ਅਕਾਲ ਤਖਤ 'ਤੇ ਮਜੀਠੀਆ ਵਿਰੁੱਧ ਨਹੀਂ ਪੁੱਜੀ ਕੋਈ ਸ਼ਿਕਾਇਤ
ਅੰਮ੍ਰਿਤਸਰ - ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਿਸੇ ਵੀ ਕਾਰਵਾਈ ਦੇ ਕੋਈ ਵੀ ਸੰਕੇਤ ਨਹੀਂ ਹਨ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਦੇਰ ਸ਼ਾਮ ਤਕ ਕਿਸੇ ਵਲੋਂ ਮਜੀਠੀਆ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਅਜਿਹੀ ਕੋਈ ਵੀ ਸ਼ਿਕਾਇਤ ਨਹੀਂ ਆਈ ਜਿਸ ਵਿਚ ਬਿਕਰਮ ਸਿੰਘ ਮਜੀਠੀਆ ਵਲੋਂ ਗੁਰਮਤਿ ਸਾਹਿਤ ਦਾ ਹਿੱਸਾ ਸਮਝੀ ਜਾਂਦੀ ਕਿਸੇ ਤੁਕ ਨੂੰ ਆਪਣੀ ਵਡਿਆਈ ਕਰਨ ਲਈ ਵਰਤਿਆ ਗਿਆ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤੁਕ ਸੰਬੰਧੀ ਗੱਲ ਕੀਤੀ ਜਾ ਰਹੀ ਹੈ ਉਹ ਨਾ ਤਾਂ ਗੁਰਬਾਣੀ ਦੀ ਤੁਕ ਹੈ ਤੇ ਨਾ ਹੀ ਗੁਰੂ ਸਾਹਿਬ ਦੇ ਸ਼ਬਦ ਹਨ। ਉਨ੍ਹਾਂ ਕਿਹਾ ਕਿ ਜੋ ਸ਼ਬਦ ਵਿਧਾਨ ਸਭਾ ਵਿਚ ਵਰਤੇ ਗਏ ਹਨ ਉਹ ਕਿਸੇ ਨਜ਼ਮ ਦਾ ਹਿੱਸਾ ਹੈ ਤੇ ਉਸ ਦੇ ਹਿੱਸੇ ਨੂੰ ਆਪਣੇ ਢੰਗ ਨਾਲ ਬੋਲਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਚਾਰਿਆ ਨਹੀਂ ਜਾ ਸਕਦਾ। ਵਿਧਾਨ ਸਭਾ ਵਿਚ ਗੁਰਮਤਿ ਨਾਲ ਜੁੜੇ ਸਾਹਿਤ ਦੀ ਜੋ ਤੁਕ ਮਜੀਠੀਆ ਵਲੋਂ ਬੋਲੀ ਗਈ ਹੈ ਉਸ 'ਤੇ ਕਾਂਗਰਸ ਆਪਣਾ ਸਖ਼ਤ ਇਤਰਾਜ਼ ਪ੍ਰਗਟਾਅ ਚੁੱਕੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਇੰਦਰਜੀਤ ਸਿੰਘ ਜ਼ੀਰਾ, ਮਜੀਠੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕਰ ਚੁੱਕੇ ਹਨ ਕਿਉਂਕਿ ਉਸ ਵਲੋਂ ਸਿੱਧੇ-ਅਸਿੱਧੇ ਤਰੀਕੇ ਨਾਲ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਬਾਣੀ ਦੀ ਛੇੜਛਾੜ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਵਾ ਚੁੱਕੇ ਬਿਕਰਮ ਸਿੰਘ ਮਜੀਠੀਆ ਦੀ ਸੋਸ਼ਲ ਸਾਈਟਾਂ 'ਤੇ ਦੁਬਾਰਾ ਪ੍ਰਚਾਰ ਕੀਤੇ ਜਾਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਝਾੜ ਪਾ ਚੁੱਕੇ ਹਨ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਪ੍ਰੈੱਸ ਨੋਟ ਵਿਚ ਮਜੀਠੀਆ ਵਿਰੁੱਧ ਮੁੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ ਦੀ ਵੀ ਗੱਲ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਜੀਠੀਆ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਦੋਸ਼ਮੁਕਤ ਹੋ ਚੁੱਕੇ ਹਨ ਤਾਂ ਮੁੜ ਪ੍ਰਚਾਰ ਕੀਤੇ ਜਾਣਾ ਬਿਲਕੁਲ ਗਲਤ ਹੈ।
ਬੱਬਰ ਖਾਲਸਾ ਦੀਆਂ ਧਮਕੀਆਂ ਕਾਰਨ ਮਰਨ ਤੋਂ ਨਹੀਂ ਡਰਦਾ ਹਾਂ : ਮੱਕੜ (ਵੀਡੀਓ)
NEXT STORY