ਅੰਮ੍ਰਿਤਸਰ, (ਬਿਊਰੋ)- ਪੰਜਾਬ ਕਾਂਗਰਸ ਮਾਮਲਿਆਂ ਦੇ ਸਹਾਇਕ ਇੰਚਾਰਜ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਚੌਧਰੀ ਨੇ ਜ਼ਿਲਾ ਅੰਮ੍ਰਿਤਸਰ ਦੇ ਕਾਂਗਰਸੀ ਵਿਧਾਇਕਾਂ, ਸਾਬਕਾ ਵਿਧਾਇਕਾਂ, ਹਲਕਾ ਇੰਚਾਰਜਾਂ, ਬਲਾਕ, ਜ਼ਿਲਾ ਪ੍ਰਧਾਨਾਂ ਤੇ ਪੰਜਾਬ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਕਾਂਗਰਸੀਆਂ ਆਗੂਆਂ ਵਲੋਂ ਚੁੱਕੇ ਗਏ ਮੁੱਦਿਆਂ 'ਤੇ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਉਹ ਇਥੇ ਟਿਕਟਾਂ ਵੰਡਣ ਨਹੀਂ ਸਗੋਂ ਕਾਂਗਰਸ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਅਤੇ ਆਰਾਮ ਫਰਮਾ ਰਹੇ ਕਾਂਗਰਸੀਆਂ ਨੂੰ ਸਰਗਰਮ ਕਰਨ ਲਈ ਆਏ ਹਨ ਤੇ ਉਨ੍ਹਾਂ ਦੀ ਡਿਊਟੀ ਹੈ ਕਿ ਉਹ ਦੂਸ਼ਣਬਾਜ਼ੀ ਤੋਂ ਉਪਰ ਉਠ ਕੇ ਜ਼ਮੀਨੀ ਪੱਧਰ 'ਤੇ ਕਾਂਗਰਸ ਤੇ ਲੋਕਾਂ ਵਿਚ ਪੈਦਾ ਹੋ ਚੁੱਕੇ ਖਲਾਅ ਨੂੰ ਦੂਰ ਕਰਨ ਲਈ ਕੰਮ ਕਰਨ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫ਼ਤਰ ਵਿਚ ਭਾਵੇਂ 3 ਮੌਜੂਦਾ ਵਿਧਾਇਕ ਤੇ 3 ਸਾਬਕਾ ਵਿਧਾਇਕ ਗੈਰ-ਹਾਜ਼ਰ ਸਨ ਪਰ ਬਲਾਕ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਮੀਡੀਆ ਨੂੰ ਨੇੜੇ ਫੜਕਣ ਨਹੀਂ ਦਿੱਤਾ ਗਿਆ। ਮੀਟਿੰਗ ਦੌਰਾਨ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ 6 ਹਲਕਿਆਂ ਦੇ 12 ਬਲਾਕ ਪ੍ਰਧਾਨਾਂ ਵਿਚੋਂ 11 ਹਾਜ਼ਰ ਹੋਏ, ਜਦੋਂ ਕਿ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ 10 ਬਲਾਕ ਪ੍ਰਧਾਨਾਂ ਵਿਚੋਂ 3 ਬਲਾਕ ਪ੍ਰਧਾਨ ਹੀ ਮੌਜੂਦ ਸਨ। ਮੀਟਿੰਗ ਨੂੰ ਲੈ ਕੇ ਜ਼ਿਲਾ ਕਾਂਗਰਸ ਕਾਰਜਕਾਰਨੀ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ। ਸੂਤਰਾਂ ਅਨੁਸਾਰ ਦੇਸ਼ ਭਰ ਵਿਚ ਕਾਂਗਰਸ ਦੀ ਲੋਕ ਸਭਾ ਸੀਟਾਂ ਦੀ ਗਿਣਤੀਘੱਟ ਹੋਣ 'ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ, ਉਥੇ ਹੀ ਬਲਾਕ ਪ੍ਰਧਾਨਾਂ ਨੂੰ ਕਿਹਾ ਗਿਆ ਕਿ ਉਹ ਆਪਣੇ-ਆਪਣੇ ਬਲਾਕਾਂ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਦੇਣ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕਾਂਗਰਸ ਸੰਵਿਧਾਨ ਅਨੁਸਾਰ ਕੰਮ ਕਰੇਗੀ, ਨਾ ਕਿ ਵਿਅਕਤੀ ਵਿਸ਼ੇਸ਼ ਅਨੁਸਾਰ ਤੇ ਇਸ ਲਈ ਕਾਂਗਰਸ ਵਲੋਂ ਮਹੀਨਾਵਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿਚ ਕਿਸੇ ਵੀ ਤਰ੍ਹਾਂ ਦੀ ਛੂਟ ਮਨਜ਼ੂਰ ਨਹੀਂ ਹੋਵੇਗੀ। ਲੁਧਿਆਣਾ ਦੇ ਜ਼ਿਲਾ ਪ੍ਰਧਾਨ ਨੂੰ ਵੀ ਇਸ ਗੱਲ ਦਾ ਖਮਿਆਜ਼ਾ ਭੁਗਤਣਾ ਪਿਆ ਹੈ, ਜਿਸ ਦੇ ਚਲਦਿਆਂ ਪੂਰੇ ਪੰਜਾਬ ਵਿਚ ਮਹੀਨਾਵਾਰ ਮੀਟਿੰਗਾਂ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਅਹੁਦੇ 'ਤੇ ਬਣੇ ਰਹਿਣਾ ਹੈ ਤਾਂ ਕੰਮ ਕਰਨਾ ਪਵੇਗਾ, ਨਹੀਂ ਤਾਂ ਕਾਂਗਰਸ ਬਿਨਾਂ ਕੰਮ ਦੇ ਲੋਕਾਂ ਨੂੰ ਜਗਾ ਨਹੀਂ ਸਕੇਗੀ। ਉਨ੍ਹਾਂ ਨੇ ਬਲਾਕ ਪ੍ਰਧਾਨਾਂ ਨੂੰ ਇਲਾਕੇ ਨਾਲ ਸਬੰਧਤ ਉੱਚ ਅਧਿਕਾਰੀਆਂ ਨਾਲ ਸੰਪਰਕ ਵਿਚ ਵੀ ਰਹਿਣ ਦੀ ਹਦਾਇਤ ਦਿੱਤੀ ਤੇ ਕਿਹਾ ਹੈ ਕਿ ਬਲਾਕ ਪ੍ਰਧਾਨਾਂ ਕੋਲ ਆਪਣੇ ਬਲਾਕ ਦੀ ਪੂਰੀ ਤਾਕਤ ਹੈ, ਜਿਸਦੀ ਉਹ ਵਰਤੋਂ ਕਰਨ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਸੁਰਿੰਦਰਪਾਲ ਸੀਬੀਆ, ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਭਗਤ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਦਿਨੇਸ਼ ਬੱਸੀ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਹਰਿਦੇਵ ਸ਼ਰਮਾ, ਮਨਪ੍ਰੀਤ ਸਿੰਘ ਭਿੱਟੇਵੱਢ, ਕਸ਼ਮੀਰ ਸਿੰਘ ਖਿਆਲਾ, ਮਹਾਬੀਰ ਸਿੰਘ ਰਾਮਪੁਰਾ, ਸੁਖਪਾਲ ਸਿੰਘ, ਹਰਪਾਲ ਸਿੰਘ ਚੌਹਾਨ, ਰਜਿੰਦਰ ਟਪਿਆਲਾ, ਲਖਵਿੰਦਰ ਸਿੰਘ ਰਾਜਾਸਾਂਸੀ, ਜਸਕਰਨ ਸਿੰਘ, ਕੇ. ਕੇ. ਸ਼ਰਮਾ, ਹਰਪਾਲ ਜਲਾਲਾਬਾਦ, ਪ੍ਰਿਤਪਾਲ ਸਿੰਘ ਅਟਾਰੀ, ਰਣਜੀਤ ਸਿੰਘ, ਰਾਜਬੀਰ ਸਿੰਘ ਅਜਨਾਲਾ, ਨਵਦੀਪ ਹੁੰਦਲ, ਓ. ਪੀ. ਕਨੋਜੀਆ ਤੇ ਪਾਲ ਸਿੰਘ ਬਮਰਾ ਆਦਿ ਮੌਜੂਦ ਸਨ।
ਪਿਸਤੌਲ ਦੀ ਨੋਕ 'ਤੇ ਖੋਹੀ ਕਾਰ
NEXT STORY