ਰੱਕਾ— ਇਰਾਕ ਵਿਚ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵੱਲੋਂ ਅਗਵਾ ਕੀਤੇ ਗਏ 39 ਭਾਰਤੀਆਂ 'ਚ ਸ਼ਾਮਲ ਗੁਰਦਾਸਪੁਰ ਦਾ ਨੌਜਵਾਨ ਹਰਜੀਤ ਮਸੀਹ ਬਚ ਕੇ ਭਾਰਤ ਆ ਗਿਆ ਹੈ। ਹਰਜੀਤ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਰਜੀਤ ਉਨ੍ਹਾਂ 39 ਭਾਰਤੀਆਂ 'ਚ ਸ਼ਾਮਲ ਸੀ, ਜਿਨ੍ਹਾਂ ਨੂੰ ਪਿਛਲੇ ਸਾਲ ਜੂਨ ਵਿਚ ਅਗਵਾ ਕਰ ਲਿਆ ਗਿਆ ਸੀ। ਅੰਗਰੇਜ਼ੀ ਅਖਬਾਰ 'ਦਿ ਇੰਡੀਅਨ ਐਕਸਪ੍ਰੈੱਸ' ਦੀ ਖਬਰ ਦੇ ਮੁਤਾਬਕ ਹਰਜੀਤ ਦੇ ਵੱਡੇ ਭਰਾ ਰੌਬਿਨ ਮਸੀਹ ਨੇ ਦੱਸਿਆ ਕਿ ਉਸ ਦਾ ਭਰਾ ਹਰਜੀਤ ਭਾਰਤ ਵਾਪਸ ਆ ਗਿਆ ਹੈ। ਹਰਜੀਤ ਨੇ ਦਿੱਲੀ ਪਹੁੰਚ ਕੇ ਪਰਿਵਾਰ ਨਾਲ ਗੱਲ ਕੀਤੀ ਪਰ ਉਸ ਦੀ ਸਹੀ ਲੋਕੇਸ਼ਨ ਪਰਿਵਾਰ ਨੂੰ ਨਹੀਂ ਦੱਸੀ ਗਈ। ਰੌਬਿਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਕਾਲਾ ਅਫਗਾਨਾ ਪਿੰਡ ਵਿਚ ਰਹਿੰਦਾ ਹੈ। ਹਰਜੀਤ ਦੇ ਪਰਿਵਾਰ ਨੇ ਉਸ ਨੂੰ ਇਰਾਕ ਭੇਜਣ ਲਈ 1.5 ਲੱਖ ਦਾ ਕਰਜ਼ਾ ਲਿਆ ਸੀ। ਇਰਾਕ ਵਿਚ ਉਹ ਪਲੰਬਰ ਦਾ ਕੰਮ ਕਰਦਾ ਸੀ। ਹਰਜੀਤ ਦੇ ਚਾਰ ਭੈਣ-ਭਰਾ ਹਨ।
ਹਰਜੀਤ ਨੂੰ ਇਰਾਕ ਦੇ ਮੋਸੂਲ ਤੋਂ ਪਿਛਲੇ ਸਾਲ 11 ਜੂਨ ਨੂੰ ਅਗਵਾ ਕਰ ਲਿਆ ਗਿਆ ਸੀ। ਹਾਲਾਂਕਿ ਆਈ. ਐੱਸ. ਆਈ. ਐੱਸ. ਦੀ ਕੈਦ ਵਿਚ ਚਾਰ ਦਿਨ ਰਹਿਣ ਤੋਂ ਬਾਅਦ ਹਰਜੀਤ ਭੱਜਣ ਵਿਚ ਸਫਲ ਹੋ ਗਿਆ ਸੀ ਪਰ ਕੈਦ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਦੀ ਸਹੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ ਸੀ। ਨਵੰਬਰ ਵਿਚ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਦੱਸਿਆ ਸੀ ਕਿ ਹਰਜੀਤ ਸਰਕਾਰ ਦੀ ਸੁਰੱਖਿਆ ਵਿਚ ਹੈ। ਹਰਜੀਤ ਦੇ ਭਰਾ ਰੌਬਿਨ ਨੇ ਦੱਸਿਆ ਕਿ ਇਨ੍ਹਾਂ ਮਹੀਨਿਆਂ ਵਿਚ ਉਨ੍ਹਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਨੇ ਹਰਜੀਤ ਨੂੰ ਕਈ ਫੋਨ ਕੀਤੇ ਪਰ ਇਕ ਕਾਲ ਦਾ ਜਵਾਬ ਨਹੀਂ ਆਇਆ।
ਆਈ. ਐੱਸ. ਦੀ ਕੈਦ ਵਿਚ 39 ਭਾਰਤੀਆਂ ਦੇ ਮਾਰੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਪਰ ਉਨ੍ਹਾਂ 'ਚੋਂ ਹਰਜੀਤ ਹੀ ਇਕਲੌਤਾ ਸੀ, ਜੋ ਬਚ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਅੱਤਵਾਦੀਆਂ ਦੀਆਂ ਗੋਲੀਆਂ ਉਸ ਨੂੰ ਛੂਹ ਕੇ ਲੰਘ ਗਈਆਂ ਤੇ ਉਹ ਮਰਨ ਦਾ ਨਾਟਕ ਰਚ ਕੇ ਬਚ ਗਿਆ। ਅੱਤਵਾਦੀਆਂ ਦੇ ਜਾਣ ਤੋਂ ਬਾਅਦ ਉਸ ਨੇ ਇਰਬਿਲ ਤੋਂ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਕਈ ਖਬਰਾਂ ਆਈਆਂ ਪਰ ਹਰਜੀਤ ਕਿਨ੍ਹਾਂ ਹਲਾਤਾਂ ਵਿਚ ਤੇ ਕਿੱਥੇ ਇਹ ਇਸ ਦਾ ਪਤਾ ਨਹੀਂ ਲੱਗ ਸਕਿਆ। ਹੁਣ ਹਰਜੀਤ ਦੀ ਭਾਰਤ ਵਾਪਸੀ 'ਤੇ ਇਹ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਆਈ. ਐੱਸ. ਆਈ. ਐੱਸ. ਦੇ ਕਈ ਰਾਜ ਖੁੱਲ੍ਹਣਗੇ ਤੇ ਅਗਵਾ ਭਾਰਤੀਆਂ ਬਾਰੇ ਵੀ ਕੋਈ ਜਾਣਕਾਰੀ ਮਿਲ ਸਕੇਗੀ।
ਹੋਈਆਂ ਨਾ ਖਬਰਾਂ, ਕੁੜੀ 'ਤੇ ਆ ਰੁਕ ਗਈਆਂ ਸਾਰੀਆਂ ਨਜ਼ਰਾਂ (ਦੇਖੋ ਤਸਵੀਰਾਂ)
NEXT STORY