ਮੋਹਾਲੀ-ਮੋਟਰ ਐਕਸੀਡੈਂਟ ਕਲੇਮਸ ਟ੍ਰਿਬਿਊਨਲ ਨੇ ਇਕ ਮ੍ਰਿਤਕ ਐੱਨ. ਆਰ. ਆਈ. ਸੰਬੰਧੀ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਪਰਿਵਾਰ ਨੂੰ 5.56 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਦੀਪ ਸਿੰਘ ਚਾਰਟਰਡ ਅਕਾਊਂਟੈਂਟ ਦਾ ਕੰਮ ਕਰਦਾ ਸੀ ਅਤੇ ਅਮਰੀਕਾ 'ਚ ਰਹਿੰਦਾ ਸੀ। ਉਸ ਦੀ ਸਲਾਨਾ ਆਮਦਨ 66 ਲੱਖ ਦੀ ਕਰੀਬ ਸੀ।
ਉਸ ਦੇ ਪਰਿਵਾਰ ਵਾਲੇ ਫੇਜ-10 'ਚ ਰਹਿੰਦੇ ਸਨ। ਮਨਦੀਪ ਸਿੰਘ ਇੰਡੋ ਕੈਨੇਡੀਅਨ ਬੱਸ ਸਰਵਿਸ 'ਚ 2009 ਨੂੰ ਦਿੱਲੀ ਤੋਂ ਪੰਜਾਬ ਆ ਰਿਹਾ ਸੀ ਕਿ ਡਰਾਈਵਰ ਆਪਣਾ ਸੰਤੁਲਨ ਖੋਹ ਬੈਠਿਆ ਅਤੇ ਭਿਆਨਕ ਹਾਦਸੇ ਦੌਰਾਨ ਬੱਸ ਬੇਕਾਬੂ ਹੋ ਕੇ ਨਹਿਰ 'ਚ ਡਿਗ ਗਈ। ਇਸ ਹਾਦਸੇ 'ਚ ਮਨਦੀਪ ਸਿੰਘ ਦੀ ਮੌਤ ਹੋ ਗਈ।
ਇਸ ਸੰਬੰਧੀ ਕੇਸ ਪੁਲਸ ਕੋਲ ਗਿਆ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਬੱਸ ਡਰਾਈਵਰ, ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਅਤੇ ਆਈ. ਸੀ. ਆਈ. ਸੀ. ਆਈ. ਲੋਬਾਰਡ ਜਨਰਲ ਇੰਸ਼ੋਰੈਂਸ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਅਦਾਲਤ ਨੇ ਕਿਹਾ ਕਿ ਬੱਸ ਕੰਪਨੀ ਅਤੇ ਇੰਸ਼ੋਰੈਂਸ ਕੰਪਨੀ ਖਿਲਾਫ ਜਦੋਂ ਮਾਮਲਾ ਦਰਜ ਕੀਤਾ ਸੀ ਤਾਂ ਉਸ ਸਮੇਂ ਤੋਂ ਉਕਤ ਰਕਮ 'ਤੇ 6 ਫੀਸਦੀ ਵਿਆਜ ਵੀ ਦੇਣਾ ਪਵੇਗਾ।
ਅਦਾਲਤ ਨੇ ਤੈਅ ਕੀਤਾ ਕਿ ਮੁਆਵਜ਼ੇ ਦੀ ਰਕਮ 'ਚੋਂ 5 ਕਰੋੜ ਮ੍ਰਿਤਕ ਦੀ ਪਤਨੀ ਅਤੇ ਬੇਟੇ ਨੂੰ ਮਿਲਣਗੇ, ਜੋ ਕਿ ਯੂ. ਐੱਸ. ਏ. 'ਚ ਰਹਿੰਦੇ ਹਨ, ਜਦੋਂ ਕਿ 56 ਲੱਖ ਰੁਪਏ ਫੇਜ-10 'ਚ ਰਹਿਣ ਵਾਲੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਿੱਤੇ ਜਾਣਗੇ।
ਵਰਲਡ ਕੱਪ 2015 ਦੀ ਟਰਾਫੀ ਦਾ ਹੈਰਾਨ ਕਰਨ ਵਾਲਾ ਸਾਈਜ਼
NEXT STORY