ਜਾਇਦਾਦ ਲਈ ਬੇਟੇ ਨੇ ਕੀਤਾ ਮਾਂ ਦਾ ਕਤਲ
ਮੋਰਿੰਡਾ(ਇੰਟ.)¸ ਨਜ਼ਦੀਕੀ ਪਿੰਡ ਬਡਵਾਲੀ ਵਿਚ ਜਾਇਦਾਦ ਦੇ ਬਟਵਾਰੇ ਨੂੰ ਲੈ ਕੇ ਇਕ ਪੁੱਤਰ ਨੇ ਮਾਂ ਦੇ ਸਿਰ ਵਿਚ ਭੂਕਨਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ। ਮੋਰਿੰਡਾ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਮੋਰਿੰਡਾ ਥਾਣਾ ਦੇ ਐੱਸ. ਐੱਚ. ਓ. ਵਰਕੀਰਤ ਸਿੰਘ ਨੇ ਦਸਿਆ ਨਸੀਬ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਪਿੰਡ ਬਡਵਾਲੀ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਪੁੱਤਰ ਜਸਵੰਤ ਸਿੰਘ ਉਰਫ ਲਾਲਾ ਨੇ ਉਸ ਦੀ ਪਤਨੀ ਹਰਪਾਲ ਕੌਰ (60) ਦਾ ਕਤਲ ਕਰ ਦਿਤਾ। ਨਸੀਬ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਜਸਵੰਤ ਸਿੰਘ ਨੂੰ ਆਪਣੀ ਚਲ ਅਤੇ ਅਚਲ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਸੀ।
ਬੀਤੀ ਰਾਤ ਜਦੋਂ ਜਸਵੰਤ ਸਿੰਘ ਘਰ ਆਇਆ ਤਾਂ ਆਪਣੀ ਮਾਂ ਹਰਪਾਲ ਕੋਲੋਂ ਆਪਣਾ ਹਿੱਸਾ ਮੰਗਣ ਲੱਗਾ। ਹਰਪਾਲ ਕੌਰ ਨੇ ਉਸ ਨੂੰ ਕਹਿ ਦਿਤਾ ਕਿ ਜਦੋਂ ਉਹ ਸੁਧਰ ਜਾਵੇਗਾ ਤਾਂ ਉਸ ਨੂੰ ਉਸ ਦਾ ਬਣਦਾ ਹਿੱਸਾ ਦੇਣਗੇ ਪਰ ਜਸਵੰਤ ਸਿੰਘ ਉਸ ਨਾਲ ਬਹਿਸਣ ਲੱਗ ਪਿਆ। ਉਸ ਨੇ ਗੁੱਸੇ ਵਿਚ ਆ ਕੇ ਰਸੋਈ ਵਿਚੋਂ ਭੂਕਨਾ ਚੁੱਕਿਆ ਅਤੇ ਮਾਂ ਦੇ ਸਿਰ ਵਿਚ ਮਾਰਿਆ। ਬਾਅਦ ਵਿਚ ਉਸ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਵੀ ਆਪਣੀ ਮਾਂ ਦੀਆਂ ਲੱਤਾਂ 'ਤੇ ਵਾਰ ਕੀਤੇ। ਉਨ੍ਹਾਂ ਕਿਸੇ ਤਰ੍ਹਾਂ ਹਰਪਾਲ ਕੌਰ ਨੂੰ ਛੁਡਾਇਆ ਤੇ ਸਰਕਾਰੀ ਹਸਪਤਾਲ ਮੋਰਿੰਡਾ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਲਈ ਰੈਫਰ ਕਰ ਦਿਤਾ ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।
ਦਰਵਾਜ਼ਾ ਖੋਲ੍ਹੋ ਮੈਂ ਤੁਹਾਡਾ ਪੁੱਤਰ ਹਾਂ!
NEXT STORY