ਚੰਡੀਗੜ੍ਹ, (ਬਰਜਿੰਦਰ)- ਰਾਸ਼ਟਰੀ ਉਪਭੋਗਤਾ ਕਮਿਸ਼ਨ ਦੀ ਚੰਡੀਗੜ੍ਹ ਵਿਚ ਵਿਸ਼ੇਸ਼ ਸਰਕਿਟ ਬੈਂਚ ਵਿਚ ਸੋਮਵਾਰ ਨੂੰ ਅਨੁਪਮਾ ਤੇ ਸੁਮਨ ਦੇ ਕੇਸ ਦੀ ਸੁਣਵਾਈ ਹੋਈ। ਇੱਥੇ ਜਸਟਿਸ ਵੀ. ਬੀ. ਗੁਪਤਾ ਤੇ ਮੈਂਬਰ ਵਿਨਯ ਕੁਮਾਰ ਨੇ ਇਨ੍ਹਾਂ ਅਹਿਮ ਕੇਸਾਂ ਦੀ ਸੁਣਵਾਈ ਕੀਤੀ। ਅਨੁਪਮਾ ਕੇਸ ਵਿਚ ਪੀ. ਜੀ. ਆਈ. ਵਲੋਂ ਪ੍ਰਾਰਥਨਾ ਕਰਦਿਆਂ ਇਸ ਕੇਸ ਦੀ ਸੁਣਵਾਈ ਨੂੰ ਪੈਂਡਿੰਗ ਕੀਤੇ ਜਾਣ ਦੀ ਮੰਗ ਕੀਤੀ ਗਈ। ਕਿਹਾ ਗਿਆ ਕਿ ਇਸ ਨੂੰ ਦਿੱਲੀ ਦੀ ਪ੍ਰਿੰਸੀਪਲ ਬੈਂਚ ਦੇ ਸਾਹਮਣੇ ਸੁਣਿਆ ਜਾਵੇ। ਅਨੁਪਮਾ ਦੇ ਵਕੀਲ ਪੰਕਜ ਚਾਂਦਗੋਠੀਆ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਸ ਚੰਡੀਗੜ੍ਹ ਨਾਲ ਸਬੰਧਤ ਹੈ ਤੇ ਵਿਸ਼ੇਸ਼ ਸਰਕਿਟ ਬੈਂਚ ਦਾ ਉਦੇਸ਼ ਵੀ ਇਸ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਕਰਨਾ ਹੈ। ਵਕੀਲ ਚਾਂਦਗੋਠੀਆ ਦੀਆਂ ਦਲੀਲਾਂ 'ਤੇ ਸਹਿਮਤੀ ਜਤਾਉਂਦਿਆਂ ਪੀ. ਜੀ. ਆਈ. ਦੀਆਂ ਦਲੀਲਾਂ ਨੂੰ ਖਾਰਿਜ ਕਰਕੇ ਕੇਸ ਦੀ ਸੁਣਵਾਈ 25 ਨਵੰਬਰ ਤੈਅ ਕਰ ਦਿੱਤੀ। aਉੱਥੇ ਹੀ ਸੁਮਨ ਕੇਸ ਵਿਚ ਪਟੀਸ਼ਨ ਕਰਤਾ ਦੇ ਵਕੀਲ ਚਾਂਦਗੋਠੀਆ ਨੇ ਕਿਹਾ ਕਿ ਐੱਸ. ਡੀ. ਐੱਮ. ਦੀ ਰਿਪੋਰਟ ਵਿਚ ਸਬੰਧਤ ਡਾਕਟਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉੱਥੇ ਹੀ ਦੋਸ਼ੀ ਡਾਕਟਰਾਂ ਨੇ ਵੀ ਜਾਂਚ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ। ਰਾਜ ਉਪਭੋਗਤਾ ਕਮਿਸ਼ਨ ਨੇ ਇਸ ਰਿਪੋਰਟ ਦੇ ਆਧਾਰ 'ਤੇ ਆਪਣਾ ਫੈਸਲਾ ਸੁਣਾਇਆ ਸੀ। ਇਸ ਫੈਸਲੇ ਨੂੰ ਵੀ ਡਾਕਟਰਾਂ ਨੇ ਚੁਣੌਤੀ ਨਹੀਂ ਦਿੱਤੀ। ਅਜਿਹੇ ਵਿਚ ਵਕੀਲ ਚਾਂਦਗੋਠੀਆ ਨੇ ਮਾਮਲੇ ਵਿਚ ਦਿੱਤੇ ਗਏ ਮੁਆਵਜ਼ੇ ਵਿਚ ਵਾਧੇ ਦੀ ਮੰਗ ਰੱਖੀ। ਅਜਿਹੇ ਵਿਚ ਸੁਣਵਾਈ ਮਗਰੋਂ ਬੈਂਚ ਨੇ ਦੋਸ਼ੀ ਡਾਕਟਰ ਮਨਪ੍ਰੀਤ, ਨਵਦੀਪ ਤੇ ਕੀਰਤੀ ਸੂਦ ਨੂੰ ਮੰਗਲਵਾਰ 25 ਤਰੀਕ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ। ਧਿਆਨ ਯੋਗ ਹੈ ਕਿ ਸੈਕਟਰ-18 ਦੇ ਸਕੂਲ ਵਿਚ ਪੜ੍ਹਨ ਵਾਲੀ ਅਨੁਪਮਾ ਦਾ ਪੈਰ ਸਕੂਲ ਤੋਂ ਛੁੱਟੀ ਸਮੇਂ ਬੱਸ ਦੇ ਟਾਇਰ ਥੱਲੇ ਆ ਗਿਆ ਸੀ, ਜਿਸ ਨੂੰ ਪੀ. ਜੀ. ਆਈ. ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ ਸੀ। ਮ੍ਰਿਤਕਾ ਦੇ ਪਰਿਵਾਰ ਵਲੋਂ ਵਕੀਲ ਚਾਂਦਗੋਠੀਆ ਨੇ ਰਾਜ ਉਪਭੋਗਤਾ ਕਮਿਸ਼ਨ ਵਿਚ ਸੀ.ਟੀ.ਯੂ. ਤੇ ਪੀ. ਜੀ. ਆਈ. ਦੇ ਖਿਲਾਫ਼ ਕੇਸ ਦਰਜ ਕੀਤਾ ਸੀ। ਉੱਥੇ ਹੀ ਮਿਲੇ ਮੁਆਵਜ਼ੇ ਖਿਲਾਫ਼ ਰਾਸ਼ਟਰੀ ਕਮਿਸ਼ਨ ਵਿਚ ਸ਼ਿਕਾਇਤ ਕੀਤੀ ਗਈ ਸੀ। ਦੂਸਰੇ ਪਾਸੇ ਕਾਲੋਨੀ ਨੰਬਰ-4 ਦੀ ਸੁਮਨ ਗਰਭਵਤੀ ਸੀ। ਉਹ ਸੈਕਟਰ-16 ਦੇ ਜੀ. ਐੱਮ. ਐੱਸ. ਐੱਚ. ਵਿਚ ਇਲਾਜ ਲਈ ਗਈ ਸੀ, ਉਥੇ ਡਾਕਟਰਾਂ ਨੇ ਉਸ ਨੂੰ ਦੂਸਰੇ ਗਰੁੱਪ ਦਾ ਖੂਨ ਚੜ੍ਹਾ ਦਿੱਤਾ ਸੀ। ਜਿਸ ਦੇ ਚਲਦੇ ਉਸਦੇ ਗਰਭ ਵਿਚ ਸ਼ਿਸ਼ੂ ਦੀ ਮੌਤ ਹੋ ਗਈ ਸੀ। ਉੱਥੇ ਹੀ ਉਸ ਦੀਆਂ ਕਿਡਨੀਆਂ ਵੀ ਖਰਾਬ ਹੋ ਗਈਆਂ ਸਨ। ਅਜਿਹੇ ਵਿਚ ਕੇਸ ਉਪਭੋਗਤਾ ਕਮਿਸ਼ਨ ਦੇ ਸਾਹਮਣੇ ਦਾਇਰ ਕੀਤਾ ਗਿਆ ਸੀ।
ਸੜਕ ਹਾਦਸੇ 'ਚ 2 ਦੀ ਮੌਤ
NEXT STORY