ਜਲੰਧਰ, (ਧਵਨ)— ਪੰਜਾਬ ਕਾਂਗਰਸ ਵਿਧਾਇਕ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੀ ਅਕਾਲੀ-ਭਾਜਪਾ ਸਰਕਾਰ ਹੁਣ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੋਂ ਦੌੜ ਰਹੀ ਹੈ ਕਿਉਂਕਿ ਸਰਕਾਰ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਕਾਂਗਰਸ ਵਲੋਂ ਉਠਾਏ ਜਾਣ ਵਾਲੇ ਮਸਲਿਆਂ ਦਾ ਜਵਾਬ ਦੇਣ ਦੀ ਹਾਲਤ ਵਿਚ ਨਹੀਂ ਹੈ।
ਜਾਖੜ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਸੱਦਣ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਪੱਤਰ ਭੇਜਿਆ ਹੈ ਜਿਸ ਵਿਚ ਉਨ੍ਹਾਂ ਕੋਲੋਂ ਤੁਰੰਤ ਲੰਬਾ ਸੈਸ਼ਨ ਸੱਦਣ ਦਾ ਜ਼ਿਕਰ ਕੀਤਾ ਗਿਆ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸੂਬਾ ਅਰਾਜਕਤਾ ਵਲ ਵਧ ਰਿਹਾ ਹੈ। ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਨੌਜਵਾਨਾਂ ਵਿਚ ਸਰਕਾਰੀ ਨੌਕਰੀਆਂ ਨਾ ਮਿਲਣ ਕਾਰਨ ਨਿਰਾਸ਼ਾ ਵਾਲੀ ਹਾਲਤ ਹੈ ਅਤੇ ਹੁਣ ਉਹ ਆਤਮਦਾਹ ਵਰਗੇ ਕਦਮ ਚੁੱਕਣ ਲੱਗੇ ਹਨ।
ਜਾਖੜ ਨੇ ਕਿਹਾ ਕਿ ਚੰਡੀਗੜ੍ਹ ਵਿਚ ਮੁਖ ਮੰਤਰੀ ਨਿਵਾਸ ਦੇ ਬਾਹਰ ਆਤਮਦਾਹ ਦਾ ਯਤਨ ਕਰਨ ਵਾਲੀ ਲੜਕੀ ਨੂੰ ਕਾਂਗਰਸ ਇਨਸਾਫ ਦਿਵਾ ਕੇ ਰਹੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਪਾਰਟੀ ਇਸ ਮਾਮਲੇ ਨੂੰ ਅਸਰਦਾਇਕ ਢੰਗ ਨਾਲ ਸਰਕਾਰ ਦੇ ਸਾਹਮਣੇ ਉਠਾਵੇਗੀ। ਸਰਕਾਰ ਨੂੰ ਪਤਾ ਹੈ ਕਿ ਉਹ ਵਿਰੋਧੀ ਧਿਰ ਦਾ ਸਾਹਮਣਾ ਕਰਨ ਦੀ ਹਾਲਤ ਵਿਚ ਨਹੀਂ। ਇਸ ਲਈ ਵਾਰ-ਵਾਰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀਆਂ ਤਰੀਕਾਂ ਬਦਲੀਆਂ ਜਾ ਰਹੀਆਂ ਹਨ।
ਜਾਖੜ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਵਿਚ ਡੁੱਬੇ ਹੋਏ ਹਨ। ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ। ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਡਰੱਗ ਮਾਫੀਆ ਦਾ ਰਾਜ ਪੰਜਾਬ ਵਿਚ ਚੱਲ ਰਿਹਾ ਹੈ, ਜਿਸ ਨੂੰ ਸੱਤਾਧਾਰੀ ਅਕਾਲੀ ਭਾਜਪਾ ਆਗੂਆਂ ਦੀ ਸ਼ਹਿ ਹਾਸਲ ਹੈ। ਜਾਖੜ ਨੇ ਕਿਹਾ ਕਿ ਵਿਕਾਸ ਨੂੰ ਤਾਂ ਸਰਕਾਰ ਭੁੱਲ ਹੀ ਗਈ ਹੈ। ਅਕਾਲੀ-ਭਾਜਪਾ ਦੋਵੇਂ ਆਪਸ ਵਿਚ ਲੜ ਰਹੇ ਹਨ। ਅਜਿਹੀ ਹਾਲਤ ਵਿਚ ਜਨਤਾ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਸਿਖਰ 'ਤੇ ਹੈ। ਮਾਫੀਆ ਨੇ ਟਰਾਂਸਪੋਰਟ, ਰੇਤ-ਬਜਰੀ, ਕੇਬਲ ਆਦਿ ਸਾਰੇ ਕਾਰੋਬਾਰਾਂ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਇਨ੍ਹਾਂ ਸਾਰੇ ਮੁੱਦਿਆਂ ਤੋਂ ਬਚਣ ਲਈ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦ ਰਹੀ।
ਬਾਦਲ ਸਰਕਾਰ ਨੇ 960 ਗਰੀਬਾਂ ਨਾਲ ਮਾਰੀ ਠੱਗੀ
NEXT STORY