ਬਠਿੰਡਾ, (ਬਲਵਿੰਦਰ)-'ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਦੀ ਸਕਿਓਰਿਟੀ ਵਾਪਸ ਲਏ ਜਾਣਾ, ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਜਾਂ ਆਰ. ਐੱਸ. ਐੱਸ./ਭਾਜਪਾ ਵਿਰੁੱਧ ਬਿਆਨਬਾਜ਼ੀ ਹੈ।' ਇਸ ਸਵਾਲ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਸਲੇ ਨਾਲ ਪੰਜਾਬ ਸਰਕਾਰ ਦਾ ਕੋਈ ਮਤਲਬ ਨਹੀਂ ਹੈ। ਪੁਲਸ ਨੇ ਰੀਵਿਊ ਕਰਵਾ ਕੇ ਰਿਪੋਰਟ ਬਣਾਉਣੀ ਹੁੰਦੀ ਹੈ। ਉਸੇ ਰਿਪੋਰਟ ਦੇ ਆਧਾਰ 'ਤੇ ਸਬੰਧਿਤ ਵਿਅਕਤੀਆਂ ਨੂੰ ਸਕਿਓਰਿਟੀ ਦਿੱਤੀ ਜਾਂ ਵਾਪਸ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਦੀ ਆਰ. ਐੱਸ. ਐੱਸ. ਵਿਰੁੱਧ ਬਿਆਨਬਾਜ਼ੀ ਉਨ੍ਹਾਂ ਦੀ ਨਿੱਜੀ ਰਾਏ ਹੈ, ਉਸ ਦਾ ਸਕਿਓਰਿਟੀ ਨਾਲ ਕੋਈ ਸਬੰਧ ਨਹੀਂ ਹੈ। ਸ. ਬਾਦਲ ਇੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ਼ਤਾਬਦੀ ਐਕਸਪ੍ਰੈੱਸ ਬਠਿੰਡਾ-ਦਿੱਲੀ ਰੇਲ ਗੱਡੀ ਨੂੰ ਝੰਡੀ ਦੇਣ ਲਈ ਪਹੁੰਚੇ ਹੋਏ ਸਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਪੰਜਾਬ ਦੀ ਕਾਲੀ ਸੂਚੀ ਖਤਮ ਕਰਨ ਖਾਤਿਰ ਪੱਤਰ ਲਿਖ ਚੁੱਕੇ ਹਨ ਕਿਉਂਕਿ ਜਿਨ੍ਹਾਂ ਵਿਅਕਤੀਆਂ ਦੇ ਨਾਂ ਉਸ ਕਾਲੀ ਸੂਚੀ ਵਿਚ ਹਨ, ਉਨ੍ਹਾਂ ਵਿਚੋਂ ਬਹੁਤੇ ਮਰ ਚੁੱਕੇ ਹਨ ਅਤੇ ਰਹਿੰਦੇ ਬਜ਼ੁਰਗ ਹੋ ਚੁੱਕੇ ਹਨ। ਇਸ ਲਈ ਲੋੜ ਹੈ ਕਿ ਕਾਲੀ ਸੂਚੀ ਖਤਮ ਕਰਕੇ ਸਬੰਧਿਤ ਵਿਅਕਤੀਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾਵੇ।
ਸੁਖਬੀਰ ਬਾਦਲ ਦੇ ਧੁਰ ਅੰਦਰੋਂ ਨਿਕਲਿਆ ਇਤਰਾਜ਼
ਅੱਜ ਇੱਥੇ ਸੁਖਬੀਰ ਬਾਦਲ ਦੇ ਧੁਰ ਅੰਦਰੋਂ ਮੁੜ ਇਤਰਾਜ਼ ਨਿਕਲਿਆ ਕਿ ''ਅਸੀਂ ਬਠਿੰਡਾ ਸ਼ਹਿਰ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ, ਜਿੱਥੇ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ। ਲੋਕਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਇਹ ਸ਼ਹਿਰ ਤਰੱਕੀਆਂ ਦੀਆਂ ਬੁਲੰਦੀਆਂ 'ਤੇ ਪਹੁੰਚ ਜਾਵੇਗਾ। ਪ੍ਰੰਤੂ ਲੋਕਾਂ ਨੇ ਉਨ੍ਹਾਂ ਦੀ ਕਦਰ ਨਾ ਜਾਣੀ''। ਸ. ਬਾਦਲ ਦਾ ਇਸ਼ਾਰਾ ਲੋਕ ਸਭਾ ਚੋਣਾਂ ਦੇ ਨਤੀਜੇ ਵੱਲ ਸੀ, ਕਿਉਂਕਿ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਤੋਂ 29 ਹਜ਼ਾਰ ਵੋਟਾਂ ਘੱਟ ਮਿਲੀਆਂ ਸਨ।
ਹੁਣ ਅਕਾਲੀ ਦਿੱਲੀ ਲਈ 300 ਮਰਜੀਵੜੇ ਭੇਜਣ ਦੀ ਤਿਆਰ ਕਰ ਲੈਣ
ਸੁਖਬੀਰ ਸਿੰਘ ਬਾਦਲ ਨੇ ਇੱਥੇ ਕਿਹਾ ਕਿ ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈੱਸ ਤਾਂ ਚਲਾ ਦਿੱਤੀ ਹੈ, ਕਿਤੇ ਇਹ ਘਾਟੇ ਦਾ ਸੌਦਾ ਨਾ ਹੋ ਜਾਵੇ, ਕਿਉਂਕਿ ਜੇਕਰ ਇਸ ਗੱਡੀ ਨੂੰ ਸਵਾਰੀਆਂ ਨਾ ਮਿਲੀਆਂ ਤਾਂ ਬਠਿੰਡਾ ਲਈ ਬਹੁਤ ਮਾੜਾ ਹੋਵੇਗਾ। ਕਿਉਂਕਿ ਘਾਟੇ 'ਚ ਰਹਿਣ 'ਤੇ ਇਹ ਗੱਡੀ ਬੰਦ ਵੀ ਹੋ ਸਕਦੀ ਹੈ। ਉਨ੍ਹਾਂ ਸਥਾਨਕ ਵਿਧਾਇਕ ਸਰੂਪ ਸਿੰਗਲਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਹੁਣ ਦਿੱਲੀ ਨੂੰ 200-300 ਮਰਜੀਵੜੇ ਭੇਜਣ ਦੀ ਤਿਆਰੀ ਕਰ ਲਵੋ। ਪ੍ਰੰਤੂ ਸ. ਬਾਦਲ ਇਹ ਭੁੱਲ ਗਏ ਕਿ ਮਰਜੀਵੜੇ ਦਾ ਮਤਲਬ ਮਰਨ ਲਈ ਤਿਆਰ ਵਿਅਕਤੀ ਨੂੰ ਕਹਿੰਦੇ ਹਨ। ਉਪਰੋਕਤ ਗੱਲ ਸੁਣ ਕੇ ਸਾਰੇ ਲੋਕ ਹੱਸ ਪਏ। ਉਨ੍ਹਾਂ ਕਿਹਾ ਕਿ ਛੇਤੀ ਹੀ ਬਠਿੰਡਾ ਹਵਾਈ ਅੱਡੇ ਤੋਂ ਜਹਾਜ਼ ਵੀ ਉੱਡਣਗੇ।
ਮੇਰੇ 'ਤੇ ਪਥਰਾਅ ਪਿੱਛੇ ਬਾਦਲ ਦਾ ਹੱਥ : ਸਿੱਧੂ
NEXT STORY