ਕਿਸ਼ਨਗੜ੍ਹ/ਭੋਗਪੁਰ (ਬੈਂਸ, ਪਾਬਲਾ)-ਇੱਥੇ ਦੇ ਇਕ ਮੈਰਿਜ ਪੈਲਸ 'ਚ ਕੁੜੀ ਦੇ ਵਿਆਹ 'ਤੇ ਆਏ ਐੱਨ. ਆਰ. ਆਈਜ਼ ਵਿਚਕਾਰ ਲੜਾਈ ਹੋ ਗਈ ਅਤੇ ਦੋਵੇਂ ਧਿਰਾਂ ਮਰਨ-ਮਾਰਨ 'ਤੇ ਆ ਗਈਆਂ। ਲੜਾਈ ਕਾਰਨ ਦੋਵੇਂ ਧਿਰਾਂ ਜ਼ਖਮੀਂ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਗੋਪਾਲਪੁਰ ਦੇ ਵਿਚਕਾਰ ਇਕ ਮੈਰਿਜ ਪੈਲਸ 'ਚ ਕੁੜੀ ਦੇ ਵਿਆਹ 'ਚ ਦੋ ਐੱਨ. ਆਰ. ਆਈ. ਧਿਰਾਂ ਆਈਆਂ ਅਤੇ ਲੜਾਈ ਦੌਰਾਨ ਦੋਵੇਂ ਧਿਰਾਂ ਬੁਰੀ ਤਰ੍ਹਾਂ ਜ਼ਖਮੀਂ ਹੋ ਗਈਆਂ। ਗੰਭੀਰ ਤੌਰ 'ਤੇ ਜ਼ਖਮੀ ਹਾਲਤ 'ਚ ਜਲੰਧਰ ਦੇ ਹਸਪਤਾਲ ਵਿਚ ਦਾਖਲ ਰਣਜੀਤ ਸਿੰਘ ਰੰਧਾਵਾ ਕੈਨੇਡਾ ਨਿਵਾਸੀ ਅਤੇ ਉਸ ਦੀ ਪਤਨੀ ਰਾਣੋ ਰੰਧਾਵਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਲੜਕੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਇਕ ਮੈਰਿਜ ਪੈਲੇਸ ਆਏ ਹੋਏ ਸਨ।
ਜਦੋਂ ਉਨ੍ਹਾਂ ਦੇ ਪਤੀ ਆਪਣੇ ਕਿਸੇ ਹੋਰ ਰਿਸ਼ਤੇਦਾਰ ਨੂੰ ਮੈਰਿਜ ਪੈਲੇਸ ਤੋਂ ਬਾਹਰ ਵਿਦਾ ਕਰਨ ਆਏ ਤਾਂ ਉਨ੍ਹਾਂ 'ਤੇ ਪਰਮਜੀਤ ਸਿੰਘ ਢੀਂਡਸਾ ਪੁੱਤਰ ਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਹਰਮਨਦੀਪ ਸਿੰਘ ਗੋਪਾਲਪੁਰ ਨੇ 10-15 ਅਣਪਛਾਤੇ ਸਾਥੀਆਂ ਨਾਲ ਤੇਜ਼ਧਾਰ ਹਥਿਆਰਾਂ ਤੇ ਡਾਂਗਾਂ ਸੋਟਿਆਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਹਮਲੇ ਵਿਚ ਬਲਜੀਤ ਸਿੰਘ ਸਹੋਤਾ, ਹਰਜੀਤ ਸਿੰਘ ਸਹੋਤਾ, ਜਸਵਿੰਦਰ ਸਿੰਘ ਸਹੋਤਾ, ਬਖਸ਼ੀਸ਼ ਸਿੰਘ ਪੱਤੜ, ਅੰਮ੍ਰਿਤਪਾਲ, ਬਲਰਾਜ ਸਿੰਘ ਆਦਿ ਜ਼ਖਮੀ ਹੋ ਗਏ, ਜੋ ਇਲਾਜ ਲਈ ਹਸਪਤਾਲ ਵਿਚ ਦਾਖਲ ਹਨ।
ਗੰਭੀਰ ਜ਼ਖਮੀ ਹਾਲਤ ਵਿਚ ਕਾਲਾ ਬੱਕਰਾ ਦੇ ਸਿਵਲ ਹਸਪਤਾਲ ਵਿਚ ਦਾਖਲ ਬਜ਼ੁਰਗ ਫਕੀਰ ਸਿੰਘ ਢੀਂਡਸਾ ਪੁੱਤਰ ਰਾਮਸ਼ਰਨ ਨਿਵਾਸੀ ਬਿਆਸ ਪਿੰਡ, ਸੁਰਿੰਦਰ ਸਿੰਘ ਨਰਵਾਲ ਪੁੱਤਰ ਜਰਨੈਲ ਸਿੰਘ ਗੋਪਾਲਪੁਰ ਅਤੇ ਉਸ ਦੇ ਪੁੱਤਰ ਹਰਮਨ ਸਿੰਘ ਆਦਿ ਸਾਰਿਆਂ ਨੇ ਦੱਸਿਆ ਕਿ ਉਹ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ਲਈ ਗਏ ਹੋਏ ਸਨ। ਜਦੋਂ ਉਹ ਵਿਆਹ 'ਤੇ ਲੜਕੀ ਨੂੰ ਸ਼ਗਨ ਦੇ ਕੇ ਵਾਪਸ ਜਾਣ ਲਈ ਗੱਡੀ ਪਾਰਕਿੰਗ ਤੋਂ ਬਾਹਰ ਕੱਢ ਰਹੇ ਸਨ ਤਦ ਉਨ੍ਹਾਂ 'ਤੇ ਰਣਜੀਤ ਸਿੰਘ ਰੰਧਾਵਾ ਵਾਸੀ ਕਸਬਾ ਮਾਨਕ ਢੇਰੀ (ਕੈਨੇਡਾ ਨਿਵਾਸੀ), ਬਖਸ਼ੀਸ਼ ਸਿੰਘ ਪੱਤੜ, ਤੀਰਥ ਸਿੰਘ, ਜਸਵਿੰਦਰ ਸਿੰਘ ਸਹੋਤਾ ਨਿਵਾਸੀ ਗੜ੍ਹਦੀਵਾਲਾ, ਰਾਣੋ ਰੰਧਾਵਾ ਪਤਨੀ ਰਣਜੀਤ ਸਿੰਘ ਰੰਧਾਵਾ, ਨਿੰਦਰ ਕੌਰ ਸਹੋਤਾ ਪਤਨੀ ਜਸਵਿੰਦਰ ਸਹੋਤਾ ਆਦਿ ਜੋ ਸਾਰੇ ਕੈਨੇਡਾ ਤੋਂ ਆਏ ਹਨ, ਨੇ ਤੇਜ਼ਧਾਰ ਹਥਿਆਰਾਂ ਅਤੇ ਬੇਸਬੈਟਾਂ ਨਾਲ ਜਾਨਲੇਵਾ ਹਮਲਾ ਕੀਤਾ।
ਦੋਵੇਂ ਧਿਰਾਂ ਜੋ ਕਿ ਐੱਨ. ਆਰ. ਆਈਜ਼ ਹਨ, ਵਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਦੋਵੇਂ ਧਿਰਾਂ ਦੀ ਪੁਰਾਣੀ ਰੰਜਿਸ਼ ਸੀ। ਸਥਾਨਕ ਪੁਲਸ ਚੌਕੀ ਕਿਸ਼ਨਗੜ੍ਹ ਦੀ ਪੁਲਸ ਪਾਰਟੀ ਨੇ ਚੌਕੀ ਇੰਚਾਰਜ ਹਰਪਾਲ ਸਿੰਘ ਦੀ ਅਗਵਾਈ 'ਚ ਮੌਕਾ ਦੇਖਿਆ। ਉਪਰੰਤ ਏ. ਸੀ. ਪੀ. ਵਿਵੇਕ ਸੋਨੀ ਨੇ ਮੌਕੇ 'ਤੇ ਪਹੁੰਚ ਕੇ ਉਕਤ ਲੜਾਈ-ਝਗੜੇ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਵਿਵੇਕ ਸੋਨੀ ਨੇ ਆਖਿਆ ਕਿ ਪੁਲਸ ਪ੍ਰਸ਼ਾਸਨ ਸਥਿਤੀ 'ਤੇ ਪੂਰੀ ਤਰ੍ਹਾਂ ਬਾਰੀਕੀ ਨਾਲ ਛਾਣਬੀਣ ਕਰ ਰਿਹਾ ਹੈ। ਦੋਸ਼ੀ ਧਿਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਦੋਵੇਂ ਧਿਰਾਂ ਵਲੋਂ ਇਕ-ਦੂਸਰੇ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ।
ਵਿਆਹ ਵਾਲੇ ਘਰ ਪੈਣ ਲੱਗੇ ਕੀਰਨੇ, ਜਦੋਂ...
NEXT STORY