ਹਿਮਾਲਿਆ ਦੇ ਉੱਤਰ ਪੂਰਬ 'ਚ ਅੰਨਪੂਰਣਾ ਪਰਬਤ ਲੜੀ 'ਚ ਲਗਭਗ ਪੰਜ ਹਜ਼ਾਰ ਫੁੱਟ ਦੀ ਉਚਾਈ 'ਤੇ ਤੇ ਚੰਪਾਵਤ ਜਨਪਦ ਦੇ ਟਨਕਪੁਰ ਸ਼ਹਿਰ ਤੋਂ ਲਗਭਗ 24 ਕਿਲੋਮੀਟਰ ਦੀ ਦੂਰੀ 'ਤੇ ਪੂਰਣਾਗਿਰੀ ਇਕ ਸੁੰਦਰ ਸਥਾਨ ਹੈ। ਪੂਰਣਾਗਿਰੀ ਭਾਰਤ-ਨੇਪਾਲ ਦੀ ਸਰਹੱਦ 'ਤੇ ਆਸਥਾ ਦਾ ਕੇਂਦਰ ਤਾਂ ਹੈ ਹੀ, ਪਰ ਸੁੰਦਰਤਾ ਪ੍ਰੇਮੀਆਂ ਲਈ ਵੀ ਇਹ ਘੱਟ ਰੋਮਾਂਚਕਾਰੀ ਨਹੀਂ ਹੈ। ਪੂਰਣਾਗਿਰੀ ਦੇ ਆਲੇ-ਦੁਆਲੇ ਦਾ ਖੇਤਰ ਪ੍ਰਸਿੱਧ ਜਿਮ ਕਾਰਬੇਟ ਨੈਸ਼ਨਲ ਪਾਰਕ 'ਚ ਆਉਂਦਾ ਹੈ, ਜਿਸ ਕਾਰਨ ਇਥੇ ਰਹਿਣ ਵਾਲੇ ਜੰਗਲੀ ਪ੍ਰਾਣੀਆਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਸੇ ਖੇਤਰ ਤੋਂ ਕਾਲੀ ਨਦੀ ਪਹਾੜਾਂ ਤੋਂ ਉਤਰ ਕੇ ਮੈਦਾਨੀ ਖੇਤਰ 'ਚ ਦਾਖਲ ਹੁੰਦੀ ਹੈ। ਅੰਨਪੂਰਣਾ ਪਰਬਤ ਦੀ ਚੋਟੀ ਤੋਂ ਸੂਰਜ ਚੜ੍ਹਨ ਤੇ ਸੂਰਜ ਡੁੱਬਣ, ਕਾਲੀ ਨਦੀ ਚੰਪਾਵਤ, ਟਨਕਪੁਰ ਤੇ ਨੇਪਾਲ ਦੇ ਪਿੰਡਾਂ ਦਾ ਦਿਲਖਿੱਚਵਾਂ ਦ੍ਰਿਸ਼ ਦੇਖਦੇ ਹੀ ਬਣਦਾ ਹੈ। ਇਥੇ ਦੀਆਂ ਸੱਤ ਧਾਰਾਵਾਂ ਨਾਲ ਮਿਲ ਕੇ ਬਣੀ ਸਰਯੂ ਨਦੀ ਦੱਖਣ-ਪੱਛਮ ਦਿਸ਼ਾ ਤੋਂ ਵਿਸਤਾਰ ਲੈਂਦੀ ਹੋਈ ਟਕਨਪੁਰ ਭਾਵਰ ਦੇ ਮੈਦਾਨੀ ਇਲਾਕੇ 'ਚ ਦਾਖਲ ਹੁੰਦੀ ਹੈ, ਜਿਥੇ ਇਸ ਨੂੰ ਸ਼ਾਰਦਾ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਨਦੀ ਭਾਰਤ ਤੇ ਨੇਪਾਲ ਦੀ ਸਰਹੱਦ ਰੇਖਾ ਦਾ ਵੀ ਨਿਰਮਾਣ ਕਰਦੀ ਹੈ।
ਟਨਕਪੁਰ ਪਹੁੰਚ ਕੇ ਅਸੀਂ ਰੁਕੇ ਅਤੇ ਇਥੇ ਸ਼ਾਰਦਾ ਨਦੀ ਦਾ ਫੈਲਾਅ ਦੇਖ ਕੇ ਹੈਰਾਨ ਰਹਿ ਗਏ। ਨਦੀ 'ਤੇ ਪਹੁੰਚਣ ਤੋਂ ਪਹਿਲਾਂ ਦੂਰ-ਦੂਰ ਤਕ ਫੈਲੀ ਰੇਤ ਜਿਵੇਂ ਸੈਲਾਨੀਆਂ ਦਾ ਸਵਾਗਤ ਕਰ ਰਹੀ ਹੋਵੇ। ਦੂਰ-ਦੁਰਾਡੇ ਦੇ ਖੇਤਰਾਂ ਤੋਂ ਆਏ ਮੁਸਾਫਰਾਂ ਦੀ ਭੀੜ ਸਾਡੀ ਗੱਡੀ ਦੇ ਆਲੇ-ਦੁਆਲੇ ਸੀ। ਅਸੀਂ ਸ਼ਾਰਦਾ ਨਦੀ ਕੋਲ ਪਹੁੰਚੇ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਨਦੀ ਦਾ ਠੰਡਾ ਪਾਣੀ ਮਾਂ ਭਗਵਤੀ ਦੇ ਚਰਨਾਂ ਨੂੰ ਧੋ ਰਿਹਾ ਹੋਵੇ। ਇਹ ਸਥਾਨ ਮੁਸਾਫਰਾਂ ਦਾ ਪਹਿਲਾ ਆਰਾਮ ਕਰਨ ਦਾ ਸਥਾਨ ਹੈ। ਪੂਰਣਾਗਿਰੀ ਮੰਦਰ ਜਾਣ ਦਾ ਇਹ ਪ੍ਰਵੇਸ਼ ਦੁਆਰ ਵੀ ਹੈ। ਇਥੋਂ ਜੰਗਲ ਦਾ ਰਸਤਾ ਸ਼ੁਰੂ ਹੋ ਜਾਂਦਾ ਹੈ। ਕਕਰਾਲੀ ਗੇਟ ਬੱਸ ਸਟੈਂਡ ਤੋਂ ਜਦੋਂ ਸਾਡੀ ਕਾਰ ਅੱਗੇ ਵਧੀ ਤਾਂ ਸੰਘਣੇ ਜੰਗਲ ਨੂੰ ਪਾਰ ਕਰਦੇ ਹੋਏ ਇਕ ਤੰਗ ਤੇ ਚੜ੍ਹਾਈ ਵਾਲੇ ਮਾਰਗ 'ਤੇ ਚੱਲਣ ਲੱਗੀ।
ਲਗਭਗ 14 ਕਿਲੋਮੀਟਰ ਦੀ ਚੜ੍ਹਾਈ ਪੂਰੀ ਕਰਨ ਤੋਂ ਬਾਅਦ ਠੂਲੀਗਾੜ 'ਤੇ ਬਣੇ ਅਸਥਾਈ ਬੱਸ ਸਟੈਂਡ 'ਤੇ ਪਹੁੰਚੇ। ਇਥੇ ਇਕ ਛੋਟਾ ਜਿਹਾ ਬਾਜ਼ਾਰ ਹੈ। ਇਸ ਬਾਜ਼ਾਰ ਦੇ ਨੇੜੇ ਇਕ ਵੱਡੀ ਜਿਹੀ ਨਦੀ ਹੈ, ਜਿਹੜੀ ਇਸ ਚੜ੍ਹਾਈ 'ਚ ਪੈਣ ਵਾਲੇ ਹੋਰ ਨਦੀ-ਨਾਲਿਆਂ ਤੋਂ ਵੱਡੀ ਹੈ, ਇਸ ਲਈ ਇਸ ਨੂੰ ਠੂਲੀ (ਵੱਡੀ) ਗਾੜ ਕਹਿੰਦੇ ਹਨ।
ਰਾਨੀਘਾਟ ਦਾ ਮੈਦਾਨ ਅਤੇ ਕਿਹੁਆ ਦੀ ਨੌਲੀ ਪਾਰ ਕਰਦਿਆਂ ਪ੍ਰਾਚੀਨ ਮਹਾਦੇਵ ਦੀ ਮੰਡੀ ਪਹੁੰਚੇ। ਇਥੋਂ ਅੱਗੇ ਲਗਭਗ ਪੰਜ ਕਿਲੋਮੀਟਰ ਦੀ ਖੜ੍ਹੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਅਤੇ ਇਥੋਂ ਪੂਰਣਾਗਿਰੀ ਸਿਖਰ (ਮੰਦਰ) ਦੀ ਯਾਤਰਾ ਦਾ ਆਰੰਭ ਹੋ ਜਾਂਦਾ ਹੈ। ਤਿੰਨ ਜਲ ਧਾਰਾਵਾਂ ਨੂੰ ਪਾਰ ਕਰਦਿਆਂ ਹੀ ਬਾਂਸੀ ਦੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਅਸੀਂ ਹਨੂਮਾਨ ਚੱਟੀ ਤੋਂ ਹੁੰਦੇ ਹੋਏ ਭੈਰਵ ਚੱਟੀ ਤਕ ਪਹੁੰਚੇ। ਇਥੇ ਗੱਡੀ ਖੜ੍ਹੀ ਕਰਨ, ਧਰਮਸ਼ਾਲਾ, ਪਿਆਊ, ਦੁਕਾਨਾਂ ਅਤੇ ਖਾਣ-ਪੀਣ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਹਨ।
ਸਵੇਰੇ ਅਸੀਂ ਇਥੋਂ ਆਪਣੀ ਅੱਗੇ ਦੀ ਪੈਦਲ ਯਾਤਰਾ ਹਰਿਆਲੀ ਨਾਲ ਭਰੇ ਜੰਗਲ ਦੇ ਰਸਤੇ ਤੋਂ ਕੀਤੀ। ਬਵਾਲੀ ਅਤੇ ਕੁਸੁਲੀਆ ਨੂੰ ਪਾਰ ਕਰਕੇ ਹੁਮਾਂਸ ਤਕ ਪਹੁੰਚੇ। ਇਥੇ ਕਈ ਬੱਚਿਆਂ ਦਾ ਮੁੰਡਨ ਸੰਸਕਾਰ ਕੀਤਾ ਜਾ ਰਿਹਾ ਸੀ। ਹੁਮਾਂਸ ਤੋਂ ਅੱਗੇ ਬਾਂਸ ਦੇ ਜੰਗਲਾਂ ਵਿਚਾਲੇ ਚੜ੍ਹਾਈ ਮੁਸ਼ਕਲ ਹੁੰਦੀ ਜਾ ਰਹੀ ਸੀ। ਆਕਾਸ਼ 'ਚ ਤੈਰਦੇ ਬੱਦਲ ਕਦੇ ਪਹਾੜ ਦੀ ਚੋਟੀ ਨੂੰ ਛੂੰਹਦੇ ਤਾਂ ਕਦੇ ਪਰਬਤ ਦੀਆਂ ਲੜੀਆਂ ਤੋਂ ਬਚ ਕੇ ਹਵਾ ਨਾਲ ਅੱਗੇ ਨਿਕਲ ਜਾਂਦੇ। ਅਸੀਂ ੰਅੰਦਾਜ਼ਾ ਲਗਾ ਰਹੇ ਸੀ ਕਿ ਇਨ੍ਹਾਂ ਪਰਬਤ ਲੜੀਆਂ ਦੀ ਚੋਟੀ 'ਤੇ ਪੂਰਣਾਗਿਰੀ ਮਾਤਾ ਦਾ ਵਿਸ਼ਾਲ ਮੰਦਰ ਹੋਵੇਗਾ, ਉਦੋਂ ਸਾਨੂੰ ਇਕ ਨੋਕਦਾਰ ਸਿਖਰ 'ਤੇ ਇਕ ਮੰਦਰ ਦਿਖਾਈ ਦਿੱਤਾ, ਅਸੀਂ ਸਹੀ ਸੀ। ਇਥੇ ਪੂਰਣਾਗਿਰੀ ਮਾਤਾ ਦਾ ਮੰਦਰ ਸੀ। ਮਾਂ ਭਗਤਾਂ ਦੀ ਇੱਛਾ ਪੂਰੀ ਕਰਦੀ ਹੈ। ਸ਼ਾਇਦ ਇਸੇ ਲਈ ਇਨ੍ਹਾਂ ਨੂੰ ਪੂਰਣਾਗਿਰੀ ਕਹਿੰਦੇ ਹਨ। ਪੂਰਣਾਗਿਰੀ ਇਕ ਸ਼ਕਤੀਪੀਠ ਹੈ। ਇਹ ਮੰਦਰ ਬਹੁਤ ਸ਼ਾਂਤ ਤੇ ਸੁੰਦਰ ਸਥਾਨ 'ਤੇ ਬਣਿਆ ਹੋਇਆ ਹੈ। ਇਥੇ ਪਹੁੰਚ ਕੇ ਸਾਡਾ ਤਨ-ਮਨ ਅਧਿਆਤਮਿਕਤਾ ਨਾਲ ਭਰ ਗਿਆ। ਮੇਰਾ ਮਨ ਮਾਂ ਦੇ ਚਰਨਾਂ 'ਚ ਆਪਣੇ ਆਪ ਹੀ ਝੁਕ ਗਿਆ।
ਪੂਰਣਾਗਿਰੀ ਮੰਦਰ 'ਚ ਹਰ ਸਾਲ ਚੇਤ ਦੇ ਮਹੀਨੇ 'ਚ ਆਯੋਜਿਤ ਹੋਣ ਵਾਲੇ ਮੇਲੇ 'ਚ ਭੀੜ ਕੁੰਭ ਦੇ ਮੇਲੇ ਵਾਂਗ ਵਿਸ਼ਾਲ ਰੂਪ ਲੈ ਲੈਂਦੀ ਹੈ। ਮੇਲੇ 'ਚ ਆਉਣ ਵਾਲੇ ਮੁਸਾਫਰਾਂ ਦੀ ਸੁੱਖ-ਸਹੂਲਤ ਦਾ ਪ੍ਰਬੰਧ ਹਰ ਸਾਲ ਚੰਪਾਵਤ ਜ਼ਿਲਾ ਪੰਚਾਇਤ ਵਲੋਂ ਕੀਤਾ ਜਾਂਦਾ ਹੈ।
ਪੂਰਣਾਗਿਰੀ ਦੇ ਆਲੇ-ਦੁਆਲੇ ਦੇ ਖੇਤਰ ਵੀ ਸੁੰਦਰਤਾ ਬਿਖੇਰਦੇ ਹੋਏ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਨ੍ਹਾਂ ਵਿਚ ਸ਼ਿਆਮਲਾ ਤਾਲ, ਚੰਪਾਵਤ, ਦੇਵੀਧੁਰਾ, ਲੋਹਾਘਾਟ, ਏਬਟ ਮਾਊਂਟ, ਪੰਚੇਸ਼ਵਰ, ਆਦਿਗੋਰਖਨਾਥ, ਰੀਠਾ ਸਾਹਿਬ ਆਦਿ ਸਥਾਨ ਇਸ ਖੇਤਰ 'ਚ ਦੇਖਣ ਨੂੰ ਮਿਲਦੇ ਹਨ।
ਪੂਰਣਾਗਿਰੀ 'ਚ ਪਲ-ਪਲ ਰੰਗ ਬਦਲਦੀ ਕੁਦਰਤ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਹਮੇਸ਼ਾ ਆਪਣੇ ਵੱਲ ਬੁਲਾਉਂਦੀ ਰਹਿੰਦੀ ਹੈ। ਇਸ ਪਰਬਤ ਸਿਖਰ ਤੋਂ ਹੇਠਾਂ ਵੱਲ ਦਿਖਾਈ ਦੇਣ ਵਾਲਾ ਦ੍ਰਿਸ਼ ਬਹੁਤ ਹੀ ਆਕਰਸ਼ਕ ਲੱਗਦਾ ਹੈ। ਇਥੇ ਖੈਰ, ਸੇਮਲ, ਦੇਵਦਾਰ, ਚੀੜ ਅਤੇ ਸਾਲ ਦੇ ਦਰੱਖਤਾਂ ਵਿਚਾਲੇ ਝਾਕਦੀ ਨਦੀ ਅਤੇ ਬੱਦਲਾਂ ਵਿਚੋਂ ਇਥੋਂ ਦੇ ਢਲਾਣ ਤੇ ਆਲੇ-ਦੁਆਲੇ ਦੇ ਪਿੰਡ ਕਦੇ ਦਿਖਾਈ ਦਿੰਦੇ ਤਾਂ ਕਦੇ ਲੁਕ ਜਾਂਦੇ ਹਨ, ਜਿਵੇਂ ਕੁਦਰਤ ਸਾਡੇ ਨਾਲ ਲੁਕਣ-ਮੀਟੀ ਖੇਡ ਰਹੀ ਹੋਵੇ। ਕੁਦਰਤ ਦਾ ਇਹ ਅਨੋਖਾ ਦ੍ਰਿਸ਼ ਆਪਣੇ ਮਨ 'ਚ ਉਤਾਰ ਕੇ ਮੈਂ ਧੰਨ ਹੋ ਗਈ।
► ਡਾ. ਊਸ਼ਾ ਅਰੋੜਾ
1857 ਦੀ ਵਿਸਾਖੀ ਸਮੇਂ ਸੁਤੰਤਰਤਾ ਸੰਗਰਾਮ ਦਾ ਬਿਗੁਲ
NEXT STORY