ਪੰਜਾਬ ਅੰਦਰ ਮਿਊਂਸੀਪਲ ਚੋਣਾਂ ਦਾ ਬਜਾਇਆ ਬਿਗੁੱਲ
ਮੋਗਾ, ਨਿਹਾਲ ਸਿੰਘ ਵਾਲਾ— (ਪਵਨ ਗਰੋਵਰ, ਗੋਪੀ, ਗੁਪਤਾ, ਜਗਸੀਰ, ਬਾਵਾ)-ਪੰਜਾਬ ਅੰਦਰ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਦਾ ਖਾਤਮਾ ਕਰਨਾ ਹੁਣ ਅਕਾਲੀਆਂ ਦੇ ਵੱਸ ਦੀ ਗੱਲ ਨਹੀਂ ਰਹੀ ਤੇ ਇਸ ਸਰਕਾਰ ਦਾ ਅੰਤ ਹੁਣ ਨੇੜੇ ਆ ਗਿਆ ਹੈ ਕਿਉਂਕਿ ਵੱਡੇ-ਵੱਡੇ ਡਰੱਗ ਸਮੱਗਲਰਾਂ ਨੇ ਨਸ਼ਿਆਂ ਦੇ ਕਾਰੋਬਾਰ 'ਚ ਪੰਜਾਬ ਦੇ ਤਿੰਨ ਮੌਜੂਦਾ ਮੰਤਰੀਆਂ ਦੇ ਨਾਂ ਇੰਕਸਾਫ ਕਰਕੇ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 29 ਸੂਬਿਆਂ 'ਚੋਂ ਸਭ ਤੋਂ ਵੱਧ ਪੰਜਾਬ ਨੂੰ ਨਸ਼ਾ ਗ੍ਰਸਤ ਸੂਬਾ ਦੱਸ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਅਤੇ ਮੌਜੂਦਾ ਸਰਕਾਰੀ ਤੰਤਰ ਪੰਜਾਬ ਅੰਦਰ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਸੁਹਿਰਦ ਨਹੀਂ ਪਰ ਕਾਂਗਰਸ ਪਾਰਟੀ ਪੰਜਾਬ ਵਾਸੀਆਂ ਨਾਲ ਵਾਅਦਾ ਕਰਦੀ ਹੈ ਕਿ ਜਿਸ ਤਰ੍ਹਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਅੱਤਵਾਦ ਵਿਰੁੱਧ ਅੰਦੋਲਨ ਛੇੜ ਕੇ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਪੈਦਾ ਕੀਤੀ, ਉਸੇ ਤਰ੍ਹਾਂ 2017 'ਚ ਪੰਜਾਬ ਵਾਸੀਆਂ ਦੀ ਵੋਟ ਰੂਪੀ ਤਾਕਤ ਨਾਲ ਸੱਤਾ 'ਤੇ ਕਾਬਜ਼ ਹੁੰਦਿਆਂ ਕਾਂਗਰਸ ਪਾਰਟੀ 1 ਸਾਲ ਦੇ ਅੰਦਰ-ਅੰਦਰ ਨਸ਼ਿਆਂ ਦੇ ਕੋਹੜ ਨੂੰ ਪੰਜਾਬ 'ਚੋਂ ਕੱਢ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਨਿਹਾਲ ਸਿੰਘ ਵਾਲਾ ਵਿਖੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਜ਼ਿਲਾ ਪ੍ਰਧਾਨ ਕਾਂਗਰਸ ਮੋਗਾ ਦੀ ਅਗਵਾਈ ਹੇਠ ਹੋਈ ਹਲਕਾ ਪੱਧਰੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਬਾਜਵਾ ਨੇ ਪੰਜਾਬ ਵਾਸੀਆਂ ਨੂੰ ਆਗਾਮੀ ਮਿਊਂਸੀਪਲ ਚੋਣਾਂ 'ਚ ਕਾਂਗਰਸ ਅਤੇ ਹਮਾਇਤੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੈਮੀਫਾਈਨਲ ਰੂਪੀ ਇਨ੍ਹਾਂ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਤਾਂ ਜੋ ਪੰਜਾਬ ਅੰਦਰ ਕਾਂਗਰਸ ਸਰਕਾਰ ਆਉਣ ਦਾ ਮੁੱਢ ਬੰਨ੍ਹਿਆ ਜਾ ਸਕੇ। ਅੱਜ ਠਾਠਾਂ ਮਾਰਦੇ ਇਕੱਠ 'ਚ ਬਾਜਵਾ ਨੇ ਮਿਊਂਸੀਪਲ ਚੋਣਾਂ ਦਾ ਬਿਗੁੱਲ ਬਜਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਇਨ੍ਹਾਂ ਚੋਣਾਂ ਨੂੰ ਲੈ ਕੇ ਸੱਤਾਧਾਰੀ ਅਕਾਲੀ-ਭਾਜਪਾ ਦੀ ਵਿਰੋਧੀ ਪਾਰਟੀਆਂ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ ਅਤੇ ਸਾਰੀਆਂ ਧਿਰਾਂ ਸੱਤਾਧਾਰੀ ਪਾਰਟੀ ਦੀਆਂ ਨਾਕਾਮੀਆਂ ਨੂੰ ਲੈ ਕੇ ਮੈਦਾਨ 'ਚ ਨਿੱਤਰਨਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਵਲੋਂ ਨਿਯੁਕਤ ਜ਼ਿਲਾ ਆਬਜ਼ਰਵਰ ਅਤੇ ਕਾਂਗਰਸ ਪੰਜਾਬ ਦੇ ਸਕੱਤਰ ਅਨਿਲ ਦੱਤਾ ਨੇ ਕਿਹਾ ਕਿ ਅਕਾਲੀ ਅਤੇ ਭਾਜਪਾ ਆਗੂ ਇਕ-ਦੂਜੇ ਵਿਰੁੱਧ ਬਿਆਨਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣਾ ਚਾਹੁੰਦੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਨੇ ਨਸ਼ਿਆਂ ਦਾ ਗੜ੍ਹ ਪੈਦਾ ਕਰਕੇ ਜਵਾਨੀ ਨੂੰ ਰੋਲ ਦਿੱਤਾ ਹੈ ਅਤੇ ਅੱਜ ਸਰਕਾਰ ਦੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਸਰਕਾਰ ਦਾ ਮੁਖੀ ਹੋਰ ਬਿਆਨ ਤੇ ਜਦਕਿ ਉਨ੍ਹਾਂ ਦੇ ਮੰਤਰੀ ਅਲੱਗ ਬਿਆਨ ਦੇ ਰਹੇ ਹਨ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੂੰ ਦਰਸ਼ਨ ਸਿੰਘ ਬਰਾੜ, ਯੂਥ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ, ਪੰਜਾਬ ਕਾਂਗਰਸ ਦੇ ਸਕੱਤਰ ਡਾ. ਹਰਜੋਤ ਕਮਲ, ਸਕੱਤਰ ਪੰਜਾਬ ਬੀਬੀ ਜਗਦਰਸ਼ਨ ਕੌਰ, ਕਾਂਗਰਸ ਹਲਕਾ ਇੰਚਾਰਜ ਅਨਿਲ ਦੱਤਾ, ਯੂਥ ਆਗੂ ਕੁਲਬੀਰ ਸਿੰਘ ਜ਼ੀਰਾ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਪਰਮਜੀਤ ਸਿੰਘ ਨੰਗਲ, ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਮਨਜੀਤ ਸਿੰਘ ਮਾਨ, ਗੁਰਦੌਰ ਸਿੰਘ, ਗੋਗੀ ਸ਼ਾਹੀ, ਗੁਰਚਰਨ ਸਿੰਘ ਚੀਦਾਂ, ਜਗਜੀਤ ਦੀਸ਼ਾ ਬੱਧਨੀ, ਗੁਰਮੀਤ ਮੁਖੀਜਾ, ਮਦਨ ਲਾਲ ਸੀਕਰੀ (ਸਾਰੇ ਬਲਾਕ ਪ੍ਰਧਾਨ), ਡਾ. ਦਵਿੰਦਰ ਗਿੱਲ, ਸੋਮਦੱਤ ਜੋਸ਼ੀ ਤੇ ਗਿਆਨ ਚੰਦ ਆਦਿ ਸ਼ਖਸੀਅਤਾਂ ਨੇ ਤਲਵਾਰ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਰਿੰਦਰ ਕੁਮਾਰ ਗੋਰਖਾ, ਪ੍ਰਵੀਨ ਬਾਂਸਲ, ਭੋਲਾ ਰਾਊਕੇ, ਮੀਤਾ ਰਣੀਆ, ਸੱਤਾ ਢੁੱਡੀਕੇ, ਜਗਸੀਰ ਕਾਲੇਕੇ, ਜਗਸੀਰ ਨੰਗਲ, ਪੱਪੀ ਰਾਊਕੇ, ਰਵੀ ਲੋਪੋਂ, ਜੱਸਾ ਲੋਪੋਂ, ਜੱਗੂ ਲੋਪੋਂ, ਪਰਮਿੰਦਰ ਡਿੰਪਲ, ਅਮਰਾ ਲੋਪੋਂ, ਸੰਦੇਸ਼ੀ ਢੁੱਡੀਕੇ, ਬਲਦੇਵ ਸਰਪੰਚ ਕੁੱਸਾ ਤੇ ਅਮਰਜੀਤ ਬਰਾੜ ਮੱਲਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕਾ ਨਿਹਾਲ ਸਿੰਘ ਵਾਲਾ ਦੇ ਆਗੂ ਤੇ ਵਰਕਰ ਹਾਜ਼ਰ ਸਨ। ਇਸ ਰੈਲੀ ਨੂੰ ਬਾਜਵਾ ਤੋਂ ਇਲਾਵਾ ਅਨਿਲ ਦੱਤਾ ਇੰਚਾਰਜ, ਸਕੱਤਰ ਡਾ. ਹਰਜੋਤ ਕਮਲ, ਭਜਨ ਸਿੰਘ ਜੈਦ, ਪਰਮਜੀਤ ਸਿੰਘ ਨੰਗਲ, ਬੀਬੀ ਜਗਦਰਸ਼ਨ ਕੌਰ, ਮਨਜੀਤ ਸਿੰਘ, ਗੋਗੀ ਸ਼ਾਹੀ ਤੇ ਕੁਲਬੀਰ ਜ਼ੀਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
'ਹੰਸ' ਦੀ ਤਾਂ ਮੇਰੇ ਨਾਲ ਗੱਲ ਹੀ ਨਾ ਕਰੋ : ਟਰਾਂਸਪੋਰਟ ਮੰਤਰੀ (ਵੀਡੀਓ)
NEXT STORY