ਜਲੰਧਰ (ਮਹੇਸ਼)-ਵੀਰਵਾਰ ਨੂੰ ਦਿਨ ਦਿਹਾੜੇ ਜਲੰਧਰ ਛਾਉਣੀ 'ਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦੋਂ ਮੁਹੱਲਾ ਨੰਬਰ 5 'ਚ ਸਥਿਤ ਇਕ ਫੈਕਟਰੀ ਦੇ ਕਰਿੰਦੇ 'ਤੇ 3 ਨੌਜਵਾਨਾਂ ਅਤੇ ਇਕ ਔਰਤ ਨੇ ਜਾਨਲੇਵਾ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਨਸ਼ੇ 'ਚ ਧੁੱਤ ਉਕਤ ਲੋਕ ਕਰਿੰਦੇ ਰਾਮੂ ਨੂੰ ਸੜਕ ਵਿਚਾਲੇ ਲਗਾਤਾਰ 15 ਮਿੰਟ ਤੋਂ ਵੱਧ ਸਮੇਂ ਤੱਕ ਬੁਰੀ ਤਰ੍ਹਾਂ ਕੁਟਦੇ ਰਹੇ।
ਇਹ ਸਾਰਾ ਦ੍ਰਿਸ਼ ਫੈਕਟਰੀ ਵਿਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਫੈਕਟਰੀ ਮਾਲਕ ਦੇ ਭਰਾ ਅਨਿਲ ਕੁਮਾਰ ਨੇ ਦੱਸਿਆ ਕਿ ਸਵੇਰ ਨੂੰ ਨਸ਼ੇ 'ਚ ਧੁੱਤ ਹਮਲਾਵਰ ਫੈਕਟਰੀ ਵਿਚ ਦਾਖਲ ਹੋਏ ਅਤੇ ਰਾਮੂ ਨੂੰ ਕੁੱਟਦੇ ਹੋਏ ਘਸੀਟ ਕੇ ਮੇਨ ਰੋਡ 'ਤੇ ਲੈ ਆਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵਿਚ ਪੀ. ਏ. ਪੀ. ਦਾ ਮੁਲਾਜ਼ਮ ਵੀ ਸ਼ਾਮਲ ਸੀ। ਅਨਿਲ ਕੁਮਾਰ ਅਨੁਸਾਰ ਕੈਮਰੇ ਵਿਚ ਇਕ ਪੁਲਸ ਮੁਲਾਜ਼ਮ ਵੀ ਉਥੇ ਮੌਜੂਦ ਦਿਖਾਈ ਦੇ ਰਿਹਾ ਹੈ, ਜੋ ਕਿ ਚੁੱਪਚਾਪ ਜੇਬਾਂ ਵਿਚ ਹੱਥ ਪਾਈ ਸਾਰਾ ਤਮਾਸ਼ਾ ਦੇਖ ਰਿਹਾ ਹੈ।
ਉਸ ਨੇ ਖੁਦ ਵੀ ਰਾਮੂ ਨੂੰ ਕੁੱਟਿਆ ਅਤੇ ਹਮਲਾਵਰ ਉਸ ਦੀ ਮੌਜੂਦਗੀ 'ਚ ਕੁੱਟਮਾਰ ਕਰਦੇ ਰਹੇ। ਅਨਿਲ ਕੁਮਾਰ ਨੇ ਦੱਸਿਆ ਕਿ ਛਾਉਣੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇਣ ਪਹੁੰਚੇ ਤਾਂ ਉਥੇ ਮੌਜੂਦ ਲੋਕਾਂ ਨੇ ਧੱਕੇ ਨਾਲ ਦਬਾਅ ਪਾਉਂਦੇ ਹੋਏ ਰਾਜ਼ੀਨਾਮਾ ਕਰਵਾ ਦਿੱਤਾ। ਇਸ ਦੌਰਾਨ ਇਲਾਕੇ ਦੇ ਕੌਂਸਲਰ ਸੰਜੀਵ ਕੁਮਾਰ ਵੀ ਉਥੇ ਮੌਜੂਦ ਸਨ, ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਫਿਰ ਅਜਿਹੀ ਘਟਨਾ ਨਹੀਂ ਹੋਵੇਗੀ। ਅਨਿਲ ਕੁਮਾਰ ਨੇ ਕਿਹਾ ਕਿ ਹਮਲਾਵਰ ਥਾਣੇ ਵਿਚ ਹੀ ਉਨ੍ਹਾਂ ਨੂੰ ਧਮਕਾਉਂਦੇ ਰਹੇ।
ਉਨ੍ਹਾਂ ਕਿਹਾ ਕਿ ਛਾਉਣੀ ਪੁਲਸ ਨੇ ਹਮਲਾਵਰਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਸ ਕਰਕੇ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਕੋਲ ਲੈ ਕੇ ਜਾਣਗੇ। ਉਕਤ ਮਾਮਲੇ ਸੰਬੰਧੀ ਥਾਣਾ ਛਾਉਣੀ ਦੇ ਏ. ਐੱਸ. ਆਈ. ਜਸਵੰਤ ਸਿੰਘ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਥਾਣੇ 'ਚ ਆਈਆਂ ਸਨ ਪਰ ਲਿਖਤੀ ਸ਼ਿਕਾਇਤ ਕਿਸੇ ਨੇ ਨਹੀਂ ਦਿੱਤੀ।
ਨੌਜਵਾਨ ਨੂੰ ਬੰਦੀ ਬਣਾ ਕੇ ਰੱਖਣ ਵਾਲਾ ਕੌਂਸਲਰ ਦਾ ਰਿਸ਼ਤੇਦਾਰ ਗ੍ਰਿਫਤਾਰ
NEXT STORY