ਨੌਜਵਾਨ ਨੇ ਘਰ ਅੱਗੇ ਲਾਇਆ ਧਰਨਾ
ਮਲੋਟ(ਪਵਨ)-ਬੀਤੀ ਸ਼ਾਮ ਮੰਡੀ ਹਰਜੀ ਰਾਮ ਵਿਖੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਨੌਜਵਾਨ ਨੇ ਸ਼ਹਿਰ ਦੇ ਇਕ ਵੱਡੇ ਪਰਿਵਾਰ ਦੇ ਘਰ ਅੱਗੇ ਧਰਨਾ ਮਾਰ ਦਿੱਤਾ। ਇਹ ਨੌਜਵਾਨ ਦਾ ਕਹਿਣਾ ਸੀ ਕਿ ਇਹ ਮੇਰੇ ਬਾਪ ਦਾ ਘਰ ਹੈ ਅਤੇ ਮੈਨੂੰ ਅੰਦਰ ਨਹੀਂ ਜਾਣ ਦਿੰਦੇ। ਦੇਰ ਸ਼ਾਮ ਤਕ ਚੱਲੇ ਇਸ ਨਾਟਕ ਵਿਚ ਪੁਲਸ ਨੇ ਨੌਜਵਾਨ ਨੂੰ ਕਾਨੂੰਨੀ ਰਾਹ ਅਖਤਿਆਰ ਕਰਨ ਦੀ ਸਲਾਹ ਦੇ ਕੇ ਘਰ ਦੇ ਅੱਗੋਂ ਉਠਾਇਆ। ਸਿਕੰਦਰ ਸਿੰਘ ਨਾਮਕ ਇਸ ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਦੀ ਸ਼ਾਦੀ 28 ਮਾਰਚ 1994 ਨੂੰ ਬਠਿੰਡਾ ਦੇ ਇਕ ਹੋਟਲ ਵਿਚ ਵੱਡੇ ਜ਼ਿੰਮੀਂਦਾਰ ਪਰਿਵਾਰ ਦੇ ਲੜਕੇ ਨਾਲ ਹੋਈ। ਵਿਆਹ ਵਿਚ ਨਾਮੀ ਸਿਆਸੀ ਆਗੂ ਵੀ ਸ਼ਾਮਲ ਹੋਏ। ਉਸ ਦਾ ਜਨਮ 1 ਜਨਵਰੀ 1996 ਨੂੰ ਚੰਡੀਗੜ੍ਹ ਦੇ ਭਾਰਗਵ ਨਰਸਿੰਗ ਹੋਮ ਵਿਚ ਹੋਇਆ। ਨੌਜਵਾਨ ਵਲੋਂ ਮਾਤਾ-ਪਿਤਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਦੋਨਾਂ ਦੇ ਨਾਮ ਵਾਲਾ ਅਤੇ ਸਥਾਨਕ ਐਡਰੈੱਸ ਵਾਲਾ ਜਨਮ ਸਾਰਟੀਫਿਕੇਟ ਵੀ ਦਿਖਾਇਆ ਗਿਆ। ਸਿਕੰਦਰ ਸਿੰਘ ਅਨੁਸਾਰ ਉਸ ਦੇ ਮਾਤਾ-ਪਿਤਾ ਦੇ ਕਲੇਸ਼ ਕਾਰਨ ਉਸ ਦਾ ਪਾਲਣ-ਪੋਸ਼ਣ ਉਸ ਦੇ ਨਾਨਾ ਜੋ ਖੁਦ ਜ਼ਿਲਾ ਪੱਧਰ ਦਾ ਪ੍ਰਸ਼ਾਸਨਿਕ ਅਧਿਕਾਰੀ ਰਿਹਾ ਹੈ ਨੇ ਕੀਤਾ ਅਤੇ ਚੰਡੀਗੜ੍ਹ ਦੇ ਸੈਂਟ ਜੋਸਫ ਕਾਨਵੈਂਟ ਸਕੂਲ ਤੋਂ ਸਕੂਲਿੰਗ ਕਰਾਈ ਜਦਕਿ ਉਸ ਦੀ ਮਾਂ ਵੀ ਵਿਦੇਸ਼ ਚੱਲੀ ਗਈ। ਹੁਣ ਉਸ ਦੇ ਬਾਲਗ ਹੋਣ ਤੋਂ ਬਾਅਦ ਉਸ ਦੇ ਨਾਨੇ ਨੇ ਆਪਣੇ ਘਰ ਜਾਣ ਲਈ ਕਿਹਾ ਅਤੇ ਉਹ ਮਲੋਟ ਆ ਗਿਆ। ਹੁਣ ਉਹ ਆਪਣੇ ਘਰ ਜਾਣਾ ਚਾਹੁੰਦਾ ਹੈ ਪਰ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਨੌਜਵਾਨ ਨੇ ਕਿਹਾ ਕਿ ਉਹ ਓਨੀ ਦੇਰ ਬਾਹਰ ਬੈਠਾ ਰਹੇਗਾ ਜਿੰਨੀ ਦੇਰ ਉਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਨੌਜਵਾਨ ਵਲੋਂ ਘਰ ਦੇ ਬਾਹਰ ਧਰਨਾ ਮਾਰਨ ਤੋਂ ਬਾਅਦ ਉਸ ਨੇ ਖੁਦ ਪੁਲਸ ਨੂੰ ਫੋਨ ਕਰਕੇ ਮਦਦ ਕਰਨ ਲਈ ਕਿਹਾ। ਉਧਰ ਇਸ ਹੰਗਾਮੇ ਤੋਂ ਬਾਅਦ ਸੈਂਕੜੇ ਲੋਕ ਤਿੰਨ ਘੰਟੇ ਚੱਲੇ ਇਸ ਤਮਾਸ਼ੇ ਨੂੰ ਵੇਖਦੇ ਰਹੇ। ਕਈ ਵਾਰ ਹਾਲਾਤ ਕਸ਼ਮਕਸ਼ ਵਾਲੇ ਵੀ ਬਣੇ ਪਰ ਮੌਕੇ 'ਤੇ ਪੁੱਜੇ ਸਹਾਇਕ ਥਾਣੇਦਾਰ ਵਲੋਂ ਸਥਿਤੀ 'ਤੇ ਕਾਬੂ ਰੱਖਿਆ ਗਿਆ ਅਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ।
ਉਧਰ ਘਰ ਦੀ ਮਾਲਕਣ ਅਤੇ ਨਾਮੀ ਪਰਿਵਾਰ ਬਜ਼ੁਰਗ ਮਹਿਲਾ ਨੇ ਮੌਕੇ 'ਤੇ ਪੁੱਜ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਲੜਕੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਲੜਕੇ ਵਲੋਂ ਖੁਦ ਨੂੰ ਜਿਸ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਗਿਆ ਸੀ ਉਸ ਵਿਅਕਤੀ ਦਾ ਵੀ ਕਹਿਣਾ ਹੈ ਕਿ 20 ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ ਅਤੇ 20 ਸਾਲਾਂ ਬਾਅਦ ਅੱਜ ਦਾਅਵਾ ਕਰਨ ਵਾਲਾ ਲੜਕਾ ਪਹਿਲਾਂ ਕਦੇ ਉਨ੍ਹਾਂ ਕੋਲ ਕਿਉਂ ਨਹੀਂ ਆਇਆ। ਬਾਅਦ ਵਿਚ ਦੇਰ ਸ਼ਾਮ ਥਾਣਾ ਸਿਟੀ ਦੇ ਮੁੱਖ ਅਫ਼ਸਰ ਵਲੋਂ ਨੌਜਵਾਨ ਨੂੰ ਧਰਨੇ ਤੋਂ ਉਠਾ ਦਿੱਤਾ ਗਿਆ ਪਰ ਇਹ ਮਾਮਲਾ ਅਗਲੇ ਦਿਨਾਂ ਵਿਚ ਕਿਸ ਦਿਸ਼ਾ ਵੱਲ ਜਾਂਦਾ ਹੈ ਇਹ ਵੇਖਣ ਵਾਲੀ ਗੱਲ ਹੈ।
ਕਾਰ ਸਵਾਰਾਂ ਤੋਂ ਨਸ਼ੀਲਾ ਪਾਊਡਰ ਬਰਾਮਦ
NEXT STORY