ਸੂਬੇ ਵਿਚ ਭਾਜਪਾ ਸਰਕਾਰ ਬਣਾਉਣ 'ਚ ਲੋਕ ਮਦਦ ਕਰਨ
ਕੋਲਕਾਤਾ— ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਤਿੱਖਾ ਵਾਰ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਵਿਚ ਭ੍ਰਿਸ਼ਟ ਤ੍ਰਿਣਮੂਲ ਕਾਂਗਰਸ ਰਾਜ ਦੇ ਖਾਤਮੇ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਹਾ ਕਿ ਮੈਂ ਇਥੇ ਸੂਬੇ ਵਿਚੋਂ ਤ੍ਰਿਣਮੂਲ ਕਾਂਗਰਸ ਨੂੰ ਪੁੱਟ ਸੁੱਟਣ ਲਈ ਆਇਆ ਹਾਂ। ਸ਼ਾਹ ਨੇ ਇਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਲੋਕ ਸਭਾ ਚੋਣਾਂ ਵਿਚ ਜਿੱਤ ਦਾ ਸਿਲਸਿਲਾ 2016 ਵਿਚ ਸੂਬੇ ਵਿਚ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਦਾ ਨਾਅਰਾ ਹੈ ਕਿ ਪੱਛਮੀ ਬੰਗਾਲ ਨੂੰ ਮਮਤਾ ਦੇ ਭ੍ਰਿਸ਼ਟ ਤ੍ਰਿਣਮੂਲ ਕਾਂਗਰਸ ਰਾਜ ਤੋਂ ਮੁਕਤ ਕਰਵਾਇਆ ਜਾਵੇ। ਸ਼ਾਹ ਨੇ ਕਿਹਾ ਕਿ ਭਾਜਪਾ ਨੇ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ। ਪਾਰਟੀ ਝਾਰਖੰਡ, ਜੰਮੂ-ਕਸ਼ਮੀਰ, ਬਿਹਾਰ ਅਤੇ ਦਿੱਲੀ ਦੀਆਂ ਚੋਣਾਂ ਵੀ ਜਿੱਤੇਗੀ। ਭਾਜਪਾ ਅਤੇ ਨਰਿੰਦਰ ਮੋਦੀ ਦੀ ਜਿੱਤ ਪੱਛਮੀ ਬੰਗਾਲ ਵਿਚ ਸਰਕਾਰ ਬਣਾਉਣ ਮਗਰੋਂ ਹੀ ਪੂਰੀ ਹੋਵੇਗੀ। ਸ਼ਾਹ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮਮਤਾ ਜੀ ਨੇ ਪੁੱਛਿਆ ਸੀ ਕਿ ਅਮਿਤ ਸ਼ਾਹ ਕੌਣ ਹੈ? ਦੀਦੀ ਜੇਕਰ ਤੁਸੀਂ ਸੁਣ ਸਕਦੇ ਹੋ ਅਤੇ ਦੇਖ ਸਕਦੇ ਹੋ ਤਾਂ ਕ੍ਰਿਪਾ ਕਰਕੇ ਦੇਖੋ ਮੈਂ ਅਮਿਤ ਸ਼ਾਹ ਹਾਂ। ਭਾਜਪਾ ਦਾ ਬਹੁਤ ਛੋਟਾ ਜਿਹਾ ਵਰਕਰ ਜੋ ਸੂਬੇ ਵਿਚੋਂ ਭ੍ਰਿਸ਼ਟ ਤ੍ਰਿਣਮੂਲ ਸਰਕਾਰ ਦਾ ਖਾਤਮਾ ਕਰਨ ਲਈ ਆਇਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਨੂੰ ਇਕ ਦੇਸ਼ ਭਗਤ ਸਰਕਾਰ ਦੀ ਲੋੜ ਹੈ। ਅਜਿਹੀ ਸਰਕਾਰ ਦੀ ਨਹੀਂ ਜੋ ਵਰਧਮਾਨ ਬੰਬ ਧਮਾਕਿਆਂ ਦੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ। ਸ਼ਾਹ ਨੇ ਕਿਹਾ ਕਿ ਮਮਤਾ ਸਰਕਾਰ ਵਰਧਮਾਨ ਧਮਾਕੇ ਅਤੇ ਸ਼ਾਰਦਾ ਚਿੱਟ ਫੰਡ ਦੇ ਦੋਸ਼ੀਆਂ ਨੂੰ ਬਚਾਅ ਰਹੀ ਹੈ।ਮਮਤਾ ਧਮਾਕੇ ਮਾਮਲੇ ਦੀ ਐੱਨ.ਆਈ. ਏ. ਜਾਂਚ ਵਿਚ ਰੁਕਾਵਟ ਪਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਾਰਦਾ ਚਿੱਟ ਫੰਡ ਦੇ ਪੈਸੇ ਦੀ ਵਰਤੋਂ 2 ਅਕਤੂਬਰ ਨੂੰ ਹੋਏ ਵਰਧਮਾਨ ਧਮਾਕੇ ਵਿਚ ਕੀਤੀ ਗਈ। ਅਜਿਹਾ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ, ਜੋ ਕਥਿਤ ਤੌਰ 'ਤੇ ਧਮਾਕੇ ਵਿਚ ਸ਼ਾਮਲ ਸਨ। ਸ਼ਾਹ ਨੇ ਮਮਤਾ ਦੀ ਉਸ ਟਿੱਪਣੀ ਲਈ ਆਲੋਚਨਾ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸਿਆਸਤ ਦੇ ਤਹਿਤ ਸੀ. ਬੀ. ਆਈ. ਦੀ ਦੁਰਵਰਤੋਂ ਸ਼ਾਰਦਾ ਘਪਲੇ ਵਿਚ ਕੀਤੀ ਜਾ ਰਹੀ ਹੈ। ਉਹ ਇਸ ਗੱਲ ਦਾ ਐਲਾਨ ਕਰੇ ਕਿ ਸ਼ਾਰਦਾ ਚਿੱਟ ਫੰਡ ਘਪਲੇ ਦੇ ਸੰਬੰਧ ਵਿਚ ਸੀ. ਬੀ. ਆਈ. ਨੇ ਜਿਹੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਨਿਰਦੋਸ਼ ਹਨ। ਸ਼ਾਹ ਨੇ ਦੋਸ਼ ਲਗਾਇਆ ਕਿ ਮਮਤਾ ਨੇ ਵੋਟ ਬੈਂਕ ਦੀ ਸਿਆਸਤ ਲਈ ਰਾਸ਼ਟਰੀ ਸੁਰੱਖਿਆ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਹ ਨੇ ਪੁੱਛਿਆ ਕਿ ਮਮਤਾ ਜੀ ਦੱਸਣ ਕਿ ਉਨ੍ਹਾਂ ਦੀ ਪੇਂਟਿੰਗ ਨੂੰ ਕਿਸ ਨੇ ਖ੍ਰੀਦਿਆ। ਕੀ ਤ੍ਰਿਣਮੂਲ ਕਾਂਗਰਸ ਨੇ ਸ਼ਾਰਦਾ ਚਿੱਟ ਫੰਡ ਘਪਲੇ ਦਾ ਫਾਇਦਾ ਨਹੀਂ ਚੁੱਕਿਆ? ਭਾਜਪਾ ਪ੍ਰਧਾਨ ਮੰਤਰੀ ਨੇ ਮਮਤਾ ਤੇ ਬੰਗਲਾਦੇਸ਼ੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ।
ਸ਼ਾਹ ਦੀ ਰੈਲੀ 'ਫਲਾਪ ਸ਼ੋਅ' : ਚੈਟਰਜੀ
ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਅੱਜ ਸ਼ਹਿਰ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਨੂੰ ਕੋਈ ਮਹੱਤਵ ਨਾ ਦਿੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ 'ਫਲਾਪ ਸ਼ੋਅ' ਕਰਾਰ ਦਿੱਤਾ, ਜਿਸ ਵਿਚ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ। ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥੀ ਚੈਟਰਜੀ ਨੇ ਕਿਹਾ ਕਿ ਅਜਿਹੀਆਂ ਰੈਲੀਆਂ ਤਾਂ ਸਾਡੇ ਬਲਾਕ ਪ੍ਰਧਾਨ ਆਯੋਜਿਤ ਕਰਦੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹਮਲਾ ਕਰਨ ਦੇ ਬਾਵਜੂਦ ਭਾਜਪਾ ਤ੍ਰਿਣਮੂਲ ਮੁਖੀ ਦਾ ਅਕਸ ਖਰਾਬ ਕਰਨ ਵਿਚ ਸਫਲ ਨਹੀਂ ਹੋਵੇਗੀ।
ਰੈਲੀ 'ਚ ਅਲਕਾਇਦਾ ਦੇ ਬੁੱਕਲੈੱਟਸ ਵੰਡੇ ਗਏ
ਕੋਲਕਾਤਾ : ਅਮਿਤ ਸ਼ਾਹ ਦੀ ਕੋਲਕਾਤਾ ਰੈਲੀ ਵਿਚ ਇਕ ਸਨਸਨੀਖੇਜ਼ ਵਾਕਿਆ ਸਾਹਮਣੇ ਆਇਆ ਹੈ। ਰੈਲੀ ਦੌਰਾਨ ਅੱਤਵਾਦੀ ਸੰਗਠਨ ਅਲਕਾਇਦਾ ਦੇ ਬੁੱਕਲੈੱਟਸ ਵੰਡੇ ਗਏ ਹਨ। ਇਸ ਮਾਮਲੇ ਵਿਚ ਪੱਛਮੀ ਬੰਗਾਲ ਪੁਲਸ ਨੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ। ਭਾਜਪਾ ਨੇ ਇਸ ਮਾਮਲੇ ਵਿਚ ਬੰਗਾਲ ਦੀ ਮਮਤਾ ਸਰਕਾਰ 'ਤੇ ਸਖਤ ਹਮਲਾ ਕੀਤਾ।
ਕਿਰਾਏ ਦੀ ਕੁੱਖ 'ਤੇ ਕਾਨੂੰਨ ਬਣਾਉਣ ਲਈ ਲੋਕਸਭਾ ਵਿਚ ਗੈਰ ਸਰਕਾਰੀ ਬਿੱਲ ਪੇਸ਼
NEXT STORY