ਲਖਨਊ- ਹੁਣ ਲੋਕਾਂ ਨੂੰ ਇਨਕਮ ਟੈਕਸ ਜਮ੍ਹਾ ਕਰਨ ਜਾਂ ਰਿਟਰਨ ਦਾਖਲ ਕਰਨ ਲਈ ਨਾ ਤਾਂ ਚਾਰਟਰਡ ਅਕਾਊਂਟੈਂਟ ਕੋਲ ਚੱਕਰ ਕੱਟਣੇ ਹੋਣਗੇ ਅਤੇ ਨਾ ਹੀ ਕਲਰਕਾਂ ਦੇ ਦਸਤਾਵੇਜ਼ਾਂ 'ਚ ਸਿਰ-ਖਪਾਈ ਕਰਨੀ ਹੋਵੇਗੀ। ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੌਖਾਲਾ ਕਰਨ ਲਈ ਇਨਕਮ ਟੈਕਸ ਵਿਭਾਗ ਨੇ ਇਕ ਅਜਿਹਾ ਸਿਸਟਮ ਤਿਆਰ ਕੀਤਾ ਹੈ ਜਿਸ 'ਚ ਕਮਾਈ ਖ਼ਰਚੇ ਦਾ ਬਿਓਰਾ ਪਾਉਂਦਿਆਂ ਹੀ ਟੈਕਸ ਦੀ ਜਾਣਕਾਰੀ ਉਪਲੱਬਧ ਹੋਵੇਗੀ ਅਤੇ ਰਿਟਰਨ ਦਾਖਲ ਹੋ ਜਾਵੇਗੀ।
ਇਨਕਮ ਟੈਕਸ ਵਿਭਾਗ ਨੇ ਵੈਬਸਾਈਟ ਨੂੰ ਅਪਗ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਹੈ। ਜੁਲਾਈ ਤਕ ਇਨਕਮ ਟੈਕਸਦਾਤਾ ਆਪਣੇ ਘਰ ਬੈਠੇ ਹੀ ਕੰਪਿਊਟਰ 'ਤੇ ਆਨਲਾਈਨ ਇਨਕਮ ਟੈਕਸ ਜਮ੍ਹਾ ਕਰ ਸੱਕਣਗੇ। ਇਨਕਮ ਟੈਕਸ ਅਧਿਕਾਰੀ ਦੱਸਦੇ ਹਨ ਕਿ ਇਨਕਮ ਟੈਕਸਦਾਤਾਵਾਂ ਨੂੰ ਵੱਧ ਤੋਂ ਵੱਧ ਸਹੂਲਤ ਉਪਲੱਬਧ ਕਰਵਾਉਣ ਲਈ ਇਨਕਮ ਟੈਕਸ ਸਹੂਲਤ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਘਰ ਬੈਠੇ ਸਹੂਲਤ ਉਪਲੱਬਧ ਕਰਵਾਉਣ ਲਈ ਆਪਣੇ-ਆਪ, ਇਨਕਮ ਟੈਕਸ ਨੰਬਰ ਅਤੇ ਰਿਟਰਨ ਦਾਖਲ ਕਰਨ ਦੀ ਸਹੂਲਤ ਵੀ ਜਲਦੀ ਉਪਲੱਬਧ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਨਕਮ ਟੈਕਸਦਾਤਾ ਇਸ ਸਿਸਟਮ 'ਚ ਜਾ ਕੇ ਆਮਦਨ, ਖ਼ਰਚ ਦਾ ਬਿਓਰਾ ਫੀਡ ਕਰੇਗਾ ਅਤੇ ਅੱਖ ਝੱਪਕਦੇ ਹੀ ਟੈਕਸ ਦੀ ਰਾਸ਼ੀ ਕੰਪਿਊਟਰ 'ਤੇ ਹੋਵੇਗੀ। ਰਿਟਰਨ ਦਾਖਲ ਕਰਨ ਲਈ ਇਨਕਮ ਟੈਕਸ ਵਿਭਾਗ ਦੀ ਵੈਬਸਾਈਟ 'ਤੇ ਜਾ ਕੇ ਪੈਨ ਨੰਬਰ ਪਾਉਣਾ ਪਵੇਗਾ। ਇਨਕਮ ਟੈਕਸਦਾਤਾ ਦੇ ਨਾਂ ਅਤੇ ਪਤਾ ਪਾਉਣ ਨਾਲ ਰਿਟਰਨ ਫ਼ਾਰਮ ਕੰਪਿਊਟਰ 'ਤੇ ਖੁੱਲ੍ਹ ਜਾਵੇਗਾ।
ਫ਼ਾਰਮ 'ਚ ਮੰਗੀ ਜਾਣ ਵਾਲੀ ਸੂਚਨਾ ਹਿੰਦੀ ਅਤੇ ਅੰਗਰੇਜ਼ੀ 'ਚ ਹੋਵੇਗੀ। ਇਨਕਮ ਟੈਕਸਦਾਤਾ ਨੂੰ ਕਮਾਈ-ਖ਼ਰਚ ਦੇ ਨਾਲ ਬਚਤ ਰਾਸ਼ੀ ਦੀ ਜਾਣਕਾਰੀ ਭਰਨੀ ਹੋਵੇਗੀ। ਇਸ ਦੇ ਨਾਲ ਰਿਟਰਨ ਦਾਖਲ ਹੋ ਜਾਵੇਗੀ। ਆਰਥਿਕ ਮਾਹਰਾਂ ਅਨੁਸਾਰ, 5 ਲੱਖ ਰੁਪਏ ਤੋਂ ਵੱਧ ਕਮਾਈ ਵਾਲਿਆਂ ਨੂੰ ਡਿਜੀਟਲ ਹਸਤਾਖਰ ਕਰਨੇ ਹੋਣਗੇ । 5 ਲੱਖ ਰੁਪਏ ਤੋਂ ਘੱਟ ਕਮਾਈ ਵਾਲਿਆਂ ਨੂੰ ਕੰਪਿਊਟਰ ਤੋਂ ਰਿਟਰਨ ਦਾ ਪ੍ਰਿੰਟ ਕੱਢ ਕੇ ਇਨਕਮ ਟੈਕਸ ਵਿਭਾਗ 'ਚ ਜਮ੍ਹਾ ਕਰਵਾਉਣਾ ਹੋਵੇਗਾ।
ਹੜਤਾਲ ਤੇਜ਼ ਕਰੇਗੀ ਪਾਵਰਲੂਮ ਮਜ਼ਦੂਰ ਐਸੋਸੀਏਸ਼ਨ
NEXT STORY