ਕੀਮਤਾਂ ਘੱਟ ਹੋਣ ਨਾਲ ਰਾਜਗ ਨੂੰ ਲੱਗੇਗਾ 100 ਕਰੋੜ ਦਾ ਚੂਨਾ
ਜਲੰਧਰ (ਧਵਨ) - ਪੰਜਾਬ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ 'ਤੇ ਵੈਟ ਦਰਾਂ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘੱਟ ਹੋਣ ਨਾਲ ਰਾਜ ਸਰਕਾਰ ਦੇ ਮਾਲੀਏ ਨੂੰ ਘਾਟਾ ਪਿਆ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਵਿੱਤ ਤੇ ਟੈਕਸ ਵਿਭਾਗ ਵਲੋਂ ਪੈਟਰੋਲ ਤੇ ਡੀਜ਼ਲ ਨਾਲ ਹੋਣ ਵਾਲੀ ਆਮਦਨੀ 'ਚ ਆ ਰਹੀ ਕਮੀ ਨੂੰ ਦੇਖਦੇ ਹੋਏ ਵੈਟ ਦਰਾਂ ਵਧਾਉਣ 'ਤੇ ਵਿਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਰਕਾਰ 2 ਵਾਰ ਵੈਟ ਦਰਾਂ ਵਧਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਪੈਟਰੋਲ ਦੀਆਂ ਕੀਮਤਾਂ 'ਚ 2.50 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦੀ ਹੋਈ ਕਮੀ ਕਾਰਨ ਰਾਜ ਸਰਕਾਰ ਨੂੰ ਵੈਟ ਨਾਲ ਹੋਣ ਵਾਲੀ ਆਮਦਨੀ 'ਚ ਸਿੱਧੇ ਤੌਰ 'ਤੇ 100 ਕਰੋੜ ਰੁਪਏ ਦਾ ਘਾਟਾ ਪਿਆ ਹੈ। ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਸ਼ੰਕਾ ਹੈ ਕਿ ਆਉਣ ਵਾਲੇ ਸਮੇਂ 'ਚ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਹੋਰ ਘੱਟ ਹੋ ਸਕਦੀਆਂ ਹਨ ਅਤੇ ਇਹ ਹੇਠਲੇ ਪੱਧਰ 40 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਆ ਸਕਦੀ ਹੈ। ਅਜਿਹੀ ਸਥਿਤੀ 'ਚ ਭਾਰਤ 'ਚ ਪੈਟਰੋਲ ਤੇ ਡੀਜ਼ਲ ਦੇ ਰੇਟ ਹੋਰ ਘੱਟ ਹੋ ਸਕਦੇ ਹਨ, ਜਿਸ ਨਾਲ ਸਰਕਾਰ ਦੀ ਆਮਦਨੀ ਸਿੱਧੇ ਤੌਰ 'ਤੇ ਹੋਰ ਘੱਟ ਹੋਵੇਗੀ। ਟੈਕਸ ਵਿਭਾਗ ਦੇ ਅਧਿਕਾਰੀਆਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ। ਉਨ੍ਹਾਂ ਨੇ ਇਕ ਸਾਲ ਪਹਿਲਾਂ ਪੈਟਰੋਲੀਅਮ ਉਤਪਾਦਾਂ 'ਤੇ ਲਾਗੂ ਵੈਟ ਨਾਲ ਜੋ ਟੀਚੇ ਤੈਅ ਕੀਤੇ ਸਨ, ਉਨ੍ਹਾਂ 'ਚ ਚਾਲੂ ਸਾਲ 'ਚ ਭਾਰੀ ਕਮੀ ਆਉਣ ਦੀ ਸ਼ੰਕਾ ਦੱਸੀ ਜਾ ਰਹੀ ਹੈ। ਪੈਟਰੋਲ ਤੇ ਡੀਜ਼ਲ ਦੇ ਰੇਟ ਜਿੰਨੇ ਜ਼ਿਆਦਾ ਹੁੰਦੇ ਹਨ ਓਨੀ ਹੀ ਜ਼ਿਆਦਾ ਆਮਦਨੀ ਸਰਕਾਰ ਨੂੰ ਵੈਟ ਨਾਲ ਪ੍ਰਾਪਤ ਹੁੰਦੀ ਹੈ। ਪੈਟਰੋਲੀਅਮ ਉਤਪਾਦਾਂ ਦੇ ਰੇਟ ਡਿਗਣ ਨਾਲ ਸਰਕਾਰ ਦਾ ਮਾਲੀਆ ਹੇਠਾਂ ਆ ਜਾਂਦਾ ਹੈ। ਇਨ੍ਹਾਂ ਤੱਥਾਂ ਨੂੰ ਦੇਖਦੇ ਹੋਏ ਨਾ ਸਿਰਫ ਪੰਜਾਬ ਸਗੋਂ ਹੋਰ ਰਾਜ ਸਰਕਾਰਾਂ ਵੀ ਪੈਟਰੋਲੀਅਮ ਉਤਪਾਦਾਂ 'ਤੇ ਵੈਟ ਦਰਾਂ 'ਚ ਵਾਧਾ ਕਰ ਰਹੀਆਂ ਹਨ।
ਲਾਵਾ ਨੇ ਪੇਸ਼ ਕੀਤਾ ਨਵਾਂ ਸਮਾਰਟਫੋਨ ਆਈਰਿਸ ਅਲਫਾ ਲਾਂਚ
NEXT STORY