ਹੁਸ਼ਿਆਰਪੁਰ(ਅਸ਼ਵਨੀ)-ਜ਼ਿਲਾ ਪੁਲਸ ਵਲੋਂ ਐੱਸ. ਐੱਸ. ਪੀ. ਰਾਜਜੀਤ ਸਿੰਘ ਹੁੰਦਲ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਸੌਦਾਗਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸਵੇਰੇ ਲਗਭਗ 5 ਵਜੇ ਜ਼ਿਲਾ ਪੁਲਸ ਨੇ ਐੱਸ. ਪੀ. ਸਿਟੀ ਨਰੇਸ਼ ਡੋਗਰਾ ਦੀ ਕਮਾਨ ਹੇਠ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਮੁਹੱਲਾ ਭਗਤ ਨਗਰ ਅਤੇ ਬਲਵੀਰ ਕਾਲੋਨੀ 'ਚ ਵੱਡਾ ਸਰਚ ਆਪ੍ਰੇਸ਼ਨ ਕਰਕੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਰਚ ਆਪ੍ਰੇਸ਼ਨ ਵਿਚ ਸਿਟੀ ਪੁਲਸ ਇੰਸਪੈਕਟਰ ਅਮਰ ਨਾਥ, ਥਾਣਾ ਸਦਰ ਦੇ ਇੰਸਪੈਕਟਰ ਪ੍ਰੇਮ ਕੁਮਾਰ, ਸੀ. ਆਈ. ਏ. ਸਟਾਫ਼ ਹੈੱਡਕੁਆਰਟਰ ਦੇ ਇੰਚਾਰਜ ਉਂਕਾਰ ਸਿੰਘ ਬਰਾੜ, ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ, ਐਂਟੀ ਗੁੰਡਾ ਸਟਾਫ਼ ਦੇ ਇੰਚਾਰਜ ਐੱਸ. ਐੱਚ. ਓ. ਪਰਮਜੀਤ ਅਤੇ ਸੈਂਕੜੇ ਐੱਨ. ਜੀ. ਓਜ਼ ਤੇ ਹੋਰ ਪੁਲਸ ਕਰਮਚਾਰੀ ਸ਼ਾਮਲ ਹੋਏ। ਸਰਚ ਆਪ੍ਰੇਸ਼ਨ ਦੌਰਾਨ ਪੁਲਸ ਨੇ ਵਰਿੰਦਰ ਪ੍ਰਸਾਦ ਉਰਫ ਗੋਰਖਾ ਪੁੱਤਰ ਦੁਰਗਾ ਪ੍ਰਸਾਦ ਦੇ ਕਬਜ਼ੇ ਵਿਚੋਂ 250 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ, ਜਦਕਿ ਧਰਮਪਾਲ ਉਰਫ ਧਰਮਾ ਪੁੱਤਰ ਰਮੇਸ਼ਵਰ ਦੇ ਕਬਜ਼ੇ ਵਿਚੋਂ 9000 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ। ਰਵੀ ਕੁਮਾਰ ਉਰਫ ਬਬਲੂ ਦੇ ਕਬਜ਼ੇ ਵਿਚੋਂ ਵੀ ਕਾਫੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ। ਪੁਲਸ ਨੇ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਰੀ ਰਹੇਗੀ ਮੁਹਿੰਮ ਸਰਚ ਆਪ੍ਰੇਸ਼ਨ ਤੋਂ ਬਾਅਦ ਐੱਸ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਨਸ਼ਿਆਂ ਦੇ ਸੌਦਾਗਰਾਂ, ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੁਲਸ ਨਸ਼ਿਆਂ ਦੇ ਸੌਦਾਗਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੇਗੀ ਅਤੇ ਇਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ ਖਿਲਾਫ਼ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਥਾਣਾ ਸਿਟੀ ਦੀ ਪੁਲਸ ਨੇ ਬੀਤੀ ਸ਼ਾਮ ਧੋਬੀ ਘਾਟ ਕੋਲੋਂ ਇਕ ਨੌਜਵਾਨ ਪੁਨੀਤ ਦੇ ਕਬਜ਼ੇ ਵਿਚੋਂ 250 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਉਸ ਖਿਲਾਫ਼ ਨਸ਼ਾ ਵਿਰੋਧੀ ਐਕਟ ਦੀ ਧਾਰਾ 22-61-85 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
14 ਸਾਲਾ ਲੜਕੀ ਅਗਵਾ; ਕੇਸ ਦਰਜ
NEXT STORY