ਸਾਡੇ ਮਹਾਨ ਗੁਰੂਆਂ ਨੇ ਜਿਥੇ ਕਿਤੇ ਵੀ ਆਪਣੇ ਪਵਿੱਤਰ ਚਰਨ ਪਾਏ, ਉਹੀ ਜਗ੍ਹਾ ਪੂਜਣਯੋਗ ਬਣ ਗਈ। ਉਂਝ ਵੀ ਵਿਦਵਾਨ ਕਹਿੰਦੇ ਹਨ ਕਿ ਆਪਣੇ ਗੁਰੂਆਂ, ਪੀਰਾਂ ਤੇ ਸ਼ਹੀਦਾਂ ਦੇ ਇਤਿਹਾਸ ਨੂੰ ਸਹੀ ਰੂਪ ਵਿਚ ਸੰਭਾਲਣਾ ਅਤੇ ਨਵੀਂ ਪੀੜ੍ਹੀ ਨੂੰ ਉਸ ਬਾਰੇ ਜਾਣਕਾਰੀ ਦੇਣੀ ਹਰ ਜਾਗਦੀ ਜ਼ਮੀਰ ਵਾਲੀ ਕੌਮ ਦਾ ਮੁੱਢਲਾ ਫਰਜ਼ ਹੁੰਦਾ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਸਮਾਦੀ ਪਲਾਂ ਨਾਲ ਇਕ ਅਲੌਕਿਕ ਇਤਿਹਾਸ ਦੀ ਸਿਰਜਣਾ ਕੀਤੀ ਹੈ। ਇਸੇ ਅਲੌਕਿਕ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਗੁੱਜਰਵਾਲ ਦੀ ਧਰਤੀ 'ਤੇ ਸਿਰਜਿਆ ਗਿਆ, ਜਿਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 6 ਮਹੀਨੇ ਤੋਂ ਜ਼ਿਆਦਾ ਸਮਾਂ ਰਹਿ ਕੇ ਇਲਾਕੇ ਦੀਆਂ ਸੰਗਤਾਂ ਨੂੰ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦਾ ਉਪਦੇਸ਼ ਦਿੱਤਾ ਸੀ। ਇਸ ਅਸਥਾਨ 'ਤੇ ਅੱਜ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੀ ਵਿਸ਼ਾਲ ਇਮਾਰਤ ਸੁਸ਼ੋਭਿਤ ਹੈ।
ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਇਤਿਹਾਸ ਬਾਰੇ ਛਪੇ ਗ੍ਰੰਥਾਂ ਤੋਂ ਮਿਲੇ ਵੇਰਵਿਆਂ ਤੋਂ ਜੋ ਤੱਥ ਸਾਹਮਣੇ ਆਉਂਦੇ ਹਨ, ਉਨ੍ਹਾਂ ਅਨੁਸਾਰ ਜਦੋਂ ਪਿੰਡ ਤੋਂ ਬਾਹਰਵਾਰ ਪੁਰਾਣੀ ਢਾਬ 'ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ 2200 ਤੋਂ ਵੱਧ ਫੌਜੀ ਸਿਪਾਹੀਆਂ ਸਮੇਤ ਚੌਧਰੀ ਫਤੂਹੀ ਦੇ ਇਲਾਕੇ ਵਿਚ ਠਹਿਰਨ ਕੀਤਾ ਤਾਂ ਸਭਨੀਂ ਪਾਸੀਂ ਰੌਣਕਾਂ ਲੱਗ ਗਈਆਂ। ਸੰਗਤਾਂ ਦੂਰੋਂ-ਦੂਰੋਂ ਗੁਰੂ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਲਈ ਆਉਣ ਲੱਗੀਆਂ। ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਤਲਾਬ ਵਾਲੇ ਅਸਥਾਨ 'ਤੇ ਪੁਰਾਣੀ ਢਾਬ ਹੁੰਦੀ ਸੀ, ਜਿਸਦੇ ਕੰਢੇ ਗੁਰੂ ਸਾਹਿਬ ਉਤਰੇ ਸਨ।
ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਵਿਖੇ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜਦਕਿ ਇਸ ਅਸਥਾਨ ਦਾ ਮੁੱਖ ਸਮਾਗਮ ਚੇਤਰ ਚੌਦੇ ਦੀ ਮੱਸਿਆ ਨੂੰ ਲੱਗਣ ਵਾਲਾ ਸਾਲਾਨਾ ਜੋੜ ਮੇਲਾ ਹੁੰਦਾ ਹੈ। ਹਰ ਸਾਲ ਇਹ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਗੁੱਜਰਵਾਲ ਆਉਣ ਲਈ ਲੁਧਿਆਣੇ ਬੱਸ ਅੱਡੇ ਤੋਂ 5-5 ਮਿੰਟ ਬਾਅਦ ਬੱਸ ਸਰਵਿਸ ਹੈ, ਜਦਕਿ ਇਸ ਗੁਰਦੁਆਰਾ ਸਾਹਿਬ ਨੂੰ ਕਿਲਾ ਰਾਏਪੁਰ ਅਤੇ ਮੰਡੀ ਅਹਿਮਦਗੜ੍ਹ ਦੇ ਰੇਲਵੇ ਸਟੇਸ਼ਨ ਨੇੜੇ ਪੈਂਦੇ ਹਨ।
ਇਹ ਰਾਹ ਸੰਸਾਰ ਦਾ ਹੈ, ਦੂਜਾ ਰਾਹ ਨਿਰੰਕਾਰ ਦਾ ਹੈ...
NEXT STORY