ਜਲੰਧਰ - ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਬਿਕਵਾਲੀ ਕਾਰਨ ਸ਼ੇਅਰ ਬਾਜ਼ਾਰ ਬੇਲਗਾਮ ਹੁੰਦਾ ਦਿਖਾਈ ਦੇ ਰਿਹਾ ਹੈ। ਆਲਮ ਇਹ ਹੈ ਕਿ ਪਿਛਲੇ ਟਰੇਡਿੰਗ ਸੈਸ਼ਨ ਵਿਚ ਸ਼ੇਅਰ ਬਾਜ਼ਾਰ 1900 ਤੋਂ ਵਧੇਰੇ ਅੰਕ ਦਾ ਗੋਤਾ ਪਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਬਾਜ਼ਾਰ ਦੀ ਇਹ ਗਿਰਾਵਟ ਰੁਕ ਸਕੇਗੀ, ਇਸ ਸੰਬੰਧੀ ਕੁਝ ਵੀ ਕਹਿਣਾ ਮੁਸ਼ਕਲ ਹੈ। ਇਸ ਦੌਰਾਨ ਡਾਲਰ ਦੇ ਮੁਕਾਬਲੇ ਲਗਾਤਾਰ ਡਿਗਦੇ ਜਾ ਰਹੇ ਰੁਪਏ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਚਿੰਤਾ ਵਧਾ ਦਿਤੀ ਹੈ। ਮੰਗਲਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 63.25 ਰੁਪਏ ਪ੍ਰਤੀ ਡਾਲਰ ਤਕ ਫਿਸਲ ਗਿਆ। 16 ਨਵੰਬਰ ਨੂੰ ਡਾਲਰ ਦੀ ਕੀਮਤ 61.81 ਰੁਪਏ ਸੀ ਅਤੇ ਇਕ ਮਹੀਨੇ ਵਿਚ ਰੁਪਿਆ ਡਾਲਰ ਦੇ ਮੁਕਾਬਲੇ 2 ਰੁਪਏ ਕਮਜ਼ੋਰ ਹੋਇਆ ਹੈ। ਇਸ ਦਾ ਸਿੱਧਾ ਅਸਰ ਦਰਾਮਦ ਬਿੱਲ 'ਤੇ ਪਵੇਗਾ, ਜਿਸ ਨਾਲ ਇਸ ਤਿਮਾਹੀ ਵਿਚ ਵੀ ਵਪਾਰ ਘਾਟਾ ਵਧਣ ਦੀ ਸ਼ੰਕਾ ਵਧ ਗਈ ਹੈ। 26 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਵੇਲੇ ਡਾਲਰ ਦੀ ਕੀਮਤ 58.43 ਰੁਪਏ ਸੀ ਅਤੇ ਪਿਛਲੇ 6 ਮਹੀਨਿਆਂ ਦੌਰਾਨ ਰੁਪਿਆ ਡਾਲਰ ਦੇ ਮੁਕਾਬਲੇ ਲੱਗਭਗ 5.50 ਰੁਪਏ ਕਮਜ਼ੋਰ ਹੋਇਆ ਹੈ। ਕਰੰਸੀ ਵਿਚ ਇੰਨੀ ਗਿਰਾਵਟ ਕਾਰਨ ਵਿੱਤ ਮੰਤਰੀ ਦਾ ਚਿੰਤਤ ਹੋਣਾ ਸੁਭਾਵਕ ਹੈ, ਕਿਉਂਕਿ ਕੱਚੇ ਤੇਲ ਵਿਚ ਗਿਰਾਵਟ ਕਾਰਨ ਸਰਕਾਰ ਨੂੰ ਹੋਣ ਵਾਲਾ ਫਾਇਦਾ ਡਿਗਦੇ ਰੁਪਏ ਕਾਰਨ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ, ਹਾਲਾਂਕਿ ਡਾਲਰ ਦੇ ਮੁਕਾਬਲੇ ਦੁਨੀਆ ਭਰ ਵਿਚ ਕਰੰਸੀ ਕਮਜ਼ੋਰ ਹੋਈ ਹੈ ਅਤੇ ਪਿਛਲੇ 6 ਮਹੀਨਿਆਂ ਦੌਰਾਨ ਜਾਪਾਨੀ ਯੇਨ 13.80 ਫੀਸਦੀ, ਆਸਟ੍ਰੇਲੀਆਈ ਡਾਲਰ 13.33 ਫੀਸਦੀ, ਮੈਕਸੀਕਨ ਪੈਸੋ 12.94 ਫੀਸਦੀ, ਯੂਰੋ 8.12 ਫੀਸਦੀ, ਕੈਨੇਡੀਅਨ ਡਾਲਰ 7.15 ਫੀਸਦੀ ਅਤੇ ਪੌਂਡ ਵਿਚ 7.67 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇਸ ਦੌਰਾਨ ਭਾਰਤੀ ਰੁਪਿਆ ਵੀ ਲਗਭਗ 10 ਫੀਸਦੀ ਟੁੱਟ ਗਿਆ।
ਸੋਨੇ ਦੀ ਵਧਦੀ ਦਰਾਮਦ ਨੇ ਵਧਾਈ ਸਰਕਾਰ ਦੀ ਚਿੰਤਾ
NEXT STORY