਜ਼ਰ ਸਨ।