ਫਿਰੋਜ਼ਪੁਰ, (ਜ. ਬ.)- ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਨਾਲ ਭੇਦਭਾਵ ਕਰ ਰਹੀ ਹੈ ਅਤੇ ਬਠਿੰਡਾ ਦੇ ਲੋਕਾਂ ਨੂੰ ਭੇਜੇ ਜਾ ਰਹੇ ਬਿਜਲੀ ਦੇ ਬਿੱਲਾਂ 'ਚ ਚੁੰਗੀ ਕਰ ਨਹੀਂ ਲਗਾਇਆ ਜਾ ਰਿਹਾ ਪਰ ਦੂਜੇ ਪਾਸੇ ਸਰਹੱਦੀ ਸ਼ਹਿਰ ਫਿਰੋਜ਼ਪੁਰ ਦੇ ਲੋਕਾਂ ਨੂੰ ਪੰਜਾਬ 'ਚ ਚੁੰਗੀਆਂ ਖਤਮ ਹੋਣ ਦੇ ਬਾਵਜੂਦ ਪਿਛਲੇ ਕਰੀਬ 6-7 ਸਾਲਾਂ ਤੋਂ ਬਿਜਲੀ ਦੇ ਬਿੱਲਾਂ 'ਚ ਚੁੰਗੀ ਕਰ ਲਗਾ ਕੇ ਭੇਜਿਆ ਜਾ ਰਿਹਾ ਹੈ ਅਤੇ ਹਰ ਬਿੱਲ ਵਿਚ ਚੁੰਗੀ ਕਰ ਵਸੂਲਦਿਆਂ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਦਾ ਬਾਦਲ ਸਰਕਾਰ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਹ ਦੋਸ਼ ਲਗਾਉਂਦਿਆਂ ਫਿਰੋਜ਼ਪੁਰ ਸ਼ਹਿਰ ਦੇ 29 ਵਾਰਡ ਵਿਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਕ ਡੇਢ ਸਾਲ ਬਾਅਦ ਪੰਜਾਬ 'ਚ ਕਾਂਗਰਸ ਦੀ ਸਰਕਾਰ ਦੇ ਸੱਤਾ 'ਚ ਆਉਂਦਿਆਂ ਹੀ ਮੈਂ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਤੋਂ ਵਸੂਲਿਆ ਗਿਆ ਚੁੰਗੀ ਕਰ ਹਰ ਘਰ ਨੂੰ ਵਾਪਸ ਦੁਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਦੇ ਬਿਜਲੀ ਦੇ ਬਿੱਲ ਬਹੁਤ ਘੱਟ ਆਉਂਦੇ ਸਨ ਪਰ ਹੁਣ ਪਾਵਰਕਾਮ ਵੱਲੋਂ ਜੋ ਬਿਜਲੀ ਦੇ ਮੀਟਰ ਲਗਾਏ ਗਏ ਹਨ, ਉਹ ਤੇਜ਼ ਚਲਦੇ ਹਨ ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਬਿੱਲ ਭੇਜੇ ਜਾ ਰਹੇ ਹਨ। ਇਸ ਲਈ ਜਨਤਾ ਅਕਾਲੀ-ਭਾਜਪਾ ਨੂੰ ਭਜਾ ਕੇ ਕਾਂਗਰਸ ਨੂੰ ਲੈ ਕੇ ਆਏ ਅਤੇ ਸ਼ਹਿਰ ਦਾ ਵਿਕਾਸ ਕਰਵਾਏ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਨੂੰ ਨਗਰ ਕੌਂਸਲ ਚੋਣਾਂ 'ਚ ਸਾਰੇ ਕਾਂਗਰਸ ਦੇ ਉਮੀਦਵਾਰਾਂ ਵੋਟਾਂ ਦੇਣ ਅਤੇ ਚੋਣ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਵਿਚ ਕਾਂਗਰਸ ਦਾ ਨਗਰ ਕੌਂਸਲ ਪ੍ਰਧਾਨ ਬਣਨ 'ਤੇ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਦੀ ਸੁਵਿਧਾ ਲਈ ਲੋਕਾਂ ਨੂੰ ਟੋਲ ਫ੍ਰੀ ਫੋਨ ਨੰਬਰ ਦਿੱਤਾ ਜਾਵੇਗਾ ਜਿਸ 'ਤੇ ਨਗਰ ਕੌਂਸਲ ਨਾਲ ਸੰਬੰਧਿਤ ਦਰਜ ਕਰਵਾਈ ਗਈ ਸ਼ਿਕਾਇਤ ਦਾ ਹੱਲ 48 ਘੰਟਿਆਂ ਦੇ ਅੰਦਰ-ਅੰਦਰ ਕੀਤਾ ਜਾਵੇਗਾ। ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣਾ ਅਤੇ ਲੋਕਾਂ ਨੂੰ ਸਭ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣਾ ਹੀ ਮੇਰਾ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰਡ ਵਿਚ 11 ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਉਸ ਵਾਰਡ ਦੇ ਵਿਕਾਸ ਕਾਰਜਾਂ ਨੂੰ ਚੈੱਕ ਕਰਿਆ ਕਰੇਗੀ ਅਤੇ ਸੀਵਰੇਜ, ਵਾਟਰ ਸਪਲਾਈ ਦੀਆਂ ਪਾਈਪਾਂ, ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਆਦਿ ਪਾਉਣ ਲਈ ਸਿਰਫ ਇਕ ਵਾਰ ਹੀ ਸੜਕਾਂ ਤੋੜਨ ਦੇਵੇਗੀ ਅਤੇ ਵਾਰ-ਵਾਰ ਸੜਕ ਤੋੜ ਕੇ ਸ਼ਹਿਰ ਅਤੇ ਸਰਕਾਰਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ। ਪਿੰਕੀ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿਚ ਸਰਕਾਰ ਅਕਾਲੀ-ਭਾਜਪਾ ਅਤੇ ਕੇਂਦਰ ਵਿਚ ਸਰਕਾਰ ਭਾਜਪਾ ਦੀ ਹੈ, ਫਿਰ ਵੀ ਮੈਂ ਫਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿਆਂਗਾ ਅਤੇ ਜਿੰਨੇ ਪੈਸੇ ਦੀ ਜ਼ਰੂਰਤ ਹੋਵੇਗੀ, ਲੈ ਕੇ ਆਵਾਂਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨਗਰ ਕੌਂਸਲ ਅਤੇ ਪ੍ਰਧਾਨ ਕਾਂਗਰਸ ਪਾਰਟੀ ਦਾ ਬਣਨ 'ਤੇ ਸਭ ਤੋਂ ਪਹਿਲਾਂ ਅਸੀਂ ਨਗਰ ਕੌਂਸਲ ਦੀ ਆਰਥਿਕਤਾ ਮਜ਼ਬੂਤ ਕਰਾਂਗੇ ਅਤੇ ਉਚਿਤ ਸਾਧਨਾਂ ਨਾਲ ਨਗਰ ਕੌਂਸਲ ਦੀ ਆਮਦਨੀ ਵਿਚ ਵਾਧਾ ਕਰਾਂਗੇ ਜਿਸ ਨਾਲ ਆਮ ਜਨਤਾ 'ਤੇ ਕੋਈ ਬੋਝ ਨਹੀਂ ਪਵੇਗਾ ਅਤੇ ਨਗਰ ਕੌਂਸਲ 'ਤੇ ਚੜ੍ਹਿਆ ਕਰਜ਼ਾ ਵੀ ਉਤਰ ਜਾਵੇਗਾ। ਉਨ੍ਹਾਂ ਫਿਰੋਜ਼ਪੁਰ ਦੇ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਪਾਸੇ ਪਿਛਲੇ 67 ਸਾਲਾਂ ਦੇ ਕੰਮ ਦੇਖ ਲਓ ਅਤੇ ਦੂਸਰੇ ਪਾਸੇ ਫਿਰੋਜ਼ਪੁਰ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਮੇਰੇ ਵੱਲੋਂ ਪਿਛਲੇ ਢਾਈ ਸਾਲਾਂ ਵਿਚ ਕਰਵਾਏ ਗਏ ਸਰਵਪੱਖੀ ਵਿਕਾਸ ਦੇ ਕਾਰਜਾਂ ਅਤੇ ਲਿਆਂਦੇ ਗਏ ਕਈ ਅਹਿਮ ਪ੍ਰਾਜੈਕਟਾਂ ਨੂੰ ਦੇਖ ਲਓ। ਐੱਮ. ਐੱਲ. ਏ. ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਮੈਂ ਝੂਠ ਵਿਚ ਵਿਸ਼ਵਾਸ ਨਹੀਂ ਕਰਦਾ ਅਤੇ ਜੋ ਵਾਅਦਾ ਕਰਦਾ ਹਾਂ ਉਹ ਪੂਰਾ ਕਰਕੇ ਦਿਖਾÀੁਂਦਾ ਹਾਂ। ਵਾਰਡ ਨੰਬਰ 10 ਵਿਚ ਕਾਂਗਰਸ ਦੀ ਉਮੀਦਵਾਰ ਹਰਜੀਤ ਕੌਰ ਭੁੱਲਰ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰ ਰਿਹਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ। ਇਸ ਮੌਕੇ ਕਾਂਗਰਸ ਨੇਤਾ ਕਸ਼ਮੀਰ ਸਿੰਘ ਭੁੱਲਰ, ਹਰਜੀਤ ਕੌਰ ਭੁੱਲਰ, ਅਮਰੀਕ ਸਿੰਘ, ਇੰਦਰ ਹਾਂਡਾ, ਬਾਬਾ ਬਲਵਿੰਦਰ ਸਿੰਘ, ਜੱਸ ਸਿੰਘ, ਹਰੀ ਓਮ ਧਵਨ, ਮਾਸਟਰ ਸੁਰਜੀਤ ਸਿੰਘ, ਪੂਰਨ ਚੰਦ, ਚਾਨਣ ਸਿੰਘ, ਬਲਬੀਰ ਬਾਠ, ਸੁਖਵਿੰਦਰ ਅਟਾਰੀ, ਦਲਜੀਤ ਦੁਲਚੀ ਕੇ ਅਤੇ ਯਾਦਵਿੰਦਰ ਸਿੰਘ, ਐਡਵੋਕੇਟ ਗੁਲਸ਼ਨ ਮੋਂਗਾ ਅਤੇ ਰਾਜਿੰਦਰ ਛਾਬੜਾ ਆਦਿ ਵੀ ਮੌਜੂਦ ਸਨ।
ਬੈਂਕ 'ਚ ਮਹਿਲਾ ਮੁਲਾਜ਼ਮ ਨਾਲ ਛੇੜਛਾੜ, ਮਾਪਿਆਂ ਕੀਤੀ ਆਵਾਜਾਈ ਠੱਪ!
NEXT STORY