ਜੈਤੋ,(ਗੁਰਤੇਜ)— ਪਿਛਲੇ ਦਿਨੀਂ ਹੋਈ ਤੇਜ਼ ਬਰਸਾਤ ਅਤੇ ਝੁੱਲੀ ਤੇਜ਼ ਹਨੇਰੀ ਨੇ ਪੁੱਤਾਂ ਵਾਂਗ ਪਾਲੀ ਜੱਟਾਂ ਦੀ ਕਣਕ ਦੀ ਫ਼ਸਲ ਤਹਿਸ-ਨਹਿਸ ਕਰਕੇ ਰੱਖ ਦਿੱਤੀ ਹੈ। ਜੈਤੋ ਅਤੇ ਇਸ ਦੇ ਆਸ-ਪਾਸ ਦੇ ਖੇਤਰ 'ਚ ਪਿਛਲੇ 24 ਘੰਟਿਆਂ ਤੋਂ ਰੁਕ-ਰੁਕ ਕੇ ਹੋਈ ਬਰਸਾਤ ਅਤੇ ਚੱਲੀ ਤੇਜ਼ ਹਵਾ ਨੇ ਪੱਕਣ ਦੇ ਨੇੜੇ ਆਈ ਕਣਕ ਦੀ ਫ਼ਸਲ ਨੂੰ ਖੇਤਾਂ ਵਿਚ ਧਰਤੀ 'ਤੇ ਵਿਛਾ ਦਿੱਤਾ ਹੈ, ਜਿਸ ਨਾਲ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਇਸ ਵਾਰ ਲੰਮਾ ਸਮਾਂ ਠੰਡ ਪੈਣ ਕਾਰਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਕਾਫੀ ਚੰਗੀ ਹੋਣ ਦੀ ਆਸ ਸੀ ਪਰ ਬੀਤੇ ਦਿਨ ਹੋਈ ਬਰਸਾਤ ਅਤੇ ਤੇਜ਼ ਹਵਾ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।
ਜਸਮੇਲ ਸਿੰਘ ਬਾਜਾਖਾਨਾ, ਗੁਰਦੀਪ ਸਿੰਘ ਡੇਲਿਆਂਵਾਲੀ, ਸਤਵਿੰਦਰ ਸਿੰਘ ਰੋੜੀਕਪੂਰਾ, ਹਰਬੰਸ ਸਿੰਘ ਕੋਠੇ ਜੈਤੋ, ਜਗਸੀਰ ਸਿੰਘ ਡੇਲਿਆਂਵਾਲੀ, ਗੁਰਮੇਲ ਸਿੰਘ ਬਿਸ਼ਨੰਦੀ, ਜਾਟ ਮਹਾਂ ਸਭਾ ਦੇ ਮੈਂਬਰ ਹਰਭਗਵਾਨ ਸਿੰਘ ਕਰੀਰਵਾਲੀ, ਭੰਤ ਸਿੰਘ ਚੈਨਾ, ਦਰਸ਼ਨ ਸਿੰਘ ਕੋਠੇ ਕੇਹਰ ਸਿੰਘ ਵਾਲੇ, ਗੁਰਤੇਗਪਾਲ ਸਿੰਘ ਸੀਰਾ ਅਤੇ ਜਗਸੀਰ ਸਿੰਘ ਮੈਂਬਰ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਪਹਿਲਾਂ ਤਾਂ ਕਿਸਾਨਾਂ ਨੂੰ ਸਮੇਂ ਸਿਰ ਯੂਰੀਆ ਖਾਦ ਨਹੀਂ ਮਿਲੀ, ਜਿਸ ਲਈ ਕਿਸਾਨਾਂ ਨੂੰ ਦਰ-ਦਰ ਭੜਕਣਾ ਪਿਆ ਅਤੇ ਉਤੋਂ ਹੁਣ ਰਹਿੰਦੀ-ਖੂੰਹਦੀ ਕਸਰ ਕੁਦਰਤ ਦੀ ਇਸ ਮਾਰ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਣਕ ਦੀ ਫ਼ਸਲ ਦੇ ਡਿੱਗਣ ਨਾਲ ਫ਼ਸਲ ਦੇ ਝਾੜ 'ਚ ਦਸ ਤੋਂ ਪੰਦਰਾਂ ਫੀਸਦੀ ਕਮੀ ਆ ਸਕਦੀ ਹੈ।
ਕੁਦਰਤ ਦੀ ਇਹ ਮਾਰ ਸਿਰਫ਼ ਕਣਕ ਉਤਪਾਦਕਾਂ 'ਤੇ ਹੀ ਨਹੀਂ ਪਈ, ਸਗੋਂ ਇਸ ਮਾਰ ਹੇਠ ਆਲੂ ਉਤਪਾਦਕ ਵੀ ਆ ਗਏ ਹਨ।
ਜਿਥੇ ਇਸ ਸਮੇਂ ਆਲੂ ਦੀ ਫ਼ਸਲ ਪੱਕ ਕੇ ਤਿਆਰ ਹੈ, ਉਥੇ ਕਿਸਾਨਾਂ ਨੇ ਇਸ ਦੀਆਂ ਵੇਲਾਂ ਨੂੰ ਵੱਢ ਦਿੱਤਾ ਸੀ ਪਰ ਇਸ ਸਮੇਂ ਹੋਈ ਬਰਸਾਤ ਕਾਰਨ ਆਲੂਆਂ ਦੇ ਖੇਤਾਂ 'ਚ ਕਾਫੀ ਪਾਣੀ ਭਰ ਗਿਆ ਹੈ, ਜਿਸ ਨਾਲ ਆਲੂਆਂ ਦੇ ਖਰਾਬ ਹੋ ਜਾਣ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗ ਪਿਆ ਹੈ।
ਇਸ ਵਾਰ ਆਲੂਆਂ ਦਾ ਭਾਅ ਘੱਟ ਮਿਲਣ ਕਾਰਨ ਜਿਥੇ ਕਿਸਾਨਾਂ ਦਾ ਪਹਿਲਾਂ ਹੀ ਫ਼ਸਲ ਦਾ ਖਰਚ ਵੀ ਪੂਰਾ ਨਹੀਂ ਸੀ ਹੋ ਰਿਹਾ ਅਤੇ ਉਤੋਂ ਆਲੂਆਂ ਨੂੰ ਹੋ ਰਹੇ ਇਸ ਨੁਕਸਾਨ ਤੋਂ ਕਿਸਾਨ ਕਾਫੀ ਚਿੰਤਤ ਹਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲਾ ਪ੍ਰਧਾਨ ਸੁਰਮੁੱਖ ਸਿੰਘ ਅਜਿੱਤਗਿਲ ਅਤੇ ਜਨਰਲ ਸਕੱਤਰ ਨੈਬ ਸਿੰਘ ਭਗਤੂਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫ਼ਸਲ 'ਤੇ ਪਈ ਇਸ ਕੁਦਰਤੀ ਮਾਰ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਸੁੱਖਾ ਕਾਹਲਵਾਂ ਕਤਲ 'ਚ ਨਵਾਂ ਮੋੜ, ਫੜਿਆ ਗਿਆ ਮੁੱਖ ਦੋਸ਼ੀ (ਵੀਡੀਓ)
NEXT STORY