ਬਠਿੰਡਾ (ਬਲਵਿੰਦਰ)- ਪਿਛਲੇ ਦਿਨੀਂ ਫੂਲ ਤਹਿਸੀਲ ਕੰਪਲੈਕਸ ਦੇ ਬਾਹਰ ਨਾਮਜ਼ਦਗੀ ਪੱਤਰ ਭਰਨ ਦੌਰਾਨ ਇਕ ਅਕਾਲੀ ਆਗੂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਪੀ.ਪੀ.ਪੀ. ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਸਾਥੀਆਂ 'ਚੋਂ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਤੋਂ ਪੁਲਸ ਨੇ ਇਕ 12 ਬੌਰ ਦੀ ਬੰਦੂਕ ਤੇ 6 ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਸ ਨੇ ਉਸ ਖਿਲਾਫ਼ ਅਸਲਾ ਐਕਟ ਤਹਿਤ ਇਕ ਅਲੱਗ ਮਾਮਲਾ ਵੀ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਲਈ ਇਕ ਅਕਾਲੀ ਉਮੀਦਵਾਰ ਦੇ ਨਾਲ ਫੂਲ ਤਹਿਸੀਲ ਕੰਪਲੈਕਸ ਪਹੁੰਚੇ ਅਕਾਲੀ ਆਗੂ ਗੁਰਵੀਰ ਸਿੰਘ ਗੋਲਡੀ ਦੀ ਪੀ.ਪੀ.ਪੀ. ਆਗੂ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਨੇ ਇਸ ਸਬੰਧ ਵਿਚ ਲੱਖਾ ਸਿਧਾਣਾ ਤੇ ਸਾਥੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਉਕਤ ਮਾਮਲੇ ਵਿਚ ਫੂਲ ਪੁਲਸ ਨੇ ਲੱਖਾ ਦੇ ਇਕ ਸਾਥੀ ਸਤਿਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਫੂਲ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਅਨੁਸਾਰ ਪੁਲਸ ਨੇ ਸਿਧਾਣਾ ਪੁਲ ਨੇੜੇ ਨਾਕਾਬੰਦੀ ਦੌਰਾਨ ਸਤਿਨਾਮ ਸਿੰਘ ਸੱਤੀ ਵਾਸੀ ਭਾਈ ਰੂਪਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਇਕ 12 ਬੌਰ ਦੀ ਬੰਦੂਕ ਤੇ 6 ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ 26 ਫਰਵਰੀ ਤੱਕ ਰਿਮਾਂਡ ਹਾਸਲ ਕੀਤਾ ਹੈ ਜਿਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੱਖਾ ਸਿਧਾਣਾ ਤੇ ਹੋਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਅਕਾਲੀ ਆਗੂ ਦੀ ਭਤੀਜੀ ਨੂੰ ਬਲਾਤਕਾਰ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ (ਵੀਡੀਓ)
NEXT STORY