ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਨੇ ਇਸ ਸਾਲ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 6.4 ਫੀਸਦੀ ਰਹਿਣ ਦੀ ਗੱਲ ਕਹੀ ਹੈ ਅਤੇ ਅਗਲੇ ਸਾਲ ਇਸ 'ਚ ਹੋਰ ਵਾਧੇ ਦਾ ਅੰਦਾਜ਼ਾ ਪ੍ਰਗਟਾਇਆ ਹੈ। ਸੰਯੁਕਤ ਰਾਸ਼ਟਰ ਦੇ ਸਥਾਨਕ ਦਫਤਰ 'ਚ ਅੱਜ ਇਥੇ 'ਸੰਸਾਰ ਆਰਥਿਕ ਦ੍ਰਿਸ਼ਟੀ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਰਿਪੋਰਟ ਜਾਰੀ ਕਰਦੇ ਹੋਏ ਦਿੱਲੀ ਸਕੂਲ ਆਫ ਇਕਨਾਮਿਕਸ ਦੀ ਨਿਰਦੇਸ਼ਕ ਅਤੇ ਪ੍ਰੋਫੈਸਰ ਪਾਮੀ ਦੁਆ ਨੇ ਕਿਹਾ ਕਿ ਇਸ ਸਮੇਂ ਦੇਸ਼ 'ਚ ਵਿਕਾਸ ਲਈ ਅਨੁਕੂਲ ਮਾਹੌਲ ਹੈ।
ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਫਾਇਦਾ ਵੀ ਭਾਰਤ ਨੂੰ ਮਿਲ ਰਿਹਾ ਹੈ। ਇਨ੍ਹਾਂ ਸਭ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਗਲੇ ਦੋ ਸਾਲਾਂ 'ਚ ਦੇਸ਼ 'ਚ ਵਿਕਾਸ ਦੇ ਰਫ਼ਤਾਰ ਫੜਨ ਦੀ ਉਮੀਦ ਹੈ। ਰਿਪੋਰਟ 'ਚ ਇਸ ਸਾਲ ਭਾਰਤੀ ਅਰਥਵਿਵਸਥਾ ਦੇ 5.9 ਫੀਸਦੀ ਦੀ ਦਰ ਨਾਲ ਵਾਧੇ ਦੀ ਗੱਲ ਕਹੀ ਗਈ ਹੈ ਪਰ ਇਸ ਰਿਪੋਰਟ ਦੇ ਨਾਲ ਹੀ ਪ੍ਰਕਾਸ਼ਿਤ 'ਏਸ਼ੀਆ ਪ੍ਰਸ਼ਾਂਤ ਆਰਥਿਕ ਅਤੇ ਸਾਮਾਜਿਕ ਸਰਵੇਖਣ' 'ਚ ਇਸ ਦੇ 6.4 ਫੀਸਦੀ ਦੀ ਰਫਤਾਰ ਨਾਲ ਵਧਣ ਦੀ ਉਮੀਦ ਜਤਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਅੰਤਰਰਾਸ਼ਟਰੀ ਕਰੰਸੀ ਫੰਡ ਨੇ ਵੀ ਇਸ ਸਾਲ ਭਾਰਤ ਦੇ 6.3 ਫੀਸਦੀ ਦੀ ਰਫਤਾਰ ਨਾਲ ਵਿਕਾਸ ਕਰਨ ਦੀ ਗੱਲ ਕਹੀ ਹੈ। ਉਸ ਨੇ ਪਿਛਲੇ ਸਾਲ ਅਕਤੂਬਰ 'ਚ ਜਾਰੀ ਆਪਣੇ ਅਨੁਮਾਨ 'ਚ ਸੋਧ ਕਰਦੇ ਹੋਏ ਇਸ ਨੂੰ 6.4 ਫ਼ੀਸਦੀ ਤੋਂ ਘਟਾ ਕੇ 6.3 ਫੀਸਦੀ ਕੀਤਾ ਹੈ ਜਦਕਿ 2016 ਦੀ ਵਿਕਾਸ ਦਰ ਦਾ ਅੰਦਾਜ਼ਾ 6.5 ਫ਼ੀਸਦੀ 'ਤੇ ਸਥਿਰ ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਏਸ਼ੀਆ ਪ੍ਰਸ਼ਾਂਤ ਸਮਾਜਿਕ-ਆਰਥਿਕ ਕਮਿਸ਼ਨ (ਇਸਕੇਪ) ਦੇ ਦੱਖਣੀ ਅਤੇ ਦੱਖਣੀ-ਪੱਛਮੀ ਏਸ਼ੀਆ ਦਫਤਰ ਦੇ ਮੁਖੀ ਡਾ. ਨਾਗੇਸ਼ ਨੇ ਦੱਸਿਆ ਕਿ ਇਸ ਸਾਲ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀ ਵਿਕਾਸ ਦਰ ਭਾਰਤ ਤੋਂ ਵੀ ਵਧੀਆ ਰਹਿਣ ਦੀ ਉਮੀਦ ਹੈ। ਭਾਰਤ ਦੇ ਸਬੰਧ 'ਚ ਡਾ. ਨਾਗੇਸ਼ ਨੇ ਉਮੀਦ ਜਤਾਈ ਕਿ ਰਿਜ਼ਰਵ ਬੈਂਕ ਭਵਿੱਖ 'ਚ ਵਿਆਜ ਦਰਾਂ 'ਚ ਹੋਰ ਕਟੌਤੀ ਕਰੇਗਾ, ਜਿਸ ਨਾਲ ਅਰਥ-ਵਿਵਸਥਾ 'ਚ ਪੂੰਜੀ ਪ੍ਰਵਾਹ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ 'ਚ ਕੱਚੇ ਤੇਲ ਦੇ 50 ਤੋਂ 70 ਡਾਲਰ ਪ੍ਰਤੀ ਬੈਰਲ ਦਰਮਿਆਨ ਬਣੇ ਰਹਿਣ ਦੀ ਉਮੀਦ ਹੈ ਅਤੇ ਇਸ ਲਈ ਭਾਰਤ ਪੈਟਰੋਲ ਅਤੇ ਡੀਜ਼ਲ ਦੇ ਇਲਾਵਾ ਦੂਜੇ ਪੈਟਰੋਲੀਅਮ ਉਤਪਾਦਾਂ 'ਤੇ ਵੀ ਸਬਸਿਡੀ 'ਚ ਕਟੌਤੀ ਦੀ ਸੋਚ ਸਕਦਾ ਹੈ।
ਵਿਸ਼ਵ ਅਰਥ-ਵਿਵਸਥਾ ਬਾਰੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਪਿਛਲੇ ਸਾਲ ਦੇ 2.6 ਫ਼ੀਸਦੀ ਦੇ ਮੁਕਾਬਲੇ ਇਸ ਸਾਲ 3.1 ਫ਼ੀਸਦੀ ਅਤੇ ਅਗਲੇ ਸਾਲ 3.3 ਫ਼ੀਸਦੀ ਦੀ ਦਰ ਨਾਲ ਵਧੇਗੀ। ਸ਼੍ਰੀ ਦੂਆ ਨੇ ਕਿਹਾ ਕਿ ਯੂਰੋ ਜ਼ੋਨ ਦਾ ਸੰਕਟ ਬਰਕਰਾਰ ਹੈ। ਰੂਸ ਦੀ ਵਿਕਾਸ ਦਰ ਦੇ ਇਸ ਸਾਲ ਨਾਕਾਰਾਤਮਕ ਰਹਿਣ ਦਾ ਅੰਦਾਜ਼ਾ ਹੈ ਜਦਕਿ ਜਾਪਾਨ 'ਚ ਵੀ ਹਾਲਤ ਬਹੁਤ ਚੰਗੀ ਨਹੀਂ ਹੈ। ਵਿਕਸਿਤ ਦੇਸ਼ਾਂ 'ਚ ਅਮਰੀਕੀ ਅਰਥਵਿਵਸਥਾ ਰਫ਼ਤਾਰ ਫੜਦੀ ਵਿਖਾਈ ਦੇ ਰਹੀ ਹੈ ਜੋ ਇਕ ਚੰਗਾ ਸੰਕੇਤ ਹੈ।
ਨਿਫਟੀ 8695.6 'ਤੇ ਬੰਦ, ਸੈਂਸੈਕਸ 522.6 ਅੰਕ ਉਛਲਿਆ
NEXT STORY