ਸਾਹਨੇਵਾਲ(ਜਗਰੂਪ)-ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਭੂਪਾਣਾ 'ਚ ਪੇਸ਼ੇ ਵਜੋਂ ਅਧਿਆਪਕ ਇਕ ਵਿਅਕਤੀ ਵਲੋਂ ਆਪਣੇ ਗੁਆਂਢੀ ਦੇ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਉਸਦੀ 17 ਸਾਲਾ ਨਾਬਾਲਿਗ ਲੜਕੀ ਨੂੰ ਘਰ 'ਚ ਇਕੱਲੀ ਦੇਖ ਕੇ ਉਸ ਨਾਲ ਕਥਿਤ ਮੂੰਹ ਕਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਥਾਣਾ ਪੁਲਸ ਨੇ ਕਥਿਤ ਦੋਸ਼ੀ ਅਧਿਆਪਕ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕੀਤੀ ਹੈ। ਨਾਬਾਲਿਗਾ ਦੇ ਪਿਤਾ ਰਾਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ 27 ਫਰਵਰੀ ਦੀ ਦੁਪਹਿਰ ਉਹ ਕਰੀਬ ਢਾਈ ਵਜੇ ਪਿੰਡ 'ਚ ਹੀ ਕਿਸੇ ਦੇ ਘਰ ਗਿਆ ਸੀ। ਜਦਕਿ ਉਸਦੀ 17 ਸਾਲਾ ਨਾਬਾਲਿਗ ਲੜਕੀ ਹਰਮਨ (ਕਾਲਪਨਿਕ ਨਾਂ) ਸਕੂਲ ਤੋਂ ਘਰ ਪਰਤੀ ਸੀ, ਜੋ ਘਰ 'ਚ ਉਸ ਸਮੇਂ ਇਕੱਲੀ ਹੀ ਸੀ। ਇਸ ਦੌਰਾਨ ਹੀ ਉਨ੍ਹਾਂ ਦਾ ਇਕ ਗੁਆਂਢੀ ਜੋ ਕਟਾਣੀ ਕਲਾਂ ਸਥਿਤ ਇਕ ਸਕੂਲ 'ਚ ਅਧਿਆਪਕ ਹੈ, ਉਸਦੇ ਘਰ ਦਾਖਲ ਹੋ ਗਿਆ ਅਤੇ ਉਸਦੀ ਨਾਬਾਲਿਗ ਲੜਕੀ ਨੂੰ ਕਥਿਤ ਜ਼ਬਰਦਸਤੀ ਚੁੱਕ ਕੇ ਅੰਦਰ ਲੈ ਗਿਆ ਅਤੇ ਉਸ ਨੂੰ ਕਥਿਤ ਡਰਾ ਧਮਕਾ ਕੇ ਜਬਰ-ਜ਼ਨਾਹ ਕੀਤਾ। ਰਾਜ ਕੁਮਾਰ ਨੇ ਦੋਸ਼ ਲਗਾਇਆ ਕਿ ਜਦੋਂ ਉਹ ਕੁਝ ਦੇਰ ਬਾਅਦ ਘਰ ਪਰਤਿਆ ਤਾਂ ਉਕਤ ਕਥਿਤ ਦੋਸ਼ੀ ਉਸਨੂੰ ਦੇਖ ਕੰਧ ਟੱਪ ਕੇ ਭੱਜ ਨਿੱਕਲਿਆ, ਜਿਸ ਤੋਂ ਬਾਅਦ ਉਨ੍ਹਾਂ ਇਸਦੀ ਸ਼ਿਕਾਇਤ ਥਾਣਾ ਪੁਲਸ ਨੂੰ ਦਿੱਤੀ।
ਇਸ ਮਾਮਲੇ ਸਬੰਧੀ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਨਾਬਾਲਿਗਾ ਦੇ ਪਿਤਾ ਦੇ ਬਿਆਨਾਂ 'ਤੇ ਉਸਦੇ ਗੁਆਂਢੀ ਸੁਰਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਵਿਆਹਿਆ ਹੋਇਆ ਹੈ ਅਤੇ ਉਸਦੇ ਦੋ ਬੱਚੇ ਵੀ ਹਨ। ਸੁਰਿੰਦਰ ਕਟਾਣੀ ਕਲਾਂ ਵਿਖੇ ਇਕ ਸਕੂਲ 'ਚ ਪ੍ਰਾਈਵੇਟ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ। ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਨਾਬਾਲਿਗਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੰਜਾਬ ਕੰਗਾਲੀ ਦੇ ਕੰਢੇ : ਅਮਰਿੰਦਰ
NEXT STORY