ਐੱਮ. ਐੱਸ. ਜੀ. ਫਿਲਮ ਦੇ ਪ੍ਰਦਰਸ਼ਨ 'ਤੇ ਬੈਨ ਲਗਾਇਆ ਜਾਵੇ
ਮਾਛੀਵਾੜਾ ਸਾਹਿਬ, (ਸਚਦੇਵਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਮਾਛੀਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਵਲੋਂ ਜੋ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ, ਉਹ ਮਰਨ ਤੋਂ ਨਹੀਂ ਡਰਦੇ ਤੇ ਅਕਾਲ ਪੁਰਖ ਵਲੋਂ ਬਖਸ਼ੇ ਆਖਰੀ ਸਵਾਸਾਂ ਤੱਕ ਸਿੱਖ ਕੌਮ ਦੀ ਸੇਵਾ ਕਰਦੇ ਰਹਿਣਗੇ।
ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੱਬਰ ਖਾਲਸਾ ਤੇ ਹੋਰ ਕਿਸੇ ਵੀ ਅੱਤਵਾਦੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਨਹੀਂ ਤੇ ਨਾ ਹੀ ਉਨ੍ਹਾਂ ਕੋਈ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਸਿੱਖ ਕੌਮ ਨੂੰ ਨੁਕਸਾਨ ਪਹੁੰਚਿਆ ਹੋਵੇ। ਫਿਲਮ 'ਮੈਸੰਜਰ ਆਫ਼ ਗੌਡ' (ਐੱਮ. ਐੱਸ. ਜੀ.) ਸੰਬੰਧੀ ਉਨ੍ਹਾਂ ਕਿਹਾ ਕਿ ਰਾਮ ਰਹੀਮ ਹਮੇਸ਼ਾ ਸਿੱਖ ਕੌਮ ਦੇ ਵਿਰੁੱਧ ਚੱਲ ਕੇ ਸਿੱਖੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਲਈ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾਵੇ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਨਹੀਂ ਬਲਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਫੈਸਲਾ ਕਰਨਾ ਹੈ ਤੇ ਉਹ ਜੋ ਵੀ ਫੈਸਲਾ ਕਰਨਗੇ, ਸਿੱਖ ਸੰਗਤ ਉਸ ਨੂੰ ਪ੍ਰਵਾਨ ਕਰੇ।
ਜਥੇ. ਮੱਕੜ ਦਾ ਸੁਰੱਖਿਆ ਘੇਰਾ ਵਧਾਇਆ : ਜਥੇ. ਅਵਤਾਰ ਸਿੰਘ ਮੱਕੜ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਅੱਜ ਉਨ੍ਹਾਂ ਦਾ ਸੁਰੱਖਿਆ ਘੇਰਾ ਚੌਕਸ ਅਤੇ ਵਧਿਆ ਦਿਖਾਈ ਦਿੱਤਾ। ਪੰਜਾਬ ਸਰਕਾਰ ਦੇ ਖੁਫੀਆ ਵਿੰਗ ਵਲੋਂ ਅੱਜ ਉਨ੍ਹਾਂ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਮੇਸ਼ਾ ਚੌਕਸ ਰਹਿਣ ਤੇ ਸੁਰੱਖਿਆ ਵਿਚ ਕੋਈ ਕੁਤਾਹੀ ਨਾ ਵਰਤਣ।
ਅਕਾਲ ਤਖਤ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਸਰਕਾਰ ਨੂੰ ਅਲਟੀਮੇਟਮ
NEXT STORY