ਸੈਂਸੈਕਸ 261 ਅੰਕ ਡਿਗਾ
ਮੁੰਬਈ(ਭਾਸ਼ਾ)- ਰੇਲ ਬਜਟ ਦਾ ਅਸਰ ਵੀਰਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਤੇ ਵੀ ਵੇਖਣ ਨੂੰ ਮਿਲਿਆ । ਇਸ ਦੌਰਾਨ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ। ਪ੍ਰਮੁੱਖ ਸੂਚਕ ਅੰਕ ਸੈਂਸੈਕਸ 261.34 ਅੰਕਾਂ ਦੀ ਗਿਰਾਵਟ ਨਾਲ 28,746.65 'ਤੇ ਅਤੇ ਨਿਫਟੀ 83.40 ਅੰਕਾਂ ਦੀ ਗਿਰਾਵਟ ਨਾਲ 8,683.85 'ਤੇ ਬੰਦ ਹੋਇਆ । ਬੀ. ਐੱਸ. ਈ. ਦਾ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 43.91 ਅੰਕਾਂ ਦੀ ਤੇਜ਼ੀ ਨਾਲ 29,051.90 'ਤੇ ਖੁੱਲ੍ਹਾ ਅਤੇ 261.34 ਅੰਕਾਂ ਜਾਂ 0.90 ਫ਼ੀਸਦੀ ਗਿਰਾਵਟ ਨਾਲ 28,746.65 'ਤੇ ਬੰਦ ਹੋਇਆ। ਦਿਨ ਭਰ ਦੇ ਕਾਰੋਬਾਰ 'ਚ ਸੈਂਸੈਕਸ ਨੇ 29,069.13 ਦੇ ਉੱਪਰੀ ਅਤੇ 28,693.82 ਦੇ ਹੇਠਲੇ ਪੱਧਰ ਨੂੰ ਛੂਹਿਆ।
ਰੇਲਵੇ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰ ਲੀਹੋਂ ਲੱਥੇ
ਮੋਦੀ ਸਰਕਾਰ ਦੇ ਪਹਿਲੇ ਪੂਰਨ ਰੇਲ ਬਜਟ 'ਚ ਵੱਡੇ ਪ੍ਰਾਜੈਕਟਾਂ ਦੇ ਐਲਾਨਾਂ ਦੀ ਅਣਹੋਂਦ 'ਚ ਰੇਲ ਖੇਤਰ 'ਚ ਕੰਮ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਦੇ ਸ਼ੇਅਰ ਵੀਰਵਾਰ ਨੂੰ ਬਾਜ਼ਾਰ 'ਚ ਮੂਧੇ-ਮੂੰਹ ਡਿੱਗ ਗਏ। ਰੇਲਵੇ ਖੇਤਰ ਨਾਲ ਸੰਬੰਧਤ ਕੰਪਨੀਆਂ ਦੇ ਸ਼ੇਅਰਾਂ 'ਚ ਵੀਰਵਾਰ 7 ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਸੰਸਦ 'ਚ ਪੇਸ਼ ਸਾਲ 2015-16 ਦਾ ਰੇਲ ਬਜਟ ਨਿਵੇਸ਼ਕਾਂ ਦੀ ਧਾਰਨਾ 'ਚ ਉਤਸ਼ਾਹ ਲਿਆਉਣ 'ਚ ਨਾਕਾਮ ਰਿਹਾ।
ਇੰਡਸਟਰੀ ਨੂੰ ਝਟਕਾ
ਨਵੀਂ ਦਿੱਲੀ : ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣਾ ਪਹਿਲਾ ਅਤੇ ਰਾਜਗ ਸਰਕਾਰ ਦਾ ਦੂਜਾ ਰੇਲ ਬਜਟ ਪੇਸ਼ ਕਰ ਦਿੱਤਾ ਹੈ। ਭਾਵੇਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਯਾਤਰੀ ਕਿਰਾਏ 'ਚ ਕੋਈ ਵਾਧਾ ਨਹੀਂ ਕੀਤਾ ਹੈ ਪਰ ਇੰਡਸਟਰੀ ਨੂੰ ਝਟਕਾ ਦਿੰਦੇ ਹੋਏ ਮਾਲ ਭਾੜੇ 'ਚ ਵਾਧਾ ਕਰ ਦਿੱਤਾ ਹੈ।
ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਰੇਲਵੇ ਦੀ ਕਮਾਈ ਵਧਾਉਣ ਦੇ ਉਪਾਅ ਵੀ ਕੀਤੇ ਹਨ। ਉਨ੍ਹਾਂ ਅਗਲੇ ਵਿੱਤ ਸਾਲ ਯਾਨੀ ਵਿੱਤ ਸਾਲ 2015-16 ਲਈ ਰੇਲਵੇ ਦੇ ਪਲਾਨ ਬਜਟ ਵਿਚ 52 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ 'ਚ ਕਰੀਬ 41.6 ਫ਼ੀਸਦੀ ਦਾ ਯੋਗਦਾਨ ਕੇਂਦਰ ਸਰਕਾਰ ਕਰੇਗੀ। ਉਥੇ ਹੀ ਕਰੀਬ 17.8 ਫ਼ੀਸਦੀ ਰਾਸ਼ੀ ਦਾ ਇੰਤਜਾਮ ਰੇਲਵੇ ਆਪਣੇ ਆਪ ਕਰੇਗੀ। ਰੇਲਵੇ ਦਾ ਬਜਟ 65,798 ਕਰੋੜ ਤੋਂ ਵਧਾ ਕੇ 1,00,011 ਕਰੋੜ ਰੁਪਏ ਹੋ ਗਿਆ ਹੈ।
ਇਸ ਵਧੇ ਬਜਟ ਦੇ ਕਾਰਨ ਰੇਲਵੇ ਇਨਫ੍ਰਾਸਟਰੱਕਚਰ ਫੰਡ ਇਕ ਹੋਲਡਿੰਗ ਕੰਪਨੀ ਬਣੇਗੀ, ਨਾਲ ਹੀ ਕੰਪਨੀ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਤੋਂ ਕਰਜ਼ ਦਾ ਇੰਤਜਾਮ ਵੀ ਕਰੇਗੀ ਜਦਕਿ 2,500 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟ ਬੀ. ਓ. ਟੀ. ਅਤੇ ਐਨਿਊਟੀ ਮਾਡਲ ਨਾਲ ਚਲਾਏ ਜਾਣਗੇ। ਰੇਲ ਮੰਤਰੀ ਨੇ ਐਸਟਸ ਵੇਚਣ ਦੀ ਬਜਾਏ ਉਨ੍ਹਾਂ ਦੀ ਕਾਮਰਸ਼ੀਅਲ ਵਰਤੋਂ ਦੀ ਗੱਲ ਵੀ ਕੀਤੀ ਹੈ।
ਉਦਯੋਗ ਜਗਤ ਨੇ ਕਿਹਾ : ਚੰਗੀ ਪਹਿਲ
ਇੰਜੀਨੀਅਰਿੰਗ ਬਰਾਮਦ ਸੰਵਰਧਨ ਪ੍ਰੀਸ਼ਦ (ਈ. ਈ. ਪੀ. ਸੀ.) ਇੰਡੀਆ ਦੇ ਚੇਅਰਮੈਨ ਅਨੁਪਮ ਸ਼ਾਹ ਨੇ ਕਿਹਾ, ''ਰੇਲ ਬਜਟ ਨਾਲ ਵਪਾਰ ਕਰਨਾ ਸੌਖਾ ਹੋਵੇਗਾ ਅਤੇ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਨਾਲ ਨਿਰਮਾਣ ਇਕਾਈਆਂ ਦਾ ਸੰਪਰਕ ਵਧੇਗਾ। ਇਸ ਨਾਲ ਨਿਸ਼ਚਿਤ ਤੌਰ 'ਤੇ ਭਾਰਤ 'ਚ ਨਿਰਮਾਣ ਲਾਗਤ ਘੱਟ ਕਰਨ ਲਈ ਲੰਮੀ ਮਿਆਦ ਦੇ ਤੌਰ 'ਤੇ ਮੁੱਖ ਬੁਨਿਆਦੀ ਖੇਤਰਾਂ ਦੀਆਂ ਦਿੱਕਤਾਂ ਦੂਰ ਹੋਣਗੀਆਂ।''
ਐਸੋਚੈਮ ਦੇ ਪ੍ਰਧਾਨ ਰਾਣਾ ਕਪੂਰ ਨੇ ਕਿਹਾ, ''ਇਸ ਪਹਿਲ ਨਾਲ ਸਟੇਸ਼ਨ ਅਪਗ੍ਰੇਡ, ਰੋਲਿੰਗ ਸਟਾਕ ਅਤੇ ਥੋਕ ਟ੍ਰਾਂਸਪੋਰਟ 'ਚ ਨਿੱਜੀ ਖੇਤਰ ਦੀ ਵੱਡੀ ਭੂਮਿਕਾ ਵਰਗੀ ਪਹਿਲ ਰੇਲਵੇ ਨੂੰ ਯੋਗ ਬਣਾਉਣ ਦੀ ਪ੍ਰਕਿਰਿਆ 'ਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਇਸ ਤੋਂ ਇਲਾਵਾ ਸਵਾਰੀ ਅਤੇ ਮਾਲ ਸ਼੍ਰੇਣੀ 'ਚ ਟ੍ਰੇਨ ਦੀ ਸਮਰੱਥਾ ਵਧਾਉਣ ਨਾਲ ਯੋਗਤਾ ਵਧੇਗੀ ਅਤੇ ਕਾਰੋਬਾਰ ਸੁਗਮਤਾ ਵਧੇਗੀ।''
ਜੀ. ਈ. ਟ੍ਰਾਂਸਪੋਰਟੇਸ਼ਨ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਨਲਿਨ ਜੈਨ ਨੇ ਕਿਹਾ, ''ਲੰਮੇ ਸਮੇਂ ਦੇ ਟੀਚਿਆਂ ਦੀ ਬਜਾਏ ਉਨ੍ਹਾਂ ਕਈ ਥੋੜ੍ਹੇ ਸਮੇਂ ਦੀਆਂ ਯੋਜਨਾਵਾਂ ਦੀ ਗੱਲ ਕੀਤੀ ਹੈ, ਜੋ ਜ਼ਿਆਦਾ ਆਸਾਨੀ ਨਾਲ ਹਾਸਲ ਹੋ ਸਕਦੀਆਂ ਹਨ। ਬਜਟ ਦਾ ਰੂਪ ਹਮਲਾਵਰ ਅਤੇ ਮਹੱਤਵਪੂਰਨ ਹੈ।''
ਟੀ. ਆਈ. ਐੱਲ. ਲਿ. ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਸੁਮਿਤ ਮਜ਼ੂਮਦਾਰ ਨੇ ਕਿਹਾ, ''ਰੇਲ ਮੰਤਰੀ ਨੇ ਬਹੁਤ ਹਾਂ-ਪੱਖੀ ਅਤੇ ਈਮਾਨਦਾਰ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਨੇ ਜੋ ਪੇਸ਼ ਕੀਤਾ ਹੈ, ਉਸ ਨੂੰ ਵੇਖਦੇ ਹੋਏ ਉਦਯੋਗ ਉਤਸ਼ਾਹਿਤ ਹੈ।''
ਸੀਮਨਸ ਦੇ ਉਪ-ਪ੍ਰਧਾਨ (ਮੋਬਿਲਿਟੀ) ਤਿਲਕਰਾਜ ਸੇਠ ਨੇ ਕਿਹਾ, ''ਯੋਜਨਾਵਾਂ ਬੇਹੱਦ ਭਰੋਸੇਯੋਗ ਹਨ ਅਤੇ ਉਨ੍ਹਾਂ ਨੇ ਸਾਰਿਆਂ ਦਾ ਖਿਆਲ ਰੱਖਿਆ ਹੈ। ਬਜਟ ਈਮਾਨਦਾਰੀ ਦੀ ਕੋਸ਼ਿਸ਼ ਹੈ। ਇਹ ਕੰਪਨੀਆਂ ਵਰਗਾ ਬਜਟ ਹੈ ਅਤੇ ਇਸ 'ਤੇ ਪਹਿਲ ਕਰਨਾ ਅੱਜ ਦੀ ਜ਼ਰੂਰਤ ਹੈ।''
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY