ਸਵਾਮੀ ਰਾਮ ਕ੍ਰਿਸ਼ਨ ਪਰਮ ਹੰਸ ਦੀ ਮੌਤ ਤੋਂ ਬਾਅਦ ਉਸ ਦੇ ਚੇਲੇ ਸਵਾਮੀ ਵਿਵੇਕਾਨੰਦ ਤੀਰਥ ਯਾਤਰਾ 'ਤੇ ਨਿਕਲੇ। ਕਈ ਦਿਨ ਤਕ ਦਰਸ਼ਨ ਕਰਦੇ ਹੋਏ ਕਾਸ਼ੀ ਆਏ ਅਤੇ ਵਿਸ਼ਵਨਾਥ ਦੇ ਮੰਦਰ 'ਚ ਪਹੁੰਚੇ। ਦਰਸ਼ਨ ਕਰਕੇ ਬਾਹਰ ਆਏ ਤਾਂ ਦੇਖਿਆ ਕਿ ਕੁਝ ਬਾਂਦਰ ਇਧਰ-ਓਧਰ ਚੱਕਰ ਲਗਾ ਰਹੇ ਸਨ । ਸਵਾਮੀ ਜੀ ਜਿਵੇਂ ਹੀ ਅੱਗੇ ਵਧੇ ਤਾਂ ਬਾਂਦਰ ਉਨ੍ਹਾਂ ਦੇ ਪਿੱਛੇ ਪੈ ਗਏ। ਉਨ੍ਹਾਂ ਦਿਨਾਂ 'ਚ ਸਵਾਮੀ ਜੀ ਲੰਮਾ ਚੋਲਾ ਪਾਇਆ ਕਰਦੇ ਸਨ ਅਤੇ ਸਿਰ 'ਤੇ ਸਾਫਾ ਬੰਨ੍ਹਦੇ ਸੀ। ਵਿੱਦਿਆ ਪ੍ਰੇਮੀ ਹੋਣ ਕਾਰਨ ਉਨ੍ਹਾਂ ਦੀਆਂ ਜੇਬਾਂ ਕਿਤਾਬਾਂ ਅਤੇ ਕਾਗਜ਼ਾਂ ਨਾਲ ਭਰੀਆਂ ਰਹਿੰਦੀਆਂ ਸਨ। ਬਾਂਦਰਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀਆਂ ਜੇਬਾਂ 'ਚ ਖਾਣ ਦੀ ਕੋਈ ਚੀਜ਼ ਹੈ। ਆਪਣੇ ਪਿੱਛੇ ਬਾਂਦਰਾਂ ਨੂੰ ਆਉਂਦਾ ਦੇਖ ਡਰ ਗਏ ਅਤੇ ਤੇਜ਼ ਚੱਲਣ ਲੱਗੇ। ਬਾਂਦਰ ਵੀ ਉਨ੍ਹਾਂ ਦਾ ਪਿੱਛਾ ਕਰਨ ਲੱਗ ਪਏ। ਸਵਾਮੀ ਜੀ ਨੇ ਦੌੜਨਾ ਸ਼ੁਰੂ ਕੀਤਾ। ਬਾਂਦਰ ਵੀ ਦੌੜਨ ਲੱਗੇ। ਸਵਾਮੀ ਜੀ ਹੁਣ ਕੀ ਕਰਨ। ਬਾਂਦਰ ਉਨ੍ਹਾਂ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਸਨ। ਸਵਾਮੀ ਜੀ ਦਾ ਸਰੀਰ ਕੰਬਣ ਲੱਗਾ। ਉਨ੍ਹਾਂ ਨੂੰ ਕਾਫੀ ਪਸੀਨਾ ਆ ਗਿਆ।
ਲੋਕ ਤਮਾਸ਼ਾ ਦੇਖ ਰਹੇ ਸੀ ਪਰ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਸੀ। ਉਦੋਂ ਹੀ ਇਕ ਪਾਸਿਓਂ ਬੜੀ ਜ਼ੋਰ ਦੀ ਆਵਾਜ਼ ਆਈ, ''ਭੱਜੋ ਨਾ''। ਜਿਵੇਂ ਹੀ ਇਹ ਸ਼ਬਦ ਸਵਾਮੀ ਜੀ ਦੇ ਕੰਨਾਂ 'ਚ ਪਏ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੁਸੀਬਤ ਤੋਂ ਡਰ ਕੇ ਜਦੋਂ ਅਸੀਂ ਭੱਜਦੇ ਹਾਂ ਤਾਂ ਉਹ ਹੋਰ ਵੀ ਤੇਜ਼ੀ ਨਾਲ ਸਾਡਾ ਪਿੱਛਾ ਕਰਦੀ ਹੈ। ਜੇਕਰ ਅਸੀਂ ਹਿੰਮਤ ਨਾਲ ਉਸ ਦਾ ਸਾਹਮਣਾ ਕਰੀਏ ਤਾਂ ਮੂੰਹ ਢੱਕ ਕੇ ਭੱਜ ਜਾਂਦੀਆਂ ਹਨ।
ਫਿਰ ਕੀ ਸੀ?, ਸਵਾਮੀ ਜੀ ਨਿਡਰਤਾ ਨਾਲ ਖੜ੍ਹੇ ਹੋ ਗਏ। ਬਾਂਦਰ ਵੀ ਖੜ੍ਹੇ ਹੋ ਗਏ, ਥੋੜ੍ਹੀ ਦੇਰ ਖੜ੍ਹੇ ਰਹਿ ਕੇ ਉਹ ਵਾਪਸ ਚਲੇ ਗਏ। ਉਸ ਦਿਨ ਤੋਂ ਸਵਾਮੀ ਜੀ ਦੇ ਜੀਵਨ 'ਚ ਨਵਾਂ ਮੋੜ ਆ ਗਿਆ। ਉਨ੍ਹਾਂ ਸਮਾਜ 'ਚ ਜਿੱਥੇ ਕਿਤੇ ਵੀ ਬੁਰਾਈ ਦੇਖੀ, ਉਸ ਤੋਂ ਘਬਰਾਏ ਨਹੀਂ, ਹੌਸਲੇ ਨਾਲ ਉਸ ਦਾ ਮੁਕਾਬਲਾ ਕੀਤਾ।
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY