130 ਕਰੋੜ ਦੀ ਹੈਰੋਇਨ ਦਾ ਮਾਮਲਾ
ਅੰਮ੍ਰਿਤਸਰ, (ਨੀਰਜ)- ਗੁਰਦਾਸਪੁਰ ਬਾਰਡਰ ਦੀ ਬੀ. ਓ. ਪੀ. ਕੇ. ਪੀ. ਜੱਟਾਨ ਵਿਚ ਬੀ. ਐੱਸ. ਐੱਫ. ਤੇ ਕਾਊਂਟਰ ਇੰਟੈਲੀਜੈਂਸ ਵਲੋਂ 17 ਕਿਲੋ ਹੈਰੋਇਨ ਫੜੇ ਜਾਣ ਦੇ ਮਾਮਲੇ ਵਿਚ ਸੁਰੱਖਿਆ ਏਜੰਸੀਆਂ ਨੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਇਸ ਕੇਸ ਨਾਲ ਸੰਬੰਧਿਤ ਵੱਖ-ਵੱਖ ਸਮੇਂ 'ਚ ਸੁਰੱਖਿਆ ਏਜੰਸੀਆਂ ਨੇ ਤਿੰਨ ਕੇਸਾਂ ਵਿਚ ਕੁਲ ਮਿਲਾ ਕੇ 26 ਕਿਲੋ ਹੈਰੋਇਨ ਜ਼ਬਤ ਕੀਤੀ ਸੀ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 130 ਕਰੋੜ ਰੁਪਏ ਦੱਸੀ ਗਈ। ਜਾਣਕਾਰੀ ਅਨੁਸਾਰ 130 ਕਰੋੜ ਰੁਪਏ ਦੀ ਹੈਰੋਇਨ ਦੇ ਇਸ ਕੇਸ ਵਿਚ ਹੁਣ ਸੁਰੱਖਿਆ ਏਜੰਸੀਆਂ ਨੇ ਲੋੜੀਂਦੇ ਚੱਲ ਰਹੇ ਗੁਰਦਾਸਪੁਰ ਨਿਵਾਸੀ ਕਾਬੁਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਇਸ ਕੇਸ ਵਿਚ ਸਿਰਫ ਰੋਮੀ ਹੀ ਬਚਿਆ ਹੈ, ਜਿਸ ਦੀ ਏਜੰਸੀਆਂ ਵਲੋਂ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਰੋਮੀ ਦੁਬਈ ਵਿਚ ਲੁਕਿਆ ਹੋਇਆ ਸੀ। ਇਸ ਕੇਸ ਦੀ ਸ਼ੁਰੂਆਤ ਵਿਚ ਵਰੁਣ ਪੁਰੀ ਤੇ ਜਗਦੀਪ ਨੂੰ ਤਾਂ ਸੁਰੱਖਿਆ ਏਜੰਸੀਆਂ ਨੇ ਮੌਕੇ 'ਤੇ ਹੀ ਬੀ. ਓ. ਪੀ. ਕੇ. ਪੀ. ਜੱਟਾਨ ਵਿਚ 17 ਕਿਲੋ ਹੈਰੋਇਨ ਦੀ ਖੇਪ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਸੀ ਤੇ ਦੋ ਦਿਨ ਬਾਅਦ ਫਿਰ 2 ਕਿਲੋ ਹੈਰੋਇਨ ਇਸ ਕੇਸ ਵਿਚ ਫੜ ਲਈ ਗਈ ਤੇ ਬਾਅਦ ਵਿਚ ਰੋਮੀ ਦੀ ਇਨੋਵਾ ਗੱਡੀ ਵਿਚੋਂ 7 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਇਸ ਦੌਰਾਨ ਸੁਰੱਖਿਆ ਏਜੰਸੀਆਂ ਨੇ ਜਗਜੀਤ ਸਿੰਘ ਜੱਗੀ ਤੇ ਗੁਰਮਿੰਦਰ ਸਿੰਘ ਲਾਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਕਿਉਂਕਿ ਇਸ ਕੇਸ ਵਿਚ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ। ਰੋਮੀ ਕਿਉਂਕਿ ਅਜੇ ਤਕ ਵਿਦੇਸ਼ ਵਿਚ ਬੈਠਾ ਹੈ, ਇਸ ਲਈ ਉਸਦੀ ਗ੍ਰਿਫਤਾਰੀ ਤਾਂ ਨਹੀਂ ਹੋ ਸਕੀ ਪਰ ਰੋਮੀ ਦੇ ਛੇਵੇਂ ਸਾਥੀ ਕਾਬੁਲ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸੁਰੱਖਿਆ ਏਜੰਸੀਆਂ ਨੂੰ ਕਾਮਯਾਬੀ ਮਿਲ ਗਈ।
ਸੂਤਰਾਂ ਅਨੁਸਾਰ ਅਜੇ ਸੁਰੱਖਿਆ ਏਜੰਸੀਆਂ ਰੋਮੀ ਨੂੰ ਦੁਬਈ ਤੋਂ ਡੀਪੋਰਟ ਕਰਵਾਉਣ ਦੀ ਤਿਆਰੀ ਕਰ ਰਹੀਆਂ ਹਨ ਤੇ ਰੋਮੀ ਦੇ ਪਿਤਾ ਗੁਰਵਿੰਦਰ ਸਿੰਘ ਬਿੱਟੂ ਖਿਲਾਫ ਵੀ ਕਾਰਵਾਈ ਕਰਨ ਜਾ ਰਹੀਆਂ ਹਨ ਕਿਉਂਕਿ ਬਿੱਟੂ ਵੀ ਅਜੇ ਤਕ ਇਸ ਕੇਸ ਦੀ ਜਾਂਚ ਵਿਚ ਸ਼ਾਮਿਲ ਹੋਣ ਲਈ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਕੋਲ ਨਹੀਂ ਆਇਆ ਹੈ। ਮਜੀਠ ਮੰਡੀ ਵਿਚ ਪਾਕਿਸਤਾਨ ਨਾਲ ਡਰਾਈਫਰੂਟ ਦਾ ਕੰਮ-ਕਾਜ ਕਰਨ ਵਾਲੇ ਰੋਮੀ ਤੇ ਇਸ ਦੇ ਸਾਥੀਆਂ 'ਤੇ ਪਹਿਲਾਂ ਵੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਸੀ ਤੇ ਹਵਾਲਾ ਕਾਰੋਬਾਰ ਵਿਚ ਸ਼ਾਮਿਲ ਹੋਣ ਦਾ ਸ਼ੱਕ ਸੀ।ਲ ਇਸ ਕੇਸ ਵਿਚ ਕੁਝ ਹੋਰ ਵਪਾਰੀਆਂ 'ਤੇ ਵੀ ਕਾਰਵਾਈ ਹੋ ਸਕਦੀ ਹੈ ਜੋ ਪਾਕਿਸਤਾਨ ਨਾਲ ਕਾਰੋਬਾਰ ਕਰਦੇ ਹਨ ਤੇ ਹਵਾਲਾ ਵਿਚ ਸ਼ਾਮਿਲ ਹਨ।
ਨੇਹਾ ਸ਼ਰਮਾ ਨੇ ਜਿੱਤਿਆ ਵੁਆਇਸ ਆਫ਼ ਪੰਜਾਬ ਦਾ ਖਿਤਾਬ
NEXT STORY