ਆਸਫ-ਉਦ-ਦੌਲਾ ਇਕ ਨੇਕ ਬਾਦਸ਼ਾਹ ਸੀ। ਜੋ ਵੀ ਉਸ ਦੇ ਸਾਹਮਣੇ ਹੱਥ ਫੈਲਾਉਂਦਾ, ਉਹ ਉਸ ਦੀ ਝੋਲੀ ਭਰ ਦਿੰਦਾ ਸੀ। ਇਕ ਦਿਨ ਉਸ ਨੇ ਇਕ ਫਕੀਰ ਨੂੰ ਗਾਉਂਦੇ ਸੁਣਿਆ—ਜਿਸ ਕੋ ਨਾ ਦੇ ਮੌਲਾ, ਉਸੇ ਦੇ ਆਸਫ-ਉਦ-ਦੌਲਾ। ਬਾਦਸ਼ਾਹ ਖੁਸ਼ ਹੋਇਆ। ਉਸ ਨੇ ਫਕੀਰ ਨੂੰ ਬੁਲਾ ਕੇ ਇਕ ਵੱਡਾ ਤਰਬੂਜ਼ ਦਿੱਤਾ। ਫਕੀਰ ਨੇ ਤਰਬੂਜ਼ ਲੈ ਲਿਆ ਪਰ ਉਹ ਦੁਖੀ ਸੀ। ਉਸ ਨੇ ਸੋਚਿਆ ਕਿ ਤਰਬੂਜ਼ ਤਾਂ ਕਿਤੇ ਵੀ ਮਿਲ ਜਾਵੇਗਾ, ਬਾਦਸ਼ਾਹ ਨੂੰ ਕੋਈ ਕੀਮਤੀ ਚੀਜ਼ ਦੇਣੀ ਚਾਹੀਦੀ ਹੈ। ਥੋੜ੍ਹੀ ਦੇਰ ਬਾਅਦ ਇਕ ਹੋਰ ਫਕੀਰ ਗਾਉਂਦਾ ਹੋਇਆ ਬਾਦਸ਼ਾਹ ਲਾਗਿਓਂ ਲੰਘਿਆ। ਉਸ ਦੇ ਬੋਲ ਸਨ—ਮੌਲਾ ਦਿਲਵਾਏ ਤੋ ਮਿਲ ਜਾਏ, ਮੌਲਾ ਦਿਲਵਾਏ ਤੋ ਮਿਲ ਜਾਏ। ਆਸਫ-ਉਦ-ਦੌਲਾ ਨੂੰ ਚੰਗਾ ਨਹੀਂ ਲੱਗਾ। ਉਸ ਨੇ ਫਕੀਰ ਨੂੰ ਬੇਮਨ ਨਾਲ 2 ਆਨੇ ਦਿੱਤੇ। ਫਕੀਰ ਨੇ 2 ਆਨੇ ਲਏ ਅਤੇ ਝੂਮਦਾ ਹੋਇਆ ਚੱਲ ਪਿਆ। ਦੋਵੇਂ ਫਕੀਰ ਰਸਤੇ ਵਿਚ ਮਿਲੇ।
ਉਨ੍ਹਾਂ ਇਕ-ਦੂਜੇ ਨੂੰ ਪੁੱਛਿਆ,''ਬਾਦਸ਼ਾਹ ਨੇ ਕੀ ਦਿੱਤਾ?''
ਪਹਿਲੇ ਨੇ ਨਿਰਾਸ਼ ਆਵਾਜ਼ ਵਿਚ ਕਿਹਾ,''ਸਿਰਫ ਇਹ ਤਰਬੂਜ਼ ਮਿਲਿਆ ਹੈ।''
ਦੂਜੇ ਨੇ ਖੁਸ਼ ਹੋ ਕੇ ਦੱਸਿਆ,''ਮੈਨੂੰ 2 ਆਨੇ ਮਿਲੇ ਹਨ।''
ਪਹਿਲੇ ਫਕੀਰ ਨੇ ਕਿਹਾ,''ਤੂੰ ਹੀ ਫਾਇਦੇ 'ਚ ਰਿਹਾ ਭਰਾ।''
ਦੂਜਾ ਫਕੀਰ ਬੋਲਿਆ,''ਜੋ ਰੱਬ ਨੇ ਦਿੱਤਾ, ਠੀਕ ਹੈ।''
ਪਹਿਲੇ ਫਕੀਰ ਨੇ ਉਹ ਤਰਬੂਜ਼ ਦੂਜੇ ਫਕੀਰ ਨੂੰ 2 ਆਨਿਆਂ ਵਿਚ ਵੇਚ ਦਿੱਤਾ। ਦੂਜਾ ਫਕੀਰ ਤਰਬੂਜ਼ ਲੈ ਕੇ ਬਹੁਤ ਖੁਸ਼ ਹੋਇਆ। ਉਸ ਨੇ ਤਰਬੂਜ਼ ਕੱਟਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਵਿਚ ਹੀਰੇ-ਜਵਾਹਰਾਤ ਭਰੇ ਸਨ। ਕੁਝ ਦਿਨ ਬਾਅਦ ਪਹਿਲਾ ਫਕੀਰ ਫਿਰ ਆਸਫ-ਉਦ-ਦੌਲਾ ਕੋਲ ਖੈਰਾਤ ਮੰਗਣ ਗਿਆ।
ਬਾਦਸ਼ਾਹ ਨੇ ਫਕੀਰ ਨੂੰ ਪਛਾਣ ਲਿਆ। ਉਹ ਬੋਲਿਆ,''ਤੂੰ ਅਜੇ ਵੀ ਮੰਗਦਾ ਏਂ? ਉਸ ਦਿਨ ਤਰਬੂਜ਼ ਦਿੱਤਾ ਸੀ, ਉਹ ਕਿਹੋ ਜਿਹਾ ਨਿਕਲਿਆ?''
ਫਕੀਰ ਨੇ ਕਿਹਾ,''ਮੈਂ ਉਹ 2 ਆਨਿਆਂ ਵਿਚ ਵੇਚ ਦਿੱਤਾ।''
ਬਾਦਸ਼ਾਹ ਨੇ ਕਿਹਾ,''ਭਲੇ ਆਦਮੀ, ਉਸ ਵਿਚ ਮੈਂ ਤੇਰੇ ਲਈ ਹੀਰੇ-ਜਵਾਹਰਾਤ ਭਰੇ ਸਨ ਪਰ ਤੂੰ ਉਹ ਵੇਚ ਦਿੱਤਾ। ਤੇਰੀ ਸਭ ਤੋਂ ਵੱਡੀ ਕਮਜ਼ੋਰੀ ਇਹੋ ਹੈ ਕਿ ਤੇਰੇ ਕੋਲ ਸੰਤੁਸ਼ਟੀ ਨਹੀਂ ਹੈ। ਜੇ ਤੂੰ ਸੰਤੁਸ਼ਟ ਰਹਿਣ ਸਿੱਖਿਆ ਹੁੰਦਾ ਤਾਂ ਤੈਨੂੰ ਉਹ ਸਭ ਕੁਝ ਮਿਲ ਜਾਂਦਾ, ਜੋ ਤੂੰ ਸੋਚਿਆ ਵੀ ਨਹੀਂ ਸੀ ਪਰ ਤੈਨੂੰ ਤਰਬੂਜ਼ ਨਾਲ ਸੰਤੁਸ਼ਟੀ ਨਹੀਂ ਹੋਈ। ਤੂੰ ਹੋਰ ਦੀ ਆਸ ਰੱਖਣ ਲੱਗਾ, ਜਦੋਂਕਿ ਤੇਰੇ ਬਾਅਦ ਆਉਣ ਵਾਲੇ ਫਕੀਰ ਨੂੰ ਸੰਤੁਸ਼ਟੀ ਦਾ ਪੁਰਸਕਾਰ ਮਿਲਿਆ।''
ਗੁਰੂ ਘਰ ਦੀ ਸੇਵਾ, ਸਭ ਤੋਂ ਉੱਤਮ ਸੇਵਾ
NEXT STORY