ਚੰਡੀਗੜ,(ਵਿਵੇਕ)— ਬਾਜਰੇ ਤੇ ਮੱਕੀ ਦੀ ਖਰੀਦ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਉਬ ਬਾਜਰੇ ਦੀ ਖਰੀਦ ਲਈ ਨਿਰਧਾਰਿਤ ਮਾਪਦੰਡਾਂ ਵਿਚ ਛੋਟ ਦੇਣ ਦੇ ਪੱਖ ਵਿਚ ਨਹੀਂ ਹੈ। ਇਸ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਨਾਲ ਹੀ ਮੱਕੀ ਦੀ ਖਰੀਦ 'ਤੇ ਕਿਸਾਨਾਂ ਨੂੰ ਝਟਕਾ ਦਿੰਦਿਆਂ ਮੱਕੀ ਦੀ ਖਰੀਦ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਹਲਫ਼ਨਾਮੇ ਨੂੰ ਕਰੜੇ ਹੱਥੀਂ ਲੈਂਦਿਆਂ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਕਿਸਾਨ ਖੇਤਾਂ ਵਿਚ ਫ਼ਸਲ ਬੀਜਦਾ ਹੈ ਤੇ ਉਸਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ ਕਿ ਉਹ ਉਸਨੂੰ ਘੱਟ ਤੋਂ ਘੱਟ ਸਮਰਥਨ ਮੁੱਲ 'ਤੇ ਖਰੀਦੇ।
ਮਾਮਲੇ 'ਚ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਰਾਜ 'ਚ ਕਣਕ ਅਤੇ ਚੌਲਾਂ ਦੀ ਘੱਟ ਤੋਂ ਘੱਟ ਸਮਰਥਨ ਮੁੱਲ 'ਤੇ ਖਰੀਦ ਨਹੀਂ ਹੋ ਰਹੀ ਹੈ। ਇਸ ਮਗਰੋਂ ਇਕ ਅਰਜ਼ੀ ਦਾਇਰ ਕਰਦਿਆਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿਚ ਬਿਨਾਂ ਖਰੀਦ ਕੀਤੇ ਪਈ ਮੱਕੀ ਤੇ ਬਾਜਰੇ ਦੀ ਖਰੀਦ ਲਈ ਸਰਕਾਰ ਨੂੰ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ। ਇਸ ਅਪੀਲ 'ਤੇ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਤੋਂ ਜਵਾਬ ਮੰਗਿਆ ਸੀ। ਦੋਵਾਂ ਸਰਕਾਰਾਂ ਨੇ ਇਹ ਸਪੱਸ਼ਟ ਕੀਤਾ ਸੀ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਦਾ ਨਿਰਧਾਰਨ ਕੇਂਦਰ ਸਰਕਾਰ ਕਰਦੀ ਹੈ ਤੇ ਉਨ੍ਹਾਂ ਵਲੋਂ ਨਿਰਧਾਰਨ ਮੁਲ ਮਗਰੋਂ ਹੀ ਖਰੀਦ ਕੀਤੀ ਜਾ ਸਕਦੀ ਹੈ।
ਇਸ ਲਈ ਦੋਵਾਂ ਸਰਕਾਰਾਂ ਨੇ ਪ੍ਰੋਪੋਜ਼ਲ ਬਣਾ ਕੇ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ ਤੇ ਹੁਣ ਕੇਂਦਰ ਸਰਕਾਰ ਨੂੰ ਤੈਅ ਕਰਨਾ ਹੈ ਕਿ ਉਨ੍ਹਾਂ ਦਾ ਇਸ 'ਤੇ ਕੀ ਕਦਮ ਹੈ। ਮਾਮਲੇ ਵਿਚ ਹਲਫ਼ਨਾਮਾ ਦਾਇਰ ਕਰਦਿਆਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਤੈਅ ਮਾਪਦੰਡਾਂ ਅਨੁਸਾਰ ਹੀ ਬਾਜਰੇ ਦੀ ਖਰੀਦ ਕੀਤੀ ਜਾ ਸਕਦੀ ਹੈ। ਇਨ੍ਹਾਂ ਮਾਪਦੰਡਾਂ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਕਿਸੇ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਨਾਲ ਹੀ ਮੱਕੀ ਦੀ ਖਰੀਦ ਲਈ ਐੱਮ. ਐੱਸ. ਪੀ. ਨਿਰਧਾਰਿਤ ਕਰਨ 'ਤੇ ਹਲਫ਼ਨਾਮੇ ਵਿਚ ਕੋਈ ਜ਼ਿਕਰ ਨਹੀਂ ਸੀ ਤੇ ਕੇਂਦਰ ਦੇ ਕੌਂਸਲ ਨੇ ਮੌਖਿਕ ਤੌਰ 'ਤੇ ਕਿਹਾ ਕਿ ਸਮੱਸਿਆ ਦੌਰਾਨ ਮੱਕੀ ਦੀ ਖਰੀਦ ਨਹੀਂ ਕੀਤੀ ਜਾ ਸਕਦੀ।
ਹਾਈਕੋਰਟ ਨੇ ਕਿਹਾ ਕਿ ਸਰਕਾਰ ਨੂੰ ਨੁਕਸਾਨ ਤੇ ਫਾਇਦੇ ਦੇ ਨਾਲ-ਨਾਲ ਕਿਸਾਨਾਂ ਦਾ ਹਿਤ ਵੀ ਦੇਖਣਾ ਚਾਹੀਦਾ ਹੈ। ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨਵੇਂ ਸਿਰੇ ਤੋਂ ਇਕ ਹਲਫ਼ਨਾਮਾ ਦਾਇਰ ਕਰੇ ਤੇ ਇਸ ਹਲਫ਼ਨਾਮੇ ਵਿਚ ਕਿਸਾਨਾਂ ਦੇ ਹਿਤ ਨੂੰ ਧਿਆਨ ਵੀ ਰੱਖਿਆ ਜਾਵੇ। ਇਸ ਹਲਫ਼ਨਾਮੇ ਰਾਹੀਂ ਕੇਂਦਰ ਸਰਕਾਰ ਦੱਸੇ ਕਿ ਕਿਸਾਨਾਂ ਦੇ ਹਿਤ ਲਈ ਉਹ ਕੀ ਕਰ ਸਕਦੀ ਹੈ? ਤਾਂ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਨਾਲ ਹੀ ਇਨ੍ਹਾਂ ਫਸਲਾਂ ਦੀ ਅੱਗੇ ਦੀ ਖਰੀਦ ਨੂੰ ਲੈ ਕੇ ਵੀ ਸਥਿਤੀ ਸਪੱਸ਼ਟ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਬਿਹਤਰ ਜਵਾਬ ਮਿਲ ਸਕੇ।
'ਸੁੱਖਾ ਕਾਹਲਵਾਂ' ਨੂੰ ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
NEXT STORY