ਬਠਿੰਡਾ (ਬਲਵਿੰਦਰ)- ਡੇਰਾ ਸੱਚਾ ਸੌਦਾ ਸਿਰਸਾ ਆਪਣੀ ਚੜ੍ਹਾਈ ਦੇ ਨਾਲ-ਨਾਲ ਵਿਵਾਦ ਵੀ ਨਾਲ ਹੀ ਰੱਖਦਾ ਹੈ, ਜਿਵੇਂ ਕਿ ਡੇਰੇ ਦੀ ਫਿਲਮ ਐੱਮ.ਐੱਸ.ਜੀ. ਵੀ ਚੜ੍ਹਾਈ ਤੇ ਵਿਵਾਦ ਦੋਵੇਂ ਹੀ ਨਾਲ ਲੈ ਕੇ ਚੱਲ ਰਹੀ ਹੈ। ਆਉਂਦੇ ਦਿਨਾਂ 'ਚ ਪੰਜਾਬ ਅੰਦਰ ਫਿਲਮ ਨੂੰ ਲੈ ਕੇ ਮੁੜ ਵਿਵਾਦ ਹੋਣ ਦੇ ਸੰਕੇਤ ਮਿਲ ਰਹੇ ਹਨ, ਕਿਉਂਕਿ ਡੇਰਾ ਪ੍ਰੇਮੀ ਪੰਜਾਬ ਵਿਚ ਫਿਲਮ 'ਤੇ ਲੱਗੀ ਪਾਬੰਦੀ ਹਟਾਉਣ ਖਾਤਰ ਬਜਿੱਦ ਹੋ ਸਕਦੇ ਹਨ, ਜਿਸਦੀ ਸ਼ੁਰੂਆਤ 23 ਫਰਵਰੀ ਨੂੰ ਸੂਬੇ ਭਰ ਵਿਚ ਜ਼ਿਲਾ ਪੱਧਰ 'ਤੇ ਮੰਗ ਪੱਤਰ ਦੇ ਕੇ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਪਹਿਲਾਂ ਆਪਣੀ ਵੋਟ ਬੈਂਕ ਦੇ ਦਮ 'ਤੇ ਸਿਆਸੀ ਧਿਰਾਂ 'ਤੇ ਕਾਫੀ ਦਬਾਅ ਰੱਖਦਾ ਰਿਹਾ ਹੈ, ਪਰ ਦਿੱਲੀ 'ਚ ਇਹ ਜਾਦੂ ਨਹੀਂ ਚੱਲਿਆ। ਸਿੱਟੇ ਵਜੋਂ ਪੰਜਾਬ ਦੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿਚ ਵੀ ਸਿਆਸੀ ਪਾਰਟੀਆਂ ਨੇ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਦੀ ਪ੍ਰਵਾਹ ਨਹੀਂ ਕੀਤੀ।
ਸ਼ਾਇਦ ਇਹੀ ਕਾਰਨ ਰਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਐੱਮ.ਐੱਸ.ਜੀ. 'ਤੇ ਲਗਾਈ ਪਾਬੰਦੀ ਦੇ ਚਲਦਿਆਂ ਕੋਈ ਵੀ ਸਿਆਸੀ ਜਾਂ ਗੈਰ ਸਿਆਸੀ ਧਿਰ ਡੇਰੇ ਦੇ ਹੱਕ ਵਿਚ ਨਹੀਂ ਡਟ ਰਹੀ। ਜਿਥੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਫਿਲਮ ਸਦਕਾ ਸੂਬੇ ਦੀ ਅਮਨ-ਸ਼ਾਂਤੀ ਭੰਗ ਹੋਣ ਦਾ ਡਰ ਹੈ, ਉਥੇ ਡੇਰੇ ਦਾ ਪੱਖ ਹੈ ਕਿ ਫਿਲਮ ਵਿਚ ਐਸਾ ਕੁਝ ਵੀ ਨਹੀਂ ਹੈ, ਜਿਸ ਨਾਲ ਦੰਗੇ ਹੋਣ ਦਾ ਡਰ ਹੋਵੇ। ਫਿਲਮ ਵਿਚ ਸਿਰਫ਼ ਸਮਾਜਿਕ ਕੁਰੀਤੀਆਂ 'ਤੇ ਚੋਟ ਕਰਦਿਆਂ ਲੋਕਾਂ ਨੂੰ ਸੱਚ ਦੇ ਰਾਹ 'ਤੇ ਚੱਲਣ ਦੀ ਸਿੱਖਿਆ ਦਿੱਤੀ ਗਈ ਹੈ।
ਭਾਵੇਂ ਕਾਫੀ ਸਮੇਂ ਤੋਂ ਪੰਜਾਬ 'ਚ ਪਾਬੰਦੀ ਲੱਗਣ ਬਾਰੇ ਡੇਰੇ ਵਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆ ਰਹੀ ਸੀ, ਪਰ ਹੁਣ ਸੂਤਰਾਂ ਦਾ ਕਹਿਣਾ ਹੈ ਕਿ ਡੇਰੇ ਇਸ ਮਾਮਲੇ ਵਿਚ ਹੁਣ ਖੁੱਲ੍ਹ ਕੇ ਸਾਹਮਣੇ ਆਵੇਗਾ। ਡੇਰਾ ਪ੍ਰੇਮੀ ਪੰਜਾਬ ਵਿਚ ਪਾਬੰਦੀ ਹਟਾਉਣ ਨੂੰ ਲੈ ਕੇ ਸੰਘਰਸ਼ ਵਿੱਢ ਸਕਦੇ ਹਨ। ਭਾਵੇਂ ਇਹ ਸੰਘਰਸ਼ ਸ਼ਾਂਤਮਈ ਸਭਾਵਾਂ ਜਾਂ ਮੰਗ ਪੱਤਰ ਦੇਣ ਦੇ ਰੂਪ ਵਿਚ ਹੀ ਹੋਵੇ, ਪਰ ਫਿਲਮ 'ਤੇ ਲੱਗੀ ਪਾਬੰਦੀ ਨੂੰ ਲੈ ਕੇ ਮਾਮਲਾ ਗਰਮਾ ਸਕਦਾ ਹੈ।
ਮਾਮਲੇ ਦੀ ਪੁਸ਼ਟੀ ਕਰਦਿਆਂ ਡੇਰਾ ਸੱਚਾ ਸੌਦਾ ਦੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ, ਐਡਵੋਕੇਟ ਕੇਵਲ ਬਰਾੜ ਇੰਸਾਂ, ਬਲਾਕ ਬਠਿੰਡਾ ਦੇ ਸੱਤ ਮੈਂਬਰ ਨਰਿੰਦਰ ਗੋਇਲ ਇੰਸਾਂ ਨੇ ਇਕੱਲੇ ਪੰਜਾਬ ਨੂੰ ਛੱਡ ਕੇ ਦੇਸ਼ ਭਰ ਅਤੇ ਵਿਦੇਸ਼ਾਂ 'ਚ ਐੱਮ.ਐੱਸ.ਜੀ. ਫਿਲਮ ਸ਼ਾਂਤੀਪੂਰਵਕ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ 'ਚ 23 ਫਰਵਰੀ ਨੂੰ ਜ਼ਿਲਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਜਾਣਗੇ, ਜਿਸ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਫਿਲਮ 'ਤੇ ਲੱਗੀ ਪਾਬੰਦੀ ਹਟਾਈ ਜਾਵੇ। ਜੇਕਰ ਐਸਾ ਨਾ ਹੋਇਆ ਤਾਂ ਸਾਧ ਸੰਗਤ ਦੀ ਮਨਜ਼ੂਰੀ ਨਾਲ ਸ਼ਾਂਤਮਈ ਸੰਘਰਸ਼ ਵੀ ਵਿੱਢਿਆ ਜਾਵੇਗਾ।
ਚੋਣਾਂ ਦੌਰਾਨ 'ਅਕਾਲੀਆਂ' ਦੀਆਂ ਗੱਡੀਆਂ 'ਤੇ ਘੁੰਮਦੀ ਰਹੀ ਪੁਲਸ
NEXT STORY