ਰਾਕਸ਼ਸ ਤਾਂ ਕਈ ਹੋਏ ਹਨ, ਉਨ੍ਹਾਂ 'ਚੋਂ ਇਕ ਜਲੰਧਰ ਨਾਂ ਦਾ ਰਾਕਸ਼ਸ ਵੀ ਹੋਇਆ ਹੈ, ਜਿਸ ਨੇ ਬਹੁਤ ਜ਼ੁਲਮ ਕੀਤੇ ਸਨ। ਇਤਿਹਾਸ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਰਾਕਸ਼ਸ ਦਾ ਰਾਜ ਜਲੰਧਰ ਸ਼ਹਿਰ ਉਪਰ ਸੀ ਅਤੇ ਇਸੇ ਸ਼ਹਿਰ ਦੇ ਵਿਚ ਜੋ ਕੋਟ ਕਿਸ਼ਨ ਚੰਦ ਮੁਹੱਲਾ ਹੈ, ਇਸ ਜਗ੍ਹਾ 'ਤੇ ਹੀ ਜਲੰਧਰ ਰਾਕਸ਼ਸ ਦੀ ਪਤਨੀ ਦਾ ਮੰਦਰ ਵੀ ਹੈ। ਰਾਕਸ਼ਸ ਜਲੰਧਰ ਦੀ ਪਤਨੀ ਦਾ ਨਾਂ ਵਰਿੰਦਾ ਸੀ। ਸ਼ਕਤੀਸ਼ਾਲੀ ਬਣਨ ਲਈ ਜਲੰਧਰ ਨੇ ਇੰਨੀ ਕਠਿਨ ਤਪੱਸਿਆ ਕੀਤੀ ਕਿ ਉਸ ਤੋਂ ਸਭ ਡਰਨ ਲੱਗੇ ਅਤੇ ਤਪੱਸਿਆ ਕਰਨ ਤੋਂ ਬਾਅਦ ਉਹ ਬਹੁਤ ਹੀ ਸ਼ਕਤੀਸ਼ਾਲੀ ਬਣ ਗਿਆ। ਉਸ ਨੇ ਇੰਨੇ ਜ਼ੁਲਮ ਕੀਤੇ ਕਿ ਉਹ ਇਹ ਭੁੱਲ ਗਿਆ ਕਿ ਉਸ ਨੂੰ ਯਮਲੋਕ ਪਹੁੰਚਾਉਣ ਲਈ ਵੀ ਪ੍ਰਭੂ ਨੇ ਕੋਈ ਨਾ ਕੋਈ ਰਸਤਾ ਰੱਖਿਆ ਹੋਇਆ ਸੀ।
ਕਥਾ ਦੇ ਅਨੁਸਾਰ ਪ੍ਰਭੂ ਸ਼ਿਵ ਜੀ ਨੇ ਆਪਣੇ ਤੇਜ ਨੂੰ ਸਮੁੰਦਰ 'ਚ ਸੁੱਟ ਦਿੱਤਾ। ਉਸ ਜਗ੍ਹਾ ਤੋਂ ਬਹੁਤ ਹੀ ਸ਼ਕਤੀਸ਼ਾਲੀ ਬਾਲਕ ਨੇ ਜਨਮ ਲਿਆ। ਅੱਗੇ ਜਾ ਕੇ ਜਿਸ ਦਾ ਨਾਂ ਜਲੰਧਰ ਰੱਖਿਆ ਗਿਆ। ਜਦੋਂ ਜਲੰਧਰ ਜਵਾਨ ਹੋਇਆ ਤਾਂ ਰਾਕਸ਼ਸ ਕਾਲਨੇਮੀ ਦੀ ਰੂਪਵਤੀ ਕੰਨਿਆ ਵਰਿੰਦਾ ਦਾ ਵਿਆਹ ਜਲੰਧਰ ਨਾਲ ਹੋ ਗਿਆ। ਆਪਣੇ ਬਲ ਦੇ ਘੁਮੰਡ ਵਿਚ ਆ ਕੇ ਉਹ ਮਾਤਾ ਲਕਸ਼ਮੀ ਨਾਲ ਵਿਆਹ ਕਰਵਾਉਣ ਲਈ ਜ਼ਿੱਦ ਕਰਨ ਲੱਗਾ, ਜਿਸ ਕਰਕੇ ਉਸ ਨੇ ਬਹੁਤ ਹੀ ਜ਼ੁਲਮ ਕੀਤੇ ਅਤੇ ਯੁੱਧ ਵੀ ਕੀਤਾ ਪਰ ਸਮੁੰਦਰ ਵਿਚੋਂ ਪੈਦਾ ਹੋਣ ਕਰਕੇ ਮਾਤਾ ਲਕਸ਼ਮੀ ਨੇ ਉਸ ਨੂੰ ਆਪਣਾ ਭਰਾ ਬਣਾ ਲਿਆ। ਇਥੋਂ ਹਾਰ ਜਾਣ ਕਰਕੇ ਉਹ ਮਾਤਾ ਪਾਰਵਤੀ ਨੂੰ ਪ੍ਰਾਪਤ ਕਰਨ ਲਈ ਸੁਪਨੇ ਲੈਣ ਲੱਗਾ। ਉਹ ਕੈਲਾਸ਼ ਪਰਬਤ ਉਪਰ ਗਿਆ ਅਤੇ ਮਾਤਾ ਪਾਰਵਤੀ ਨੂੰ ਪ੍ਰਾਪਤ ਕਰਨ ਲਈ ਉਸ ਨੇ ਭਗਵਾਨ ਸ਼ਿਵ ਜੀ ਦਾ ਰੂਪ ਧਾਰਨ ਕਰ ਲਿਆ ਪਰ ਮਾਤਾ ਪਾਰਵਤੀ ਨੇ ਉਸ ਨੂੰ ਪਛਾਣ ਲਿਆ ਕਿ ਇਹ ਪ੍ਰਭੂ ਸ਼ਿਵ ਨਹੀਂ ਹਨ। ਉਥੋਂ ਮਾਤਾ ਅਦ੍ਰਿਸ਼ ਹੋ ਗਏ। ਮਾਤਾ ਪਾਰਵਤੀ ਨੇ ਇਹ ਸਾਰੀ ਕਹਾਣੀ ਸ਼੍ਰੀ ਵਿਸ਼ਨੂੰ ਜੀ ਨੂੰ ਸੁਣਾਈ।
ਸ਼੍ਰੀ ਵਿਸ਼ਨੂੰ ਜੀ ਨੇ ਮਾਤਾ ਪਾਰਵਤੀ ਜੀ ਨੂੰ ਉਸ ਦੀ ਪਤਨੀ ਬਾਰੇ ਦੱਸਿਆ ਕਿ ਰਾਕਸ਼ਸ ਜਲੰਧਰ ਦੀ ਪਤਨੀ ਵਰਿੰਦਾ ਇਕ ਪਤੀਵਰਤਾ ਔਰਤ ਹੈ, ਉਸ ਦੀ ਸ਼ਕਤੀ ਨਾਲ ਇਹ ਮਾਰਿਆ ਨਹੀਂ ਜਾ ਸਕਦਾ। ਇਸ ਕਰਕੇ ਇਹ ਅਜੈ ਹੈ। ਇਸ ਨੂੰ ਪਰਾਜਿਤ ਕਰਨ ਲਈ ਇਸ ਦੀ ਪਤਨੀ ਦਾ ਪਤੀਵਰਤ ਧਰਮ ਭੰਗ ਕਰਨਾ ਪਵੇਗਾ। ਇਸ ਤੋਂ ਬਾਅਦ ਸ਼੍ਰੀ ਵਿਸ਼ਨੂੰ ਜੀ ਨੇ ਇਕ ਰਿਸ਼ੀ ਦਾ ਰੂਪ ਧਾਰਨ ਕੀਤਾ ਅਤੇ ਇਕ ਵਣ ਵਿਚ ਜਾ ਪਹੁੰਚੇ। ਉਸ ਵਣ ਵਿਚ ਹੀ ਵਰਿੰਦਾ ਵੀ ਘੁੰਮ ਰਹੀ ਸੀ। ਭਗਵਾਨ ਦੇ ਨਾਲ ਦੋ ਮਾਇਆਵੀ ਰਾਕਸ਼ਸ ਵੀ ਸਨ, ਜਿਨ੍ਹਾਂ ਨੂੰ ਵੇਖ ਕੇ ਵਰਿੰਦਾ ਡਰ ਗਈ। ਇਹ ਦੇਖ ਕੇ ਭਗਵਾਨ ਨੇ ਉਨ੍ਹਾਂ ਨੂੰ ਭਸਮ ਕਰ ਦਿੱਤਾ ਕਿਉਂਕਿ ਉਹ ਤਾਂ ਭਗਵਾਨ ਵਿਸ਼ਨੂੰ ਜੀ ਦੀ ਮਾਇਆ ਹੀ ਸੀ। ਰਿਸ਼ੀ ਜੀ ਦੀ ਸ਼ਕਤੀ ਦੇਖ ਕੇ ਵਰਿੰਦਾ ਨੇ ਕਿਹਾ ਕਿ ਮੇਰੇ ਪਤੀ ਪ੍ਰਭੂ ਮਹਾਦੇਵ ਜੀ ਨਾਲ ਯੁੱਧ ਲੜ ਰਹੇ ਹਨ, ਉਨ੍ਹਾਂ ਬਾਰੇ ਦੇਖ ਕੇ ਦੱਸਣਾ। ਰਿਸ਼ੀ ਜੀ (ਵਿਸ਼ਨੂੰ ਜੀ) ਨੇ ਆਪਣੇ ਮਾਇਆ ਜਾਲ ਨਾਲ ਦੋ ਬਾਂਦਰ ਪੈਦਾ ਕੀਤੇ। ਇਕ ਦੇ ਹੱਥ ਵਿਚ ਜਲੰਧਰ ਦਾ ਸਿਰ ਸੀ ਅਤੇ ਦੂਸਰੇ ਬਾਂਦਰ ਦੇ ਹੱਥ ਵਿਚ ਜਲੰਧਰ ਦਾ ਧੜ ਸੀ। ਆਪਣੇ ਪਤੀ ਦੀ ਇਹ ਹਾਲਤ ਦੇਖ ਕੇ ਵਰਿੰਦਾ ਬੇਹੋਸ਼ ਹੋ ਗਈ। ਹੋਸ਼ ਵਿਚ ਆਉਣ 'ਤੇ ਵਰਿੰਦਾ ਨੇ ਰਿਸ਼ੀ ਨੂੰ ਕਿਹਾ ਕ੍ਰਿਪਾ ਕਰਕੇ ਇਨ੍ਹਾਂ ਨੂੰ ਜਿਊਂਦਾ ਕਰ ਦਿਓ। ਪ੍ਰਭੂ ਨੇ ਆਪਣੀ ਮਾਇਆ ਨਾਲ ਸਿਰ ਅਤੇ ਧੜ ਨੂੰ ਜੋੜ ਦਿੱਤਾ ਅਤੇ ਆਪ ਉਸ ਵਿਚ ਪ੍ਰਵੇਸ਼ ਕਰ ਗਏ।
ਵਰਿੰਦਾ ਨੂੰ ਇਸ ਛਲ ਦਾ ਪਤਾ ਨਹੀਂ ਲੱਗਾ। ਜਲੰਧਰ ਬਣੇ ਭਗਵਾਨ ਨਾਲ ਵਰਿੰਦਾ ਪਤਨੀ ਵਾਲਾ ਵਰਤਾਓ ਕਰਨ ਲੱਗੀ, ਜਿਸ ਕਾਰਨ ਉਸ ਦਾ ਸਤ ਭੰਗ ਹੋ ਗਿਆ। ਇਸ ਤਰ੍ਹਾਂ ਜਲੰਧਰ ਯੁੱਧ ਵਿਚ ਹਾਰ ਗਿਆ। ਜਦੋਂ ਵਰਿੰਦਾ ਨੂੰ ਪਤਾ ਲੱਗਾ ਕਿ ਉਹ ਪਤੀਵਰਤਾ ਨਹੀਂ ਰਹੀ ਅਤੇ ਉਸ ਦਾ ਸਤੀਪਨ ਖਤਮ ਹੋ ਗਿਆ ਹੈ ਤਾਂ ਉਹ ਭਸਮ ਹੋ ਗਈ।
ਵਰਿੰਦਾ ਜਿਥੇ ਭਸਮ ਹੋਈ, ਉਸ ਜਗ੍ਹਾ ਉਪਰ ਇਕ ਤੁਲਸੀ ਦਾ ਪੌਦਾ ਪੈਦਾ ਹੋ ਗਿਆ। ਭਗਵਾਨ ਵਿਸ਼ਨੂੰ ਜੀ ਨੇ ਕਿਹਾ ਜਲੰਧਰ ਨੂੰ ਹਰਾਉਣ ਦਾ ਸਿਰਫ ਇਹੋ ਹੀ ਉਪਾਅ ਸੀ, ਨਹੀਂ ਤਾਂ ਉਸ ਨੇ ਸਾਰੀ ਦੁਨੀਆ ਨੂੰ ਤਹਿਸ-ਨਹਿਸ ਕਰ ਦੇਣਾ ਸੀ। ਇਸ ਤੋਂ ਬਾਅਦ ਪ੍ਰਭੂ ਨੇ ਕਿਹਾ ਹੇ ਵਰਿੰਦਾ! ਤੂੰ ਆਪਣੇ ਸਤੀਪਨ ਦੇ ਕਾਰਨ ਮੈਨੂੰ ਲਕਸ਼ਮੀ ਤੋਂ ਵੀ ਵੱਧ ਪਿਆਰੀ ਹੋ ਗਈ ਹੈਂ। ਹੁਣ ਤੂੰ ਤੁਲਸੀ ਦੇ ਰੂਪ ਵਿਚ ਹਮੇਸ਼ਾ ਮੇਰਾ ਸਾਥ ਰਹੇਂਗੀ, ਜੋ ਮੇਰੇ ਨਾਲ ਤੇਰੀ ਪੂਜਾ ਅਤੇ ਵਿਆਹ ਕਰੇਗਾ, ਉਸ ਨੂੰ ਲੋਕ ਤੇ ਪਰਲੋਕ ਵਿਚ ਯਸ਼ ਪ੍ਰਾਪਤ ਹੋਵੇਗਾ। ਜਿਸ ਘਰ ਵਿਚ ਤੁਲਸੀ ਹੋਵੇਗੀ, ਉਸ ਘਰ 'ਚ ਭੂਤ-ਪ੍ਰੇਤ ਵਾਸ ਨਹੀਂ ਕਰਨਗੇ ਕਿਉਂਕਿ ਤੁਲਸੀ ਦੇ ਨਾਲ ਪ੍ਰਭੂ ਜ਼ਰੂਰ ਹੰਦੇ ਹਨ। ਉਸ ਜਗ੍ਹਾ ਯਮਦੂਤ ਵੀ ਨਹੀਂ ਆ ਸਕਦੇ।