ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੱਬਰ ਖਾਲਸਾ ਨੇ ਧਮਕੀ ਦਿੱਤੀ ਹੈ ਕਿ ਉਹ ਉਸ ਨੂੰ ਵੀ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਜਾਨੋਂ ਮਾਰ ਦੇਣਗੇ। ਉਸ ਵਲੋਂ ਕੌਮ ਦੇ ਨਾਲ ਵੱਡੇ ਪੱਧਰ 'ਤੇ ਧਰੋਹ ਕਮਾਇਆ ਜਾ ਰਿਹਾ ਹੈ, ਜਿਸ ਨੂੰ ਬੱਬਰ ਖਾਲਸਾ ਬਰਦਾਸ਼ਤ ਨਹੀਂ ਕਰੇਗੀ। ਇਹ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਪਰ ਉਹ ਫਿਰ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਕੋਈ ਬਹੁਤਾ ਚਿੰਤਤ ਨਹੀਂ ਹਨ । ਉਹ ਬੱਬਰ ਖਾਲਸਾ ਵਲੋਂ ਧਮਕੀ ਦੇਣ ਦੇ ਬਾਵਜੂਦ ਵੀ ਇਸ ਗੱਲ ਦੇ ਹੱਕ ਵਿਚ ਨਹੀਂ ਹਨ ਕਿ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰਾਂ ਨੂੰ ਵੀ ਸੁਰੱਖਿਆ ਦੀ ਲੋੜ ਨਹੀਂ ਹੈ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਦੀ ਵਾਪਸੀ ਦਾ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਨਹੀਂ ਸਗੋਂ ਪੰਜਾਬ ਸਰਕਾਰ ਨਾਲ ਸਬੰਧਤ ਹੈ। ਜਿਥੋਂ ਤਕ ਸ਼੍ਰੋਮਣੀ ਕਮੇਟੀ ਵਲੋਂ ਸੁਰੱਖਿਆ ਦੇਣ ਦਾ ਮਾਮਲਾ ਹੈ, ਉਨ੍ਹਾਂ ਨੂੰ ਸੇਵਾਦਾਰ ਮੁਹੱਈਆ ਕਰਵਾਏ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪੁਰੇਵਾਲ ਨੇ ਕਿਹੜਾ ਕਿਸੇ ਨੂੰ ਪੁੱਛ ਕੇ ਕੈਲੰਡਰ ਬਣਾਇਆ ਸੀ, ਜੋ ਸੰਪੂਰਨ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਕੇ ਲਾਗੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਰੋਲ ਨਹੀਂ ਸੀ ਪਰ ਉਹ ਇਸ ਗੱਲ ਤੋਂ ਵੀ ਟਾਲਾ ਵੱਟ ਗਏ ਕਿ ਜੋ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਣਾ ਚਾਹੀਦਾ ਹੈ ਕਿ ਨਹੀਂ।
ਧਾਰਮਿਕ ਸ਼ਬਦਾਂ ਦੀ ਗਲਤ ਵਰਤੋਂ ਨਾਲ ਮਜੀਠੀਆ ਮੁੜ ਵਿਵਾਦ 'ਚ
NEXT STORY