ਬਰਨਾਲਾ, (ਵਿਵੇਕ ਸਿੰਧਵਾਨੀ)- ਇਕ ਬੈਂਕ ਅੱਗੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਬੈਂਕ ਦੇ ਕਰਮਚਾਰੀਆਂ ਨੇ ਬੈਂਕ ਦੀ ਇਕ ਮੁਲਾਜ਼ਮ ਲੜਕੀ ਦੇ ਭਰਾ ਦੀ ਕੁੱਟਮਾਰ ਕਰ ਦਿੱਤੀ। ਲੜਕੀ ਨੇ ਬੈਂਕ ਵਿਚ ਕੰਮ ਕਰਨ ਵਾਲੇ ਲੜਕਿਆਂ 'ਤੇ ਛੇੜਛਾੜ ਕਰਨ ਦਾ ਕਥਿਤ ਤੌਰ 'ਤੇ ਦੋਸ਼ ਵੀ ਲਗਾਇਆ। ਇਸ ਸੰਬੰਧੀ ਉਸਦਾ ਭਰਾ ਬੈਂਕ ਵਿਚ ਗੱਲਬਾਤ ਕਰਨ ਲਈ ਆਇਆ ਤਾਂ ਬੈਂਕ ਤੋਂ ਬਾਹਰ ਨਿਕਲਣ ਸਮੇਂ ਕੁਝ ਬੈਂਕ ਮੁਲਾਜ਼ਮਾਂ ਨੇ ਉਸਦੀ ਕੁੱਟਮਾਰ ਕਰ ਦਿੱਤੀ। ਇਸ ਗੱਲ ਦੀ ਸੂਚਨਾ ਮਿਲਦੇ ਹੀ ਲੜਕੇ ਦੇ ਮਾਪਿਆਂ ਨੇ ਬੈਂਕ ਕੇ ਬਾਹਰ ਇਕੱਠੇ ਹੋ ਕੇ ਸੜਕੀ ਆਵਾਜਾਈ ਠੱਪ ਕਰ ਕੇ ਧਰਨਾ ਲਗਾ ਦਿੱਤਾ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਐੈੱਸ. ਐੱਚ. ਓ. ਕੁਲਦੀਪ ਸਿੰਘ ਵਿਰਕ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ। ਜ਼ਖਮੀ ਹਾਲਤ ਵਿਚ ਲੜਕੀ ਦੇ ਭਰਾ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਅਸ਼ਲੀਲ ਹਰਕਤਾਂ ਕਰਦਾ ਸੀ ਬੈਂਕ ਕਰਮਚਾਰੀ- ਗੱਲਬਾਤ ਕਰਦਿਆਂ ਉਕਤ ਬੈਂਕ ਮੁਲਾਜ਼ਮ ਲੜਕੀ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਉਕਤ ਬੈਂਕ ਵਿਚ ਕੰਮ ਕਰਦੀ ਆ ਰਹੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਬੈਂਕ ਵਿਚ ਕੰਮ ਕਰਦੇ ਲੜਕੇ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਸਨ। ਇਸ ਸੰਬੰਧੀ ਉਸਨੇ ਬੀਤੀ ਰਾਤ ਆਪਣੇ ਭਰਾ ਨੂੰ ਦੱਸਿਆ ਅਤੇ ਉਸਦਾ ਭਰਾ ਬੈਂਕ ਮੈਨੇਜਰ ਨਾਲ ਗੱਲਬਾਤ ਕਰਨ ਲਈ ਆਇਆ ਸੀ। ਜਦੋਂ ਉਹ ਬੈਂਕ ਤੋਂ ਬਾਹਰ ਨਿਕਲਿਆ ਤਾਂ ਬੈਂਕ ਦੇ ਕੁਝ ਕਰਮਚਾਰੀਆਂ ਨੇ ਇਕੱਠੇ ਹੋ ਕੇ ਉਸਦੇ ਭਰਾ ਦੀ ਕੁੱਟਮਾਰ ਕੀਤੀ।
ਕੀ ਕਹਿੰਦੇ ਹਨ ਬੈਂਕ ਮੈਨੇਜਰ- ਜਦੋਂ ਇਸ ਸੰਬੰਧੀ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਛੇੜਛਾੜ ਦਾ ਕੋਈ ਮਾਮਲਾ ਨਹੀਂ ਸੀ। ਕਿਸੇ ਛੋਟੀ ਜਿਹੀ ਗੱਲ ਵਿਚ ਬੈਂਕ ਮੁਲਾਜ਼ਮਾਂ ਦਾ ਆਪਸੀ ਵਿਵਾਦ ਹੋ ਗਿਆ ਸੀ, ਜਿਸਨੂੰ ਬੈਠ ਕੇ ਹੱਲ ਕਰ ਲਿਆ ਗਿਆ। ਪਤਾ ਨਹੀਂ ਕਿਉਂ ਇਸ ਤੋਂ ਬਾਅਦ ਬੈਂਕ ਮੁਲਾਜ਼ਮਾਂ ਨੇ ਲੜਕੀ ਦੇ ਭਰਾ ਦੀ ਕੁੱਟਮਾਰ ਕੀਤੀ। ਇਸ ਸੰਬੰਧੀ ਉਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ। ਦੋਸ਼ੀ ਬੈਂਕ ਕਰਮਚਾਰੀ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਸੰਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਕੁਲਦੀਪ ਸਿੰਘ ਵਿਰਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਸੌਰਭ ਗੁਪਤਾ ਅਤੇ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ, ਜਿਸਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸੁਰੱਖਿਅਤ ਨਹੀਂ ਹੈ ਰੇਲਾਂ 'ਚ ਰਾਤ ਦਾ ਸਫ਼ਰ
NEXT STORY