ਇਕ ਵਾਰ ਆਚਾਰੀਆ ਮਹਾਵੀਰ ਪ੍ਰਸਾਦ ਦਿਵੇਦੀ ਸਵੇਰ ਦੇ ਸਮੇਂ ਮੰਦਰ 'ਚੋਂ ਆਪਣੇ ਘਰ ਵਾਪਸ ਜਾ ਰਹੇ ਸਨ। ਕੁਝ ਦੂਰੀ 'ਤੇ ਹੀ ਉਨ੍ਹਾਂ ਨੂੰ 'ਬਚਾਓ-ਬਚਾਓ, ਮੇਰੀ ਜਾਨ ਬਚਾਓ' ਦੀ ਚੀਕ ਸੁਣਾਈ ਦਿੱਤੀ। ਇਕ ਅਛੂਤ ਔਰਤ ਨੂੰ ਸੱਪ ਨੇ ਕੱਟ ਲਿਆ ਸੀ। ਕੋਈ ਵੀ ਉਸ ਔਰਤ ਦੀ ਸਹਾਇਤਾ ਨਹੀਂ ਕਰ ਰਿਹਾ ਸੀ। ਆਚਾਰੀਆ ਦਿਵੇਦੀ ਜਿਵੇਂ ਹੀ ਓਥੇ ਪਹੁੰਚੇ, ਲੋਕ ਕਹਿਣ ਲੱਗੇ, '' ਆਚਾਰੀਆ ਜੀ, ਇਸ ਨੂੰ ਹੱਥ ਨਾ ਲਗਾਉਣਾ। ਇਹ ਅਛੂਤ ਹੈ।'' ਦਿਵੇਦੀ ਜੀ ਨੇ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਗੋਦ ਵਿਚ ਬਿਠਾਇਆ ਅਤੇ ਕੁਝ ਹੋਰ ਮਿਲਦਾ ਨਾ ਦੇਖ ਕੇ ਆਪਣਾ ਜਨੇਊ ਤੋੜ ਕੇ ਔਰਤ ਦੇ ਪੈਰ ਵਿਚ ਸੱਪ ਵਲੋਂ ਕੱਟੀ ਗਈ ਥਾਂ ਤੋਂ ਥੋੜ੍ਹਾ ਉੱਪਰ ਕੱਸ ਕੇ ਬੰਨ੍ਹ ਦਿੱਤਾ। ਫਿਰ ਚਾਕੂ ਨਾਲ ਉਸ ਸਥਾਨ 'ਤੇ ਚੀਰਾ ਲਾਇਆ, ਗੰਦਾ ਖੂਨ ਬਾਹਰ ਕੱਢ ਦਿੱਤਾ ਜਿਸ ਨਾਲ ਉਕਤ ਔਰਤ ਦੀ ਜਾਨ ਬਚ ਗਈ। ਇੰਨੀ ਦੇਰ ਵਿਚ ਉਥੇ ਪਿੰਡ ਦੇ ਕੁਝ ਹੋਰ ਲੋਕ ਇਕੱਠੇ ਹੋ ਗਏ। ਉਹ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਅੱਜ ਤੋਂ ਧਰਮ ਦੀ ਨੀਂਹ ਤਾਂ ਸਮਝੋ ਡੁੱਬ ਹੀ ਗਈ। ਦੇਖੋ ਤਾਂ ਇਸ ਨੇ ਬ੍ਰਾਹਮਣ ਹੋ ਕੇ ਜਨੇਊ ਵਰਗੀ ਪਵਿੱਤਰ ਚੀਜ਼ ਨੂੰ ਇਸ ਔਰਤ ਦੇ ਪੈਰ ਨਾਲ ਛੁਹਾ ਦਿੱਤਾ। ਹੁਣ ਕੌਣ ਸਾਡਾ ਬ੍ਰਾਹਮਣ ਵਜੋਂ ਸਨਮਾਨ ਕਰੇਗਾ? ਉਸ ਦੀਆਂ ਇਹ ਗੱਲਾਂ ਸੁਣ ਕੇ ਦਿਵੇਦੀ ਜੀ ਜ਼ੋਰ ਨਾਲ ਬੋਲੇ, '' ਇਸ ਜਨੇਊ ਕਾਰਨ ਹੀ ਇਕ ਔਰਤ ਦੀ ਜਾਨ ਬਚੀ ਹੈ। ਮੈਂ ਖੁਸ਼ ਹਾਂ ਕਿ ਅੱਜ ਮੇਰਾ ਬ੍ਰਾਹਮਣ ਹੋਣਾ ਕਿਸੇ ਦੇ ਕੰਮ ਆ ਸਕਿਆ। ਅੱਜ ਤੋਂ ਪਹਿਲਾਂ ਇਸ ਜਨੇਊ ਦੀ ਕੀਮਤ ਹੀ ਕੀ ਸੀ? ਅੱਜ ਇਸ ਨੇ ਔਰਤ ਦੀ ਜਾਨ ਬਚਾਅ ਕੇ ਆਪਣੀ ਅਸਲ ਉਪਯੋਗਿਤਾ ਨੂੰ ਸਾਬਿਤ ਕਰਕੇ ਦਿਖਾਇਆ ਹੈ। ਹੁਣ ਮੈਂ ਸ਼ਾਇਦ ਹੀ ਕਦੇ ਜਨੇਊ ਉਤਾਰਨ ਦਾ ਖਿਆਲ ਕਰਾਂਗਾ।'' ਦਿਵੇਦੀ ਜੀ ਦੀਆਂ ਗੱਲਾਂ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ। ਸਾਰਿਆਂ ਨੇ ਦਿਵੇਦੀ ਜੀ ਤੋਂ ਮੁਆਫੀ ਮੰਗੀ ਅਤੇ ਭਵਿੱਖ ਵਿਚ ਮਨੁੱਖ ਧਰਮ ਦੀ ਰੱਖਿਆ ਦੀ ਕਸਮ ਖਾਧੀ।
ਦੂਜਿਆਂ ਦੀ ਨਕਲ ਨਾ ਕਰੋ
NEXT STORY