ਸ਼ਾਹਕੋਟ-ਇੱਥੋਂ ਦੇ ਪਿੰਡ ਬੱਗਾ ਦੇ ਰਹਿਣ ਵਾਲੇ ਨੌਜਵਾਨ ਦਾ 27 ਜਨਵਰੀ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਮ੍ਰਿਤਕ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਮੁਤਾਬਕ ਇਹ ਉਕਤ ਨੌਜਵਾਨ ਦਾ ਕਤਲ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ। ਪੁਲਸ ਨੇ ਮ੍ਰਿਤਕ ਲੱਡੂ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਇਸ ਮਾਮਲੇ ਸੰਬੰਧੀ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਜਾਂਚ 'ਚ ਪਤਾ ਲੱਗਿਆ ਹੈ ਕਿ ਪਿੰਡ ਬੱਗਾ ਦਾ ਰਹਿਣ ਵਾਲੇ ਸੁਨੀਲ ਕੁਮਾਰ ਉਰਫ ਸੰਨੀ ਦੇ ਕਥਿਤ ਤੌਰ 'ਤੇ ਮ੍ਰਿਤਕ ਲੱਡੂ ਦੀ ਪਤਨੀ ਯੋਇਨਾ ਨਾਲ ਪਿਛਲੇ ਇਕ ਸਾਲ ਤੋਂ ਨਾਜਾਇਜ਼ ਸੰਬੰਧ ਸਨ, ਜਿਸ ਦੀ ਭਿਣਕ ਲੱਡੂ ਨੂੰ ਲਗ ਗਈ ਸੀ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਸੰਨੀ ਨੇ ਯੋਇਨਾ ਨਾਲ ਮਿਲ ਕੇ ਲੱਡੂ ਨੂੰ ਮਾਰਨ ਦੀ ਯੋਜਨਾ ਬਣਾਈ। ਸੰਨੀ ਨੇ ਯੋਇਨਾ ਨੂੰ ਕਰੀਬ ਇਕ ਮਹੀਨਾ ਪਹਿਲਾਂ ਜ਼ਹਿਰ ਲਿਆ ਕੇ ਦਿੱਤਾ, ਤਾਂ ਕਿ ਯੋਇਨਾ ਲੱਡੂ ਨੂੰ ਜ਼ਹਿਰ ਖੁਆ ਸਕੇ ਪਰ ਯੋਇਨਾ ਅਜਿਹਾ ਨਾ ਕਰ ਸਕੀ, ਫਿਰ ਸੰਨੀ ਨੇ ਲੱਡੂ ਨੂੰ ਮਾਰਨ ਦੀ ਯੋਜਨਾ ਬਣਾਈ।
26 ਜਨਵਰੀ ਨੂੰ ਲੱਡੂ ਨੂੰ ਸੰਨੀ ਆਪਣੇ ਪਿਤਾ ਦੇ ਛੋਟੇ ਹਾਥੀ 'ਚ ਬਿਠਾ ਕੇ ਆਪਣੇ ਨਾਲ ਸ਼ਾਹਕੋਟ ਕਿਸੇ ਤੋਂ ਪੈਸੇ ਲੈ ਕੇ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਿਆ, ਜਿੱਥੇ ਉਸਨੇ ਕਿਸੇ ਚੀਜ਼ 'ਚ ਬੇਹੋਸ਼ੀ ਦੀ ਦਵਾਈ ਮਿਲਾ ਦੇ ਲੱਡੂ ਨੂੰ ਖੁਆ ਦਿੱਤੀ। ਇਸ ਤੋਂ ਬਾਅਦ ਸੰਨੀ ਲੱਡੂ ਨੂੰ ਛੋਟੇ ਹਾਥੀ 'ਚ ਬਿਠਾ ਕੇ ਪਿੰਡ ਨੰਗਲ ਅੰਬੀਆਂ ਤੋਂ ਪਿੰਡ ਬੁੱਢਣਵਾਲ ਨੂੰ ਜਾਂਦੀ ਸੰਪਰਕ ਸੜਕ 'ਤੇ ਲੈ ਗਿਆ ਅਤੇ ਕਥਿਤ ਤੌਰ 'ਤੇ ਛੋਟੋ ਹਾਥੀ 'ਚੋਂ ਥੱਲੇ ਸੁੱਟ ਕੇ ਮਫਲਰ ਨਾਲ ਉਸਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।
ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਕਤਲ ਸਬੰਧੀ ਮੁਕੱਦਮਾ ਨੰਬਰ 19 ਧਾਰਾ 302 ਤਹਿਤ 27 ਜਨਵਰੀ ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ, ਜਿਸ 'ਚ ਹੁਣ ਮ੍ਰਿਤਕ ਦੀ ਪਤਨੀ ਯੋਇਨਾ ਤੇ ਸੁਨੀਲ ਕੁਮਾਰ ਉਰਫ ਸਨੀ ਪੁੱਤਰ ਜੇਮਸ ਮਸੀਹ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਉਕਤ ਕਥਿਤ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰੋਫੈਸਰ ਦੀਆਂ ਅਸ਼ਲੀਲ ਹਰਕਤਾਂ ਤੋਂ ਤੰਗ ਆਈ ਕੁੜੀ ਨੇ ਕਰਤਾ ਹੰਗਾਮਾ
NEXT STORY