ਤ੍ਰਿਪੋਲੀ- ਲੀਬੀਆ 'ਚ ਆਈ. ਐਸ. ਆਈ. ਐਸ. ਦੇ ਟਿਕਾਣਿਆਂ 'ਤੇ ਬੰਬਾਰੀ ਦੇ ਵਿਰੋਧ 'ਚ ਅੱਤਵਾਦੀਆਂ ਨੇ 35 ਹੋਰ ਇਸਾਈਆਂ ਨੂੰ ਅਗਵਾ ਕਰ ਲਿਆ ਹੈ। ਸ਼ੁਰੂਆਤੀ ਖਬਰਾਂ ਮੁਤਾਬਕ ਬੰਦੀ ਬਣਾਏ ਗਏ ਸਾਰੇ ਇਸਾਈ ਮਿਸਰ ਦੇ ਨਾਗਰਿਕ ਹਨ। ਮੰਨਿਆ ਜਾ ਰਿਹਾ ਹੈ ਕਿ ਇਸਲਾਮਿਕ ਸਟੇਟ ਇਨ੍ਹਾਂ ਸਾਰੇ ਬੰਦੀਆਂ ਨੂੰ ਕਤਲ ਕਰਕੇ ਵੀਡੀਓ ਜਾਰੀ ਕਰ ਸਕਦਾ ਹੈ।
ਲੀਬੀਆ ਹੇਰਾਲਡ ਦੀ ਰਿਪੋਰਟ ਮੁਤਾਬਕ ਇਸਲਾਮਿਕ ਸਟੇਟ ਅਤੇ ਅੰਸਾਰ ਅਲ-ਸ਼ਰੀਆ ਦੇ ਅੱਤਵਾਦੀਆਂ ਨੇ ਫਾਰਮ ਹਾਊਸ 'ਚ ਕੰਮ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਅਗਵਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਲੀਬੀਆ ਦੇ ਸਮੁੰਦਰੀ ਕੰਢੇ ਇਸਲਾਮਿਕ ਸਟੇਟ ਨੇ ਗਲਾ ਵੱਢ ਕੇ 21 ਇਸਾਈਆਂ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਿਸਰ ਨੇ ਲੀਬੀਆ 'ਚ ਇਸਲਾਮਿਕ ਸਟੇਟ ਦੇ ਟਿਕਾਣੇ ਬਸ਼ਰ ਅਲ ਦ੍ਰਿਸੀ ਸ਼ਹਿਰ 'ਤੇ ਬੰਬਾਰੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਦੇ ਵਿਰੋਧ 'ਚ ਅੱਤਵਾਦੀਆਂ ਨੇ ਫਿਰ ਤੋਂ ਦਰਜਨਾਂ ਇਸਾਈਆਂ ਨੂੰ ਬੰਦੀ ਬਣਾਇਆ ਹੈ।
ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨੇ ਐਤਵਾਰ ਨੂੰ ਜਾਰੀ ਪ੍ਰੋਪੇਗੰਡਾ ਵੀਡੀਓ 'ਚ ਮਿਸਰ ਦੇ 21 ਇਸਾਈਆਂ ਦਾ ਸਿਰ ਵੱਢਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਸਭ ਦਾ ਕਤਲ ਲੀਬੀਆ ਦੇ ਸਮੁੰਦਰੀ ਕੰਢੇ 'ਤੇ ਕੀਤਾ ਗਿਆ। ਕਤਲ ਦਾ ਵੀਡੀਓ ਦੇਖਣ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸਿਸੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਇਸ ਦਾ ਸਖ਼ਤ ਬਦਲਾ ਲਿਆ ਜਾਵੇਗਾ।
ਪੰਝ ਮਿੰਟ ਦੇ ਹਾਈ ਡੈਫੀਨੇਸ਼ਨ ਵੀਡੀਓ 'ਚ ਨਾਰੰਗੀ ਜੰਪਸੂਟ ਪਹਿਨੇ ਦਰਜਨਾਂ ਲੋਕਾਂ ਨੂੰ ਸਮੁੰਦਰੀ ਕੰਢੇ 'ਤੇ ਦਿਖਾਇਆ ਗਿਆ ਹੈ। ਬੰਦੀਆਂ ਦੇ ਹੱਥ ਬੰਨੇ ਸਨ ਅਤੇ ਉਨ੍ਹਾਂ ਦੀਆਂ ਅੱਖਾਂ 'ਤੇ ਵੀ ਕਾਲੀ ਪੱਟੀ ਬੰਨੀ ਹੋਈ ਸੀ। ਵੀਡੀਓ 'ਚ ਹਰ ਇਕ ਬੰਦੀ ਦੇ ਨਾਲ ਇਕ ਅੱਤਵਾਦੀ ਦਿਖਾਈ ਦੇ ਰਿਹਾ ਸੀ। ਵੀਡੀਓ ਦੇ ਅੰਤ 'ਚ ਖੂਨ ਨਾਲ ਲਾਲ ਸਮੁੰਦਰੀ ਪਾਣੀ ਦਿਖਾਇਆ ਗਿਆ।
ਸੰਗਠਨ ਦੇ ਮੀਡੀਆ ਵਿੰਗ ਅਲ-ਹਯਾਤ ਵਲੋਂ ਜਾਰੀ ਇਸ ਵੀਡੀਓ 'ਚ ਨਕਾਬ ਪਹਿਨੇ ਇਕ ਅੱਤਵਾਦੀ ਅੰਗਰੇਜ਼ੀ 'ਚ ਬੋਲਦਾ ਹੈ, ਜਿਸ ਨੂੰ ਸਮੁੰਦਰ 'ਚ ਤੁਸੀਂ ਓਸਾਮਾ ਬਿਨ ਲਾਦੇਨ ਦੀ ਲਾਸ਼ ਲੁਕਾਈ ਸੀ, ਅੱਲਾਹ ਦੀ ਕਸਮ ਅਸੀਂ ਤੁਹਾਡਾ ਖੂਨ ਉਸੇ ਸਮੁੰਦਰ 'ਚ ਮਿਲਾਵਾਂਗੇ। ਨਾਲ ਹੀ ਕਿਹਾ ਕਿ ਅੱਲਾਹ ਦੇ ਕਰਮ ਨਾਲ ਅਸੀਂ ਛੇਤੀ ਹੀ ਰੋਮ 'ਤੇ ਵੀ ਕਬਜ਼ਾ ਕਰਾਂਗੇ। ਮਿਸਰ ਦੇ 21 ਇਸਾਈਆਂ ਨੂੰ ਦਸੰਬਰ ਅਤੇ ਜਨਵਰੀ 'ਚ ਲੀਬੀਆ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਸਿਰਤੇ ਤੋਂ ਅਗਵਾ ਕੀਤਾ ਗਿਆ ਸੀ।
ਆਸਟ੍ਰੇਲੀਆ ਦੇ ਨਾਗਰਿਕਾਂ ਦੀ ਫਾਂਸੀ ਟਲੀ
NEXT STORY