ਚੰਡੀਗੜ੍ਹ : ਮਨੀਮਾਜਰਾ ਸਥਿਤ ਸ਼ਿਵਾਲਿਕ ਪਾਰਕ ਤੋਂ ਐਤਵਾਰ ਨੂੰ ਇਕ ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰ ਲਿਆ ਗਿਆ। ਅਗਵਾ ਕਰਨ ਵਾਲੀ ਔਰਤ ਦੱਸੀ ਜਾ ਰਹੀ ਹੈ। ਬੱਚੇ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਸੂਚਨਾ ਅਨੁਸਾਰ ਜੀਤ ਬਹਾਦੁਰ ਮਨੀਮਾਜਰਾ ਸਥਿਤ ਸ਼ਿਵਾਲਿਕ ਪਾਰਕ ਦੇ ਕੋਲ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਉਹ ਮੂਲ ਰੂਪ 'ਚ ਨੇਪਾਲ ਤੋਂ ਹਨ ਅਤੇ ਇਥੇ ਕੋਲ਼ੇ ਦੇ ਡਿਪੂ 'ਤੇ ਕੰਮ ਕਰਦੇ ਹਨ। ਉਨ੍ਹਾਂ ਦੇ ਸੁਰੇਸ਼ (7) ਅਤੇ ਜੀਵਨ (1) ਦੋ ਬੱਚੇ ਹਨ। ਉਨ੍ਹਾਂ ਅਨੁਸਾਰ ਐਤਵਾਰ ਨੂੰ ਲੱਗਭਗ ਦੋ ਵਜੇ ਸੁਰੇਸ਼ ਆਪਣੇ ਛੋਟੇ ਭਰਾ ਜੀਵਨ ਨੂੰ ਲੈ ਕੇ ਸ਼ਿਵਾਲਿਕ ਪਾਰਕ ਗਿਆ ਸੀ। ਸੁਰੇਸ਼ ਅਨੁਸਾਰ ਉਥੇ ਲਾਲ ਗੱਡੀ 'ਚ ਇਕ ਔਰਤ ਆਈ ਅਤੇ ਉਸ ਨੂੰ ਦੁਕਾਨ ਤੋਂ ਚਾਕਲੇਟ ਲਿਆਉਣ ਲਈ ਪੈਸੇ ਦਿੱਤੇ। ਜਦੋਂ ਸੁਰੇਸ਼ ਚਾਕਲੇਟ ਲੈ ਕੇ ਪਰਤਿਆ ਤਾਂ ਉਹ ਔਰਤ ਉਥੇ ਨਹੀਂ ਸੀ ਅਤੇ ਨਾ ਹੀ ਉਸ ਦਾ ਭਰਾ ਜੀਵਨ। ਉਸ ਨੇ ਆਲੇ-ਦੁਆਲੇ ਖੇਡ ਰਹੇ ਬੱਚਿਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਔਰਤ ਜੀਵਨ ਨੂੰ ਨਾਲ ਲੈ ਗਈ ਹੈ। ਸੁਰੇਸ਼ ਨੇ ਘਰ ਪਹੁੰਚ ਕੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਤਾਂ ਉਸ ਦੇ ਮਾਤਾ-ਪਿਤਾ ਤੁਰੰਤ ਪਾਰਕ ਪਹੁੰਚੇ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਨਾਲ ਹੀ ਔਰਤ ਅਤੇ ਬੱਚੇ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਇਸ ਪਿੱਛੋਂ ਜੀਤ ਬਹਾਦੁਰ ਨੇ ਮਨੀਮਾਜਰਾ ਥਾਣਾ ਪੁਲਸ 'ਚ ਜੀਵਨ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ।
ਬੱਚਿਆਂ ਨੂੰ ਅਗਵਾ ਕਰਨ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਖ਼ਬਰ ਹੈ ਕਿ ਅਜੇ ਪਿਛਲੇ ਮਹੀਨੇ ਹੀ ਮੋਹਾਲੀ ਦੇ ਫੇਜ਼-9 ਤੋਂ ਅੱਠ ਸਾਲ ਦੇ ਬੱਚੇ ਮੇਹਰਮ ਨੂੰ ਅਗਵਾ ਕੀਤਾ ਗਿਆ ਸੀ। ਮੋਹਾਲੀ ਪੁਲਸ ਨੇ ਸ਼ੁਰੂ ਵਿਚ ਮਾਮਲੇ ਨੂੰ ਪਰਿਵਾਰਕ ਵਿਵਾਦ ਮੰਨਦਿਆਂ ਗੰਭੀਰਤਾ ਨਹੀਂ ਦਿਖਾਈ। ਇਸ ਪਿੱਛੋਂ ਕਾਫੀ ਛਾਣਬੀਣ ਕੀਤੀ ਤਾਂ ਬੱਚੇ ਦੀ ਲਾਸ਼ ਹੀ ਹੱਥ ਲੱਗੀ। ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਟ੍ਰਾਇਸਿਟੀ ਦੀਆਂ ਪਾਰਕਾਂ ਹੁਣ ਬੱਚਿਆਂ ਲਈ ਸੁਰੱਖਿਅਤ ਨਹੀਂ ਹਨ। ਇਨ੍ਹਾਂ ਪਾਰਕਾਂ ਵਿਚ ਖੇਡਦੇ ਬੱਚਿਆਂ ਦੇ ਗਾਇਬ ਹੋਣ ਪਿੱਛੋਂ ਲੋਕ ਕਾਫੀ ਸਹਿਮੇ ਹੋਏ ਹਨ। ਮਾਪਿਆਂ ਦੇ ਮਨਾਂ ਵਿਚ ਪਾਰਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।
ਜ਼ਖਮੀ 20 ਮਿੰਟ ਤੜਫਦਾ ਰਿਹਾ, ਪੁਲਸ ਹਸਪਤਾਲ ਲਿਜਾਉਣ ਦੀ ਬਜਾਏ ਪਤਾ ਪੁੱਛਦੀ ਰਹੀ
NEXT STORY