ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), (ਤ੍ਰਿਪਾਠੀ, ਮਨੋਰੰਜਨ, ਮਾਰਕੰਡਾ)- ਬੀ. ਐੱਲ. ਐੱਮ. ਗਰਲਜ ਕਾਲਜ, ਆਰ. ਕੇ. ਆਰੀਆ ਕਾਲਜ, ਐੱਸ.ਐੱਨ. ਕਾਲਜ ਬੰਗਾ, ਜੀ. ਐੱਨ. ਕਾਲਜ ਬੰਗਾ ਅਤੇ ਡੀ. ਏ. ਐਨ. ਕਾਲਜ ਦੀ ਸਾਂਝੀ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਨੇ ਪਿਛਲੇ 20 ਮਹੀਨਿਆਂ ਦੀ ਰੁਕੀ ਗ੍ਰਾਂਟ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਡੀ. ਏ. ਐੱਨ. ਕਾਲਜ ਆਫ ਐਜੂਕੇਸ਼ਨ ਅਤੇ ਆਰ. ਕੇ. ਆਰੀਆ ਕਾਲਜ ਵਿਖੇ ਪ੍ਰਿੰਸੀਪਲ ਦਫਤਰਾਂ ਦੇ ਬਾਹਰ ਰੋਸ ਧਰਨੇ ਦਿੱਤੇ। ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਵਲੋਂ ਏਡਿਡ ਕਾਲਜਾਂ ਦੀ ਗ੍ਰਾਂਟ ਜਾਰੀ ਨਾ ਹੋਣ 'ਤੇ ਪੂਰਾ ਸਟਾਫ ਗੰਭੀਰ ਆਰਥਿਕ ਸੰਕਟ ਤੇ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਗ੍ਰਾਂਟ ਇਨ ਏਡ ਕਾਲਜਾਂ ਦੀ ਪਤਲੀ ਹੋ ਰਹੀ ਆਰਥਿਕ ਹਾਲਤ ਕਾਰਨ ਕਾਲਜ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਸਤੀਸ਼ ਚਰਨ ਤੇਜਪਾਲ ਤੇ ਜ਼ਿਲਾ ਪ੍ਰਧਾਨ ਕੇ. ਕੇ. ਗੋਇਲ ਨੇ ਕਿਹਾ ਕਿ ਸਰਕਾਰ ਨਾਨ ਟੀਚਿੰਗ ਸਟਾਫ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਬੇਰੁਖ਼ੀ ਦਾ ਰਵੱਈਆ ਅਪਣਾ ਰਹੀ ਹੈ, ਜਿਸ ਕਾਰਨ ਪੰਜਾਬ ਭਰ ਦੇ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਸਟਾਫ ਵਿਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਪੰਜਾਬ ਭਰ ਵਿਚ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਯੂਨੀਅਨ ਆਗੂ ਵਿਵੇਕ ਮਾਰਕੰਡਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਜਾ ਰਿਹਾ ਹੈ। ਆਰ. ਕੇ. ਆਰੀਆ ਕਾਲਜ ਵਿਖੇ ਆਯੋਜਿਤ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੋ. ਵਿਨੇ ਸੋਫਟ, ਸੰਜੀਵ ਡਾਬਰ, ਪ੍ਰੋ. ਐੱਸ. ਕੇ. ਪੁਰੀ, ਪ੍ਰੋ. ਗਿੱਲ, ਵਿਕਾਸ ਕੁਮਾਰ, ਅੰਬਿਕਾ ਸ਼ਰਮਾ, ਰੇਣੂ ਕਾਰਾ ਆਦਿ ਨੇ ਸਰਕਾਰ ਦੀਆਂ ਨੀਤੀਆਂ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਅਧਿਆਪਕ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਮਜਬੂਰੀ ਵੱਸ ਜਥੇਬੰਦੀ ਵਲੋਂ 15 ਅਤੇ 19 ਦਸੰਬਰ ਦੀਆਂ ਸਮੈਸਟਰ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 2013-14 ਦੇ ਬਜ਼ਟ 'ਚ ਸੂਬਾ ਸਰਕਾਰ ਵਲੋਂ ਏਡਿਡ ਕਾਲਜਾਂ ਦੇ ਮੁਲਾਜਮਾਂ ਦੀਆਂ ਤਨਖਾਹਾਂ ਲਈ ਕਰੀਬ 200 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਿਚੋਂ ਸਿਰਫ ਕਰੀਬ 43 ਕਰੋੜ ਰੁਪਏ ਦੀ ਗ੍ਰਾਂਟ ਹੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਟੇਟ ਬਾਡੀ ਦੇ ਸੱਦੇ ਤਹਿਤ 19 ਦਸੰਬਰ ਨੂੰ 1 ਰੋਜ਼ਾ ਹੜਤਾਲ ਕਰਕੇ ਰੋਸ ਧਰਨੇ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫਿਰ ਵੀ ਗ੍ਰਾਂਟਾਂ ਜਾਰੀ ਨਹੀਂ ਕੀਤੀਆਂ ਤਾਂ ਸਰਕਾਰ ਦੇ ਖਿਲਾਫ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਅਮਰ ਚੰਦ, ਸ਼ਾਮ ਲਾਲ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਵਿਵੇਕ ਕੁਮਾਰ, ਸੁਖਮਿੰਦਰ ਸਿੰਘ, ਨਰੇਸ਼ ਕਾਲੀਆ, ਹਰਨੀਤ, ਵੀਨਾ ਰਾਣੀ, ਤਿਸ਼ਲਾ ਦੇਵੀ, ਸੁਪਰਡੈਂਟ ਅਮਰ ਸਿੰਘ, ਜਤਿੰਦਰ ਕਾਲੀਆ, ਅਮੀਰ ਚੰਦ, ਸੰਜੇ ਕੁਮਾਰ, ਰਾਜੇਸ਼ ਭਗਤ, ਸਤਵੀਰ ਕੌਰ, ਸੰਧਿਆ, ਵਿਨੋਦ ਕੁਮਾਰ, ਸ਼ਕਤੀ ਕੁਮਾਰ, ਗੋਪਾਲ, ਰਾਮ ਪ੍ਰਕਾਸ਼, ਦਲਜੀਤ ਕੁਮਾਰ, ਜਸਵਿੰਦਰ ਭੋਲਾ, ਸੁਨੀਲ ਕੁਮਾਰ, ਰਾਜਨ ਚੌਹਾਨ, ਹੌਸਲਾ ਪ੍ਰਸਾਦ ਤੇ ਕੁਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਨਸ਼ਾ ਰੂਪੀ ਕੋਹੜ ਨੂੰ ਖਤਮ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ : ਡੀ. ਐੱਸ. ਪੀ.
NEXT STORY