29 ਮਾਰਚ 1849 ਈਸਵੀ ਨੂੰ ਪੰਜਾਬ ਦੀ ਆਜ਼ਾਦ ਹਕੂਮਤ ਦਾ ਆਖਰੀ ਦਰਬਾਰ ਸਜਿਆ। ਲਾਹੌਰ ਦੇ ਕਿਲੇ ਤੋਂ ਖਾਲਸਾ ਨਿਸ਼ਾਨ ਦਾ ਝੰਡਾ ਉਤਾਰ ਕੇ ਅੰਗਰੇਜ਼ ਸਲਤਨਤ ਦਾ ਝੰਡਾ ਲਹਿਰਾ ਦਿੱਤਾ ਗਿਆ। ਨਾਨਕਸ਼ਾਹੀ, ਹਰੀ ਸਿੰਘ ਅਤੇ ਗੁਰੂ ਗੋਬਿੰਦ ਸ਼ਾਹੀ ਸਿੱਕੇ ਬੰਦ ਕਰਕੇ ਅੰਗਰੇਜ਼ਾਂ ਨੇ ਕਰੰਸੀ ਦੇ ਰੂਪ ਵਿਚ ਰੁਪਿਆ ਚਾਲੂ ਕਰ ਦਿੱਤਾ। ਗੱਦੀ ਦੀ ਲਾਲਸਾ ਵਿਚ ਮਹਾਰਾਜੇ ਦੇ ਪਰਿਵਾਰ ਦੀ ਕਹਾਣੀ ਖੂਨ ਨਾਲ ਲੱਥ-ਪੱਥ ਹੋ ਚੁੱਕੀ ਸੀ। ਸਿੱਖ ਰਾਜ ਦੇ ਅੰਤ ਤੋਂ ਬਾਅਦ ਸਿੱਖ ਸਰਦਾਰ ਅੰਗਰੇਜ਼ਾਂ ਦੇ ਚਾਪਲੂਸ ਬਣ ਗਏ। ਗੁਰਦੁਆਰਿਆਂ ਦੇ ਮਹੰਤ ਅਤੇ ਪੁਜਾਰੀ ਅੰਗਰੇਜ਼ਾਂ ਦੇ ਸੋਹਲੇ ਗਾਉਣ ਲੱਗੇ। ਸਿੱਖਾਂ ਦੀ ਰਹਿਣੀ-ਬਹਿਣੀ ਅਤੇ ਮਰਿਆਦਾਵਾਂ ਵਿਚ ਭਾਰੀ ਗਿਰਾਵਟ ਆ ਗਈ। ਗਊ ਰੂਪੀ ਸਿੱਖੀ ਦੀ ਨਿੱਘਰਦੀ ਹਾਲਤ ਸੰਬੰਧੀ ਉਸ ਸਮੇਂ ਦੇ ਸਮਕਾਲੀ ਵਿਦਵਾਨ ਗਿਆਨੀ ਗਿਆਨ ਸਿੰਘ ਅੱਖੀਂ ਦੇਖੀ ਦਸ਼ਾ ਪ੍ਰਤੀ ਇੰਝ ਲਿਖਦੇ ਹਨ¸
'ਸਿਖਨ ਕੇ ਪੂਤ ਮਜ਼ਬੂਤ ਸਿੰਘ ਨਾਮਵਾਰੇ,
ਹਾਇ ਵੇ ਕਸਾਈ ਰਹੇ ਸਿੱਖੀ ਗਊ ਘਾਇ ਹੈ।'
ਸਤਿਗੁਰੂ ਰਾਮ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋਣ ਵੇਲੇ ਤੋਂ ਲੈ ਕੇ ਇਹ ਸਾਰੇ ਪਰਿਵਾਰਿਕ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨੂੰ ਅੱਖੀਂ ਵੇਖਿਆ। ਸਿੱਖ ਰਾਜ ਦੇ ਜਰਨੈਲ ਆਗੂਆਂ ਦੀ ਅੰਗਰੇਜ਼ਾਂ ਨਾਲ ਗੁਪਤ ਕੂਟਨੀਤਕ ਸੰਧੀ ਹੋਣ ਕਾਰਨ ਆਪ ਫੌਜ ਦੀ ਨੌਕਰੀ ਛੱਡ ਕੇ ਭੈਣੀ ਸਾਹਿਬ ਵਾਪਿਸ ਆ ਗਏ ਅਤੇ ਉਨ੍ਹਾਂ ਆਤਮ ਚਿੰਤਨ ਕੀਤਾ ਅਤੇ ਸਮੁੱਚੇ ਹਾਲਾਤ ਨੂੰ ਆਪਣੀ ਦੂਰਦਰਸ਼ੀ ਨਜ਼ਰ ਨਾਲ ਵਾਚਿਆ। ਸਤਿਗੁਰੂ ਰਾਮ ਸਿੰਘ ਜੀ ਨੇ ਮੁਰਝਾ ਚੁੱਕੀ ਸਿੱਖੀ ਵਿਚ ਨਵੀਂ ਰੂਹ ਫੂਕਣ ਲਈ ਅਤੇ ਭਾਰਤ ਨੂੰ ਅੰਗਰੇਜ਼ ਰਾਜ ਦੇ ਪੰਜੇ 'ਚੋਂ ਆਜ਼ਾਦ ਕਰਾਉਣ ਲਈ 12 ਅਪ੍ਰੈਲ 1857 ਈਸਵੀ ਨੂੰ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਰਹਿਤ ਮਰਿਆਦਾ ਮੁਤਾਬਿਕ ਭੈਣੀ ਸਾਹਿਬ ਵਿਖੇ 5 ਸਿੰਘਾਂ ਨੂੰ ਅੰਮ੍ਰਿਤ ਛਕਾਇਆ।
ਸਤਿਗੁਰੂ ਰਾਮ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਹਾ-ਪੰਜਾਬ ਵਾਲੇ ਇਲਾਕਿਆਂ ਨੂੰ 22 ਹਿੱਸਿਆਂ ਵਿਚ ਵੰਡ ਕੇ 22 ਸੂਬੇ (ਗਵਰਨਰ) ਨਿਯੁਕਤ ਕੀਤੇ, ਜੋ ਆਪੋ-ਆਪਣੇ ਇਲਾਕਿਆਂ ਵਿਚ ਗੁਰਸਿੱਖੀ ਦਾ ਪ੍ਰਚਾਰ ਕਰਦੇ ਅਤੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਸਤਿਗੁਰੂ ਰਾਮ ਸਿੰਘ ਜੀ ਦੇ ਆਦੇਸ਼ ਘਰ-ਘਰ ਪਹੁੰਚਾਉਂਦੇ। ਸਤਿਗੁਰੂ ਜੀ ਨੇ ਦੀਵਾਨ ਬੂਟਾ ਮੱਲ ਦੀ ਆਫਤਾਬ ਪ੍ਰੈੱਸ, ਲਾਹੌਰ ਤੋਂ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਪਵਾਈਆਂ, ਪੰਜ ਗ੍ਰੰਥੀ ਅਤੇ ਭਗਤ ਮਾਲਾ ਛਪਵਾਈਆਂ ਅਤੇ ਲੋਕਾਂ ਨੂੰ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਅਨੁਸਾਰ ਜੀਵਨ ਜਿਊਣ ਦਾ ਪਿੰਡ-ਪਿੰਡ, ਸ਼ਹਿਰ-ਸ਼ਹਿਰ ਪ੍ਰਚਾਰ ਕੀਤਾ। ਉਨ੍ਹਾਂ ਅਫੀਮ, ਭੰਗ, ਪੋਸਤ, ਸ਼ਰਾਬ, ਮਾਸ, ਚੋਰੀ, ਯਾਰੀ ਤੋਂ ਨਿਜਾਤ ਦਿਵਾ ਕੇ ਲੋਕਾਂ ਅੰਦਰ ਸਵੈਮਾਣ ਅਤੇ ਸਵੈ-ਵਿਸ਼ਵਾਸ ਦੀ ਭਾਵਨਾ ਪ੍ਰਬਲ ਕੀਤੀ। ਦਿਨੋ-ਦਿਨ ਨਾਮਧਾਰੀਆਂ ਦੀ ਗਿਣਤੀ ਵਧਣ ਲੱਗੀ, ਪਿੰਡਾਂ ਦੇ ਪਿੰਡ ਲੋਕ ਨਾਮਧਾਰੀ ਸਜਣ ਲੱਗੇ।
ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ਾਂ ਖਿਲਾਫ ਆਪਣੀ ਰਾਜਨੀਤੀ ਦੇ ਹਥਿਆਰ ਦਾਗਦੇ ਹੋਏ ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਨਿਵੇਕਲਾ ਅਤੇ ਪੂਰਨ ਸਫਲਤਾ ਵਾਲਾ ਨਾ-ਮਿਲਵਰਤਣ ਦਾ ਹਥਿਆਰ ਦਿੱਤਾ, ਜਿਸ ਵਿਚ ਅੰਗਰੇਜ਼ਾਂ ਦੀਆਂ ਅਦਾਲਤਾਂ, ਸਕੂਲਾਂ, ਡਾਕ ਪ੍ਰਬੰਧ ਅਤੇ ਰੇਲ 'ਤੇ ਚੜ੍ਹਨ ਦਾ ਪੂਰਨ ਬਾਈਕਾਟ ਕਰ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਨੇ ਲੋਕਾਂ ਨੂੰ ਆਪਣੇ ਗੱਡਿਆਂ ਦੀ ਸਵਾਰੀ, ਆਪਣਾ ਡਾਕ ਪ੍ਰਬੰਧ, ਆਪਣੀਆਂ ਪਿੰਡਾਂ ਦੀਆਂ ਧਰਮਸ਼ਾਲਾਵਾਂ ਵਿਚ ਗੁਰਮੁਖੀ ਲਿੱਪੀ ਦੀ ਪੜ੍ਹਾਈ, ਆਪਸੀ ਝਗੜਿਆਂ ਦੇ ਫੈਸਲੇ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਕਰਨ ਨੂੰ ਨਿਯਮਿਤ ਰੂਪ ਵਿਚ ਲਾਗੂ ਕਰ ਦਿੱਤਾ। ਉਲਝੇ ਮਸਲਿਆਂ ਦੇ ਫੈਸਲਿਆਂ ਲਈ ਗਿਆਨੀ ਰਤਨ ਸਿੰਘ ਮੰਡੀ ਕਲਾਂ ਨੂੰ ਜੱਜ ਨਿਯੁਕਤ ਕਰ ਦਿੱਤਾ। ਅੰਗਰੇਜ਼ਾਂ ਦੀਆਂ ਮਿੱਲਾਂ ਦਾ ਕੱਪੜਾ ਛੱਡ ਕੇ ਘਰ ਦੇ ਬਣੇ ਖੱਦਰ ਨੂੰ ਪਹਿਨਣ ਦਾ ਪ੍ਰਚਾਰ ਕੀਤਾ।
ਸਮਾਜਿਕ ਕੁਰੀਤੀਆਂ ਵੱਲ ਨਜ਼ਰ ਮਾਰੀਏ ਤਾਂ ਉਸ ਸਮੇਂ ਸਮਾਜ ਵਿਚ ਬਾਲ ਵਿਆਹ, ਕੁੜੀਆਂ ਮਾਰਨ, ਵੇਚਣ, ਵੱਟਾ ਕਰਨ ਦਾ ਰਿਵਾਜ ਪ੍ਰਚੱਲਿਤ ਸੀ। ਸਤਿਗੁਰੂ ਰਾਮ ਜੀ ਨੇ ਸੰਗਤ ਵਿਚ ਸਖਤਾਈ ਨਾਲ ਇਹ ਨਿਯਮ ਲਾਗੂ ਕਰ ਦਿੱਤੇ ਕਿ ਲੜਕੀ ਮਾਰਨ, ਵੇਚਣ, ਵੱਟਾ ਕਰਨ ਵਾਲੇ ਨੂੰ ਦਿਵਾਨ ਵਿਚ ਨਹੀਂ ਵੜਨ ਦੇਣਾ, ਉਸ ਦੇ ਹੱਥ ਦਾ, ਘਰ ਦਾ ਅੰਨ-ਪਾਣੀ ਵੀ ਨਹੀਂ ਛਕਣਾ।
ਔਰਤ ਨੂੰ ਮਰਦ ਦੇ ਬਰਾਬਰ ਦਾ ਰੁਤਬਾ ਦਿੰਦੇ ਹੋਏ ਸਤਿਗੁਰੂ ਰਾਮ ਸਿੰਘ ਨੇ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦਾ ਸ਼ੁੱਭ ਪ੍ਰਾਰੰਭ ਕੀਤਾ। ਅਨੰਦ ਕਾਰਜ ਦੀ ਰਸਮ ਦਾ ਆਗ਼ਾਜ਼ ਕੀਤਾ। ਨਾਮਧਾਰੀਆਂ ਨੇ ਰੂਸ, ਕਸ਼ਮੀਰ, ਹੈਦਰਾਬਾਦ, ਨੇਪਾਲ ਨਾਲ ਸੰਬੰਧ ਸਥਾਪਿਤ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣ ਦੀਆਂ ਯੋਜਨਾਵਾਂ ਉਲੀਕੀਆਂ ਅਤੇ ਭਰਪੂਰ ਸਫਲਤਾਵਾਂ ਪ੍ਰਾਪਤ ਕੀਤੀਆਂ।
ਸਤਿਗੁਰੂ ਰਾਮ ਸਿੰਘ ਜੀ ਨੇ ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ ਕਸ਼ਮੀਰ ਵਿਚ 'ਕੂਕਾ ਪਲਟਨ' ਨਾਂ ਦੀ ਹਥਿਆਰਬੰਦ ਜਥੇਬੰਦੀ ਦੀ ਸ਼ੁਰੂਆਤ ਕੀਤੀ। ਸਤਿਗੁਰੂ ਜੀ ਨੇ ਅੰਗਰੇਜ਼ ਸਾਮਰਾਜ ਖਿਲਾਫ ਇਕ ਬਰਾਬਰ ਦੀ ਸਲਤਨਤ ਕਾਇਮ ਕਰਕੇ ਅੰਗਰੇਜ਼ਾਂ ਨੂੰ ਅੰਦਰ ਤਕ ਹਿਲਾ ਦਿੱਤਾ, ਜਿਸ ਦਾ ਖੁਲਾਸਾ ਅੰਗਰੇਜ਼ ਅਧਿਕਾਰੀ ਐਡਵਰਡ ਬੇਲੀ ਦੀ ਇਸ ਰਿਪੋਰਟ ਤੋਂ ਹੁੰਦਾ ਹੈ¸
''ਰਾਮ ਸਿੰਘ ਬਹੁਤ ਹੀ ਖ਼ਤਰਨਾਕ ਵਿਅਕਤੀ ਹੈ, ਸ਼ਾਇਦ ਹੁਣ ਭਾਰਤ ਵਿਚ ਸਭ ਤੋਂ ਵੱਧ ਖਤਰਨਾਕ।'' (ਜੁਲਾਈ¸1870)
ਨਾਮਧਾਰੀ ਸੰਤ ਖਾਲਸੇ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਤ ਮਰਿਆਦਾ ਮੁਤਾਬਿਕ 1857 ਈ. ਦੀ ਵਿਸਾਖੀ ਵਾਲੇ ਦਿਨ ਹੋਈ। ਜਿਹੜੇ ਪੂਰਨੇ ਸਤਿਗੁਰੂ ਰਾਮ ਸਿੰਘ ਜੀ ਦੀ ਰਹਿਨੁਮਾਈ ਹੇਠ ਨਾਮਧਾਰੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦਾ ਸੁਤੰਤਰਤਾ ਸੰਗਰਾਮ ਆਰੰਭਣ ਲਈ ਪਾਏ ਅਤੇ ਗੁਰਸਿੱਖੀ ਜੀਵਨ ਨੂੰ ਪ੍ਰਫੁੱਲਿਤ ਕਰਨ ਲਈ ਪਾਏ, ਉਹ ਹਮੇਸ਼ਾ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਉਕਰੇ ਰਹਿਣਗੇ ਅਤੇ ਸ਼ੁੱਭ ਅਗਵਾਈ ਦਿੰਦੇ ਰਹਿਣਗੇ।
► ਡਾ. ਲਖਵੀਰ ਸਿੰਘ
ਘੁਮਾਣ ਨੂੰ 'ਪਵਿੱਤਰ ਨਗਰੀ' ਦਾ ਦਰਜਾ ਨਹੀਂ ਮਿਲ ਸਕਿਆ (ਦੇਖੋ ਤਸਵੀਰਾਂ)
NEXT STORY