ਬਰਨਾਲਾ (ਵਿਵੇਕ ਸਿੰਧਵਾਨੀ) - ਅੱਜ ਸਵੇਰੇ ਦੋ ਨੌਜਵਾਨਾਂ ਨੇ ਢਿੱਲੋਂ ਨਗਰ ਸਥਿਤ ਨਾਪਤੋਲ ਵਿਭਾਗ ਦੇ ਦਫਤਰ ਦੇ ਸਾਹਮਣੇ ਇਕ ਬਜ਼ੁਰਗ ਨੂੰ ਬੰਦੀ ਬਣਾ ਕੇ ਦਿਨ-ਦਿਹਾੜੇ ਉਸ ਦੇ ਘਰ ਵਿਚ ਲੁੱਟ-ਖੋਹ ਕੀਤੀ। ਬਜ਼ੁਰਗ ਦੇ ਮੂੰਹ 'ਚ ਪਾਇਆ ਕੱਪੜਾ : ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਸਰਕਾਰੀ ਟੀਚਰ ਨਰਾਇਣ ਦਾਸ ਨੇ ਦੱਸਿਆ ਕਿ ਉਹ ਸਵੇਰੇ 9.15 ਵਜੇ ਘਰ ਦੇ ਵਰਾਂਡੇ ਵਿਚ ਅਖ਼ਬਾਰ ਪੜ੍ਹ ਰਹੇ ਸੀ ਅਤੇ ਘਰ ਦੇ ਸਾਰੇ ਮੈਂਬਰ ਆਪਣੇ ਕੰਮਾਂਕਾਰਾਂ ਕਾਰਨ ਬਾਹਰ ਗਏ ਹੋਏ ਸਨ। ਕੰਮ ਕਰਨ ਵਾਲੀ ਦੇ ਆਉਣ ਦਾ ਸਮਾਂ ਹੋਣ ਕਾਰਨ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਜਦੋਂ ਉਹ ਅਖ਼ਬਾਰ ਰੱਖਣ ਲਈ ਕਮਰੇ ਵਿਚ ਆਏ ਤਾਂ ਕਮਰੇ ਵਿਚ ਅਲਮਾਰੀ ਖੁੱਲ੍ਹੀ ਪਈ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੇ ਦੋ ਨੌਜਵਾਨਾਂ ਨੇ ਜਿਨ੍ਹਾਂ ਦੀ ਉਮਰ 20-25 ਸਾਲ ਦੇ ਲਗਭਗ ਸੀ ਅਤੇ ਨਸ਼ੱਈ ਕਿਸਮ ਦੇ ਜਾਪ ਰਹੇ ਸਨ, ਨੇ ਉਨ੍ਹਾਂ ਨੂੰ ਫੜ ਲਿਆ ਤੇ ਕੁੱਟਮਾਰ ਕਰ ਕੇ ਉਨ੍ਹਾਂ ਦੇ ਮੂੰਹ ਵਿਚ ਕੱਪੜਾ ਤੁੰਨ ਦਿੱਤਾ ਅਤੇ ਬਾਂਹਾਂ ਕੱਪੜੇ ਨਾਲ ਪਿੱਛੇ ਬੰਨ੍ਹ ਦਿੱਤੀਆਂ। ਉਹ ਉਨ੍ਹਾਂ ਕੋਲੋਂ ਜ਼ਬਰਦਸਤੀ ਚਾਬੀਆਂ ਲੈ ਕੇ ਅਲਮਾਰੀ 'ਚੋਂ ਸੋਨੇ ਦੀ ਚੇਨ ਅਤੇ 5000 ਰੁਪਏ ਨਕਦ, ਚਾਂਦੀ ਦੇ ਸਿੱਕੇ ਅਤੇ ਉਨ੍ਹਾਂ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਜਾਂਦੇ ਹੋਏ ਉਹ ਮੋਬਾਈਲ ਘਰ ਦੇ ਦਰਵਾਜ਼ੇ ਅੱਗੇ ਸੁੱਟ ਗਏ। ਉਨ੍ਹਾਂ ਟੈਲੀਫੋਨ ਰਾਹੀਂ ਘਟਨਾ ਦੀ ਸੂਚਨਾ ਆਪਣੇ ਬੱਚਿਆਂ ਨੂੰ ਦਿੱਤੀ, ਜਿਨ੍ਹਾਂ ਨੇ ਇਸ ਸੰਬੰਧੀ ਪੁਲਸ ਨੂੰ ਸੁਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦੀ ਜਾਂਚ ਕੀਤੀ।
ਜਲਦੀ ਹੀ ਫੜਾਂਗੇ ਲੁਟੇਰਿਆਂ ਨੂੰ : ਜਦੋਂ ਇਸ ਸੰਬੰਧੀ ਡੀ. ਐੱਸ. ਪੀ. ਪਲਵਿੰਦਰ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਗੈਰਿਜ 'ਚੋਂ ਵਾਸ਼ਿੰਗ ਮਸ਼ੀਨ ਤੇ ਸਿਲੰਡਰ ਚੋਰੀ : ਤਪਾ ਮੰਡੀ (ਸ਼ਾਮ, ਗਰਗ) - ਬਠਿੰਡਾ-ਬਰਨਾਲਾ ਮੁੱਖ ਮਾਰਗ 'ਤੇ ਸਥਿਤ ਇਕ ਮੋਟਰ ਗੈਰਿਜ 'ਚੋਂ ਚੋਰਾਂ ਨੇ ਜਿੰਦਾ ਤੋੜ ਕੇ ਵਾਸ਼ਿੰਗ ਮਸ਼ੀਨ ਅਤੇ ਦੋ ਗੈਸ ਸਿਲੰਡਰ ਚੋਰੀ ਕਰ ਲਏ। ਗੈਰਿਜ ਦੇ ਮਾਲਕ ਗੁਰਜੰਟ ਸਿੰਘ ਹੰਡਿਆਇਆ ਨੇ ਦੱਸਿਆ ਕਿ ਉਨ੍ਹਾਂ ਦੇ ਗੈਰਿਜ 'ਚ ਨਵੀਂ ਵਾਸ਼ਿੰਗ ਮਸ਼ੀਨ ਅਤੇ ਦੋ ਗੈਸ ਸਿਲੰਡਰ ਪਏ ਸਨ। ਰਾਤ ਦੇ ਸਮੇਂ ਅਣਪਛਾਤੇ ਵਿਅਕਤੀਆਂ ਨੇ ਗੈਰਿਜ ਦਾ ਜਿੰਦਾ ਤੋੜ ਕੇ ਅੰਦਰੋਂ ਵਾਸ਼ਿੰਗ ਮਸ਼ੀਨ ਅਤੇ ਦੋਵੇਂ ਸਿਲੰਡਰ ਚੋਰੀ ਕਰ ਲਏ। ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਅਕਾਲੀਆਂ ਨੇ ਪੰਜਾਬ ਨੂੰ ਦਲਦਲ 'ਚ ਸੁੱਟਿਆ : ਕੋਟਲੀ
NEXT STORY