ਭਗਤੀ ਮਾਰਗ ਵਿਚ ਸਭ ਤੋਂ ਵੱਡੀ ਰੁਕਾਵਟ ਮਨ ਹੈ। ਮਨੁੱਖੀ ਜੀਵਨ ਦੇ ਕੁਝ ਆਦਰਸ਼ ਮਨ ਨੇ ਆਪ ਮਿੱਥ ਲਏ ਹਨ। ਘਰ, ਪਰਿਵਾਰ, ਪੁੱਤਰ, ਪਤਨੀ, ਸੰਸਾਰਕ ਸੁੱਖ ਦੇ ਸਾਧਨ, ਪ੍ਰਚੂਰ ਧਨ ਆਦਿ ਸਾਰੇ ਸੁੱਖ ਦੇ ਸਾਧਨ ਮਨ ਨੇ ਨਿਰਧਾਰਿਤ ਕੀਤੇ ਹਨ।
ਭਗਤੀ ਮਾਰਗ 'ਤੇ ਚੱਲਦਿਆਂ ਥੋੜ੍ਹੀ ਦੇਰ ਤੋਂ ਬਾਅਦ 'ਦੋਰਾਹਾ' ਆਉਂਦਾ ਹੈ। ਇਕ ਰਾਹ, ਸੰਸਾਰਕ ਸੁੱਖ-ਭੋਗਾਂ ਨਾਲ ਸਜਿਆ ਹੋਇਐ। ਇਹ ਰਾਹ ਮਨ-ਲੁਭਾਵਨ ਹੈ। ਇਹ ਮਨ ਨੂੰ ਆਕਰਸ਼ਿਤ ਕਰਦੈ। ਘੋਰ ਮਨ ਦੇ ਪਿੱਛੇ ਲੱਗੇ ਬਹੁਤੇ ਮਨੁੱਖ ਇਸੇ ਰਾਹ ਨੂੰ ਭਗਤੀ ਦਾ ਮੰਤਵ ਸਮਝ ਕੇ ਤੁਰਦੇ ਹਨ। ਇਹ ਰਾਹ ਸੰਸਾਰ ਦਾ ਹੈ, ਦੂਜਾ ਰਾਹ ਨਿਰੰਕਾਰ ਦਾ ਹੈ। ਇਹ ਰਾਹ ਸੰਸਾਰਕ ਸਮੱਗਰੀਆਂ ਤੋਂ ਬਿਲਕੁਲ ਖਾਲੀ ਹੈ। ਭੋਗ-ਵਿਲਾਸ ਦੀ ਕੋਈ ਚਮਕ-ਦਮਕ ਨਹੀਂ। ਸੰਸਾਰਕ ਆਸਕਤੀ (ਮਾਇਆ) ਪਿੱਛੇ ਰਹਿ ਜਾਂਦੀ ਹੈ, ਇਹ ਵਿਰੱਕਤੀ ਦਾ ਮਾਰਗ ਹੈ। ਘਰ ਨਹੀਂ, ਪਰਿਵਾਰ ਨਹੀਂ, ਕੋਈ ਦੁਨਿਆਵੀ ਕਾਰ-ਵਿਹਾਰ ਨਾਲ ਮੋਹ ਨਹੀਂ। ਵਿਹਾਰ ਵੀ ਕਰਦੈ ਤਾਂ ਯੰਤਰ ਸਮਾਨ। ਗੁਰਬਾਣੀ ਵਿਚ ਵੀ ਕਈ ਥਾਵਾਂ 'ਤੇ 'ਜੀਅ-ਜੰਤ' ਸ਼ਬਦ ਦਾ ਪ੍ਰਯੋਗ ਹੋਇਆ। ਇਹ ਸ਼ਬਦ ਭਗਤੀ ਮਾਰਗੀਆਂ ਲਈ ਆਤਮ-ਪ੍ਰੇਰਕ ਟਿਪਸ ਹੈ।
ਜੰਤ ਦਾ ਅਰਥ ਹੈ ਮਸ਼ੀਨ। ਮਸ਼ੀਨ ਚੱਲ ਰਹੀ ਹੈ, ਵਸਤੂ ਦਾ ਉਤਪਾਦਨ ਹੋ ਰਿਹੈ ਪਰ ਮਸ਼ੀਨ ਨੂੰ ਘੱਟ-ਵੱਧ ਦਾ ਹਰਖ-ਸੋਗ ਨਹੀਂ। ਮਸ਼ੀਨ ਆਪ ਮਨ ਕਰਕੇ ਸੰਲਿਪਤ ਨਹੀਂ। ਤਾਂ ਧਰਮ ਸ਼ਾਸਤਰ ਕਹਿੰਦੇ ਹਨ, ਹੇ ਜੀਅ ਤੂੰ ਜੰਤ ਹੈਂ, ਮਸ਼ੀਨ ਵਾਂਗ ਨਿਰਲੇਪ ਭਾਵਨਾ ਨਾਲ ਚੱਲੀ ਜਾ। ਭਗਤੀ ਮਾਰਗ ਦਾ ਰਾਹੀ ਗ੍ਰਹਿਸਥ ਜੀਵਨ ਵਿਚ ਵੀ, ਕਾਰ-ਵਿਹਾਰ ਵਿਚ ਵੀ ਨਿਰਲੇਪ ਰਹਿ ਕੇ ਕਮਲ ਫੁੱਲ ਵਾਂਗ ਜੀਵਨ ਜਿਊਂਦਾ ਹੈ। ਸੰਸਾਰਕ ਸੁੱਖ-ਦੁੱਖ ਦੀ ਅਨੁਭੂਤੀ ਦਾ ਕੇਂਦਰ 'ਮਨ' ਹੈ। ਭਗਤੀ ਦਾ ਮਾਰਗ ਹੀ ਨਿਵੇਕਲਾ ਹੈ। ਇਹ ਅਵਸਥਾ ਮਨ ਦੇ ਸੰਵੇਦਨ ਕੇਂਦਰ ਤੋਂ ਉਪਰ ਹੈ। ਸੰਸਾਰਕ ਜੀਵਨ ਦੇ ਦੁੱਖ-ਸੁੱਖ ਦੀ ਕੋਈ ਸੰਵੇਦਨਾ ਇਥੇ ਨਹੀਂ ਪਹੁੰਚ ਸਕਦੀ। ਮਨ ਥੱਲੇ ਰਹਿ ਗਿਆ, ਮਨ ਦੀਆਂ ਮਾਨਤਾਵਾਂ ਪਿੱਛੇ ਛੁੱਟ ਗਈਆਂ। 'ਰਾਮਾਇਣ' ਦੇ 'ਸੁੰਦਰ ਕਾਂਡ' ਵਿਚ ਬੜਾ ਹੀ ਖ਼ੂਬਸੂਰਤ ਪ੍ਰਸੰਗ ਹੈ। ਹਨੂੰਮਾਨ ਜੀ ਸ਼੍ਰੀਲੰਕਾ ਤੋਂ ਵਾਪਿਸ ਆਏ। ਭਗਵਾਨ ਰਾਮ ਲਕਸ਼ਮਣ, ਸੁਗਰੀਵ, ਜਾਮਵੰਤ ਆਦਿ ਨਾਲ ਇੰਤਜ਼ਾਰ ਕਰ ਰਹੇ ਸਨ। ਮਾਤਾ ਜਾਨਕੀ ਦੀ ਭੇਟ ਚੂੜਾਮਣੀ ਪ੍ਰਭੂ ਦੇ ਚਰਨਾਂ 'ਤੇ ਰੱਖ ਚਰਨ ਵੰਦਨਾ ਕਰਦੇ ਹਨ। ਭਗਵਾਨ ਸ਼੍ਰੀ ਦੇ ਹਾਲ-ਚਾਲ ਪੁੱਛਣ 'ਤੇ ਕਹਿੰਦੇ ਹਨ¸
ਕਹਿ ਹਨੂੰਮਤ ਵਿਪਤ ਪ੍ਰਭੁ ਸੋਈ, ਤਵ ਸਿਮਰਨ ਜਬ ਭਗਤ ਨ ਹੋਈ।
ਹੇ ਪ੍ਰਭੂ, ਵਿਪੱਤੀ ਤਾਂ ਉਦੋਂ ਹੀ ਹੈ, ਦੁੱਖ ਤਾਂ ਉਦੋਂ ਹੀ ਹੈ, ਜਦੋਂ ਤੁਹਾਡੀ ਯਾਦ ਭੁੱਲ ਜਾਏ, ਤੁਹਾਡੀ ਭਗਤੀ ਛੁੱਟ ਜਾਏ। ਇਹ ਅਵਸਥਾ ਰਾਮ ਭਗਤ ਹਨੂੰਮਾਨ ਦੀ, ਮਨ ਦੇ ਸੰਵੇਦਨ ਕੇਂਦਰ ਤੋਂ ਉਪਰ ਦੀ ਅਵਸਥਾ ਹੈ, ਜਿਥੇ ਸੰਸਾਰਕ ਦੁੱਖ ਆਤਮਾ ਨੂੰ ਨਹੀਂ ਛੂਹ ਸਕਦੇ। ਮਨ ਤਕ ਪੁੱਜ ਕੇ ਨਿਸ਼ਪ੍ਰਭਾਵ ਰਹਿ ਜਾਂਦੇ ਹਨ। ਉਜੈਨ ਸਮਰਾਟ ਭਰਥ੍ਰੀਹਰੀ ਦਾ ਮਨ ਕਿਸੇ ਪ੍ਰਸੰਗ ਤੋਂ ਬਾਅਦ ਉਚਾਟ ਹੋ ਗਿਆ। ਸੰਸਾਰਕ ਸੁੱਖ ਸਮੱਗਰੀ, ਦੇਹ ਅਤੇ ਦੇਹ ਨਾਲ ਜੁੜੀਆਂ ਮਨ ਦੀਆਂ ਇੰਦਰੀਆਂ ਵਿਅਰਥ ਜਾਪੀਆਂ। ਵਿਚਾਰ ਆਇਆ ਇਕ ਦਿਨ ਇਹ ਦੇਹ ਹੀ ਨਹੀਂ ਰਹਿਣੀ ਤਾਂ ਦੇਹ ਨਾਲ ਜੁੜੀਆਂ ਸੰਸਾਰਕ ਵਾਸਨਾਵਾਂ ਵੀ ਵਿਅਰਥ ਹਨ। ਰਾਜਾ ਭਰਥ੍ਰੀ ਰਾਜ-ਮਹੱਲ ਅਤੇ ਰਾਜਸੀ ਵਸਤਰ ਤਿਆਗ ਕੇ ਇਕ ਲੰਗੋਟੀ ਨਾਲ ਨਿਕਲ ਪਿਆ। ਭਰਥ੍ਰੀ ਵਿਦਵਾਨ ਸਨ। ਰਾਜ ਮਹੱਲ ਵਿਚ ਰਹਿ ਕੇ 'ਸਿੰ੍ਰਗਾਰ ਸ਼ਤਕ' ਲਿਖਿਆ ਸੀ। ਜਦੋਂ ਮਨ ਦੇ ਕੇਂਦਰ ਤੋਂ ਅੱਗੇ ਵਧ ਗਏ ਤਾਂ ਆਸਕਤੀ ਦਾ ਸਥਾਨ ਵਿਰੱਕਤੀ ਨੇ ਲੈ ਲਿਆ। ਹੁਣ ਰਾਹ ਦੇ ਪੱਥਰ ਪੈਰਾਂ ਵਿਚ ਚੁੱਭਦੇ ਹਨ, ਭੁੱਖ-ਪਿਆਸ ਲੱਗਦੀ ਹੈ ਪਰ ਅਨਾਸਕਤ ਆਤਮਾ ਤਕ ਕੋਈ ਦੁੱਖ ਨਹੀਂ ਪਹੁੰਚ ਸਕਦਾ। ਭਗਤੀ ਸ਼ਾਸਤਰ ਦੇ ਕੋਸ਼ ਵਿਚ ਦੋ ਮਹਾਨ ਕਾਵਿਯ, ਨੀਤੀ ਸ਼ਤਕ ਅਤੇ ਵੈਰਾਗ ਸ਼ਤਕ ਭੇਟ ਕੀਤੇ। ਵੈਰਾਗ ਸ਼ਤਕ ਦਾ ਸ਼ਲੋਕ¸
ਭੋਗਾ ਨ ਭੁਗਤਾ, ਵਯਮੇਵ ਭੁਗਤਾ। ਕਾਲੋ ਨ ਯਾਤੋ ਵਯਮੇਵ ਯਾਤੋ।
ਤਪਸ ਨ ਤਪਤਾ ਵਯਮੇਵ ਤਪਤਾ। ਤ੍ਰਿਸ਼ਣਾ ਨ ਜੀਰਣਾ ਵਯਮੇਵ ਜੀਰਣਾ।
''ਭੋਗਾਂ ਨੇ ਨਹੀਂ ਮੁੱਕਣਾ, ਅਸਾਂ ਮੁੱਕ ਜਾਣੈ। ਸਮੇਂ ਨੇ ਨਹੀਂ ਲੰਘਣਾ, ਅਸਾਂ ਸੰਸਾਰ ਤੋਂ ਲੰਘ ਜਾਣੈ। ਤਪ ਨੇ ਨਹੀਂ ਤਪਣਾ, ਅਸਾਂ ਤਪ ਜਾਣੈ। ਤ੍ਰਿਸ਼ਣਾ ਨੇ ਕਦੇ ਬੁੱਢਿਆਂ ਨਹੀਂ ਹੋਣਾ, ਅਸਾਂ ਬੁੱਢਿਆਂ ਹੋ ਜਾਣੈ।''
ਇਸ ਸ਼ਲੋਕ ਨੇ ਭਗਤੀ ਮਾਰਗੀਆਂ ਦੀ ਰਾਹ ਤੋਂ ਬਹੁਤ ਸਾਰੇ ਰੋੜੇ-ਕੰਡੇ ਚੁੱਗ ਲਏ। ਰਾਜਾ ਭਰਥ੍ਰੀ ਹੁਣ ਆਪ ਭਗਵਾਨ, 'ਭਰਥ੍ਰੀਹਰੀ' ਹੋ ਗਿਆ। ਤਾਂ ਪੰਜਵੇਂ ਪਾਤਸ਼ਾਹ ਸੁਖਮਨੀ ਵਿਚ ਸੂਤਰ ਦਿੰਦੇ ਹਨ¸
ਨਾਮ ਜਪਤ ਪਾਵਹਿ ਬਿਸ੍ਰਾਮ। ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨ।
ਮਨ ਦਾ ਸ਼ਾਂਤ ਹੋਣਾ, ਭਗਤ ਦਾ ਉਚੇਰੀ ਕਲਾਸ ਵਿਚ ਪ੍ਰਵੇਸ਼ ਦਾ ਲਖਾਇਕ ਹੈ।
►ਗੁਰੂਬਚਨ ਸਿੰਘ ਨਾਮਧਾਰੀ
ਬਾਕੂ ਦਾ ਹਿੰਦੂ ਅਗਨੀ ਮੰਦਿਰ (ਦੇਖੋ ਤਸਵੀਰਾਂ)
NEXT STORY