ਬਾਦਲ ਨੇ ਬਰਨਾਲਾ ਦੀ ਸ਼ਾਂਤੀ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੌਰਾਨ ਧੋਖਾ ਦਿੱਤਾ
ਧੂਰੀ(ਸੰਜੀਵ ਜੈਨ)-ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਪੰਜਾਬ ਦੇ ਮਾੜੇ ਹਾਲਾਤ ਸਮੇਂ ਉਨ੍ਹਾਂ ਦੇ ਦਾਦਾ ਸੁਰਜੀਤ ਸਿੰਘ ਬਰਨਾਲਾ ਵਲੋਂ ਪੰਜਾਬ 'ਚ ਸ਼ਾਂਤੀ ਲਿਆਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਉਨ੍ਹਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਨਿੱਜੀ ਸੁਆਰਥਾਂ ਅਤੇ ਸਿਆਸੀ ਹਿੱਤਾਂ ਦੇ ਕਾਰਨ ਪੰਜਾਬ ਦੇ ਹਜ਼ਾਰਾਂ ਮਾਸੂਮ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ।
ਉਨ੍ਹਾਂ ਅੱਜ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਾਲ ਕੱਢੇ ਰੋਡ ਸ਼ੋਅ ਦੌਰਾਨ ਮਿਲੇ ਭਾਰੀ ਜਨ ਸਮਰਥਨ ਨੂੰ ਸਰਕਾਰ ਦੇ ਖਿਲਾਫ ਜਨਤਾ ਦਾ ਫਤਵਾ ਕਰਾਰ ਦਿੰਦਿਆਂ ਕਿਹਾ ਕਿ ਬਾਦਲ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਾਲੇ ਪੰਜਾਬ ਸਮਝੌਤੇ 'ਤੇ ਦਸਤਖਤ ਦਾ ਵਿਰੋਧ ਕੀਤਾ ਸੀ, ਜਿਹੜਾ ਦੇਸ਼ 'ਚ ਆਪਣੇ ਤਰ੍ਹਾਂ ਦਾ ਵੱਖਰਾ ਸਮਝੌਤਾ ਸੀ ਅਤੇ ਉਸ ਨੂੰ ਉਸੇ ਰੂਪ 'ਚ ਪਾਰਲੀਮੈਂਟ ਨੇ ਅਪਣਾਇਆ ਸੀ। ਪਰ ਬਾਦਲ ਨੇ ਧੋਖਾ ਦਿੱਤਾ ਅਤੇ ਉਹ ਇਸ ਪ੍ਰਕਿਰਿਆ 'ਚ ਸ਼ਾਮਿਲ ਨਹੀਂ ਹੋਏ। ਜਦਕਿ ਸੰਤ ਲੌਂਗੋਵਾਲ ਦੇ ਨਾਲ ਉਨ੍ਹਾਂ ਦੇ ਦਾਦਾ ਜੀ ਇਸ ਸਮਝੌਤੇ ਦੇ ਪ੍ਰਮੁੱਖ ਨਿਰਮਾਣਕਾਰਾਂ 'ਚੋਂ ਇਕ ਸਨ ਅਤੇ ਉਨ੍ਹਾਂ ਨੇ ਪੰਜਾਬ ਲਈ ਹਰ ਖਤਰਾ ਮੁੱਲ ਲਿਆ। ਇਸ ਦੌਰਾਨ ਸੰਤ ਲੌਂਗੋਵਾਲ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ।
ਉਨ੍ਹਾਂ ਕਿਹਾ ਕਿ ਬਾਅਦ 'ਚ ਬਾਦਲ ਨੇ ਆਪਣੀ ਮੌਕਾਪ੍ਰਸਤੀ ਦੀ ਸਿਆਸਤ 'ਤੇ ਚਲਦਿਆਂ ਬਰਨਾਲਾ ਤੋਂ ਵਿਧਾਨ ਸਭਾ ਦੀ ਟਿਕਟ ਲੈਣ ਲਈ ਇਸ ਸਮਝੌਤੇ ਨੂੰ ਸਵੀਕਾਰ ਕਰ ਲਿਆ, ਜਿਹੜੇ ਸੰਤ ਲੌਂਗੋਵਾਲ ਦੀ ਹੱਤਿਆ ਤੋਂ ਬਾਅਦ ਉਸ ਵੇਲੇ ਪਾਰਟੀ ਮੁਖੀ ਸਨ। ਉਨ੍ਹਾਂ ਕਿਹਾ ਕਿ ਬਾਅਦ 'ਚ ਬਾਦਲ ਨੇ ਬਰਨਾਲਾ ਖਿਲਾਫ ਵਿਦਰੋਹ ਕੀਤਾ, ਜਿਸ ਕਾਰਨ ਅਕਾਲੀ ਦਲ 'ਚ ਫੁੱਟ ਪਈ। ਜਦਕਿ ਬਤੌਰ ਮੁੱਖ ਮੰਤਰੀ ਬਰਨਾਲਾ ਦੀ ਸਿਰਫ ਇਹੋ ਗਲਤੀ ਸੀ ਕਿ ਉਹ ਉਸ ਵੇਲੇ ਸੂਬੇ 'ਚ ਆਪਣਾ ਸਿਰ ਚੁੱਕ ਰਹੀਆਂ ਵੱਖਵਾਦੀ ਤਾਕਤਾਂ ਦਾ ਮੁਕਾਬਲਾ ਕਰਨਾ ਚਾਹੁੰਦੇ ਸਨ।
ਉਨ੍ਹਾਂ ਕਿਹਾ ਕਿ ਬਾਦਲ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਉਂ ਉਨ੍ਹਾਂ ਨੇ ਖੁਦ ਨੂੰ 9 ਸਾਲ ਤੱਕ ਸੰਤ ਲੌਂਗੋਵਾਲ ਦੀ ਬਰਸੀ ਦੇ ਸਮਾਰੋਹ ਤੋਂ ਦੂਰ ਰੱਖਿਆ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਿਰ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ ਸੀ ਅਤੇ ਇਹ ਅਕਾਲੀ ਦਲ ਨੇ ਲਿਖਤੀ ਰੂਪ 'ਚ ਮੰਨਿਆ ਸੀ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪਣੀ ਹਾਰ ਹੁੰਦੀ ਵੇਖ ਕੇ ਬੌਖਲਾਏ ਅਕਾਲੀਆਂ ਵਲੋਂ ਹਲਕੇ ਅੰਦਰ ਕਿਸ ਤਰ੍ਹਾਂ ਲੋਕਾਂ ਨੂੰ ਲਾਲਚ ਅਤੇ ਸਿਆਸੀ ਡਰ ਵਿਖਾਕੇ ਜੋ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਹ ਕਿਸੇ ਤੋਂ ਵੀ ਲੁਕੀਆਂ ਹੋਈਆਂ ਨਹੀਂ ਹਨ ਅਤੇ ਲੋਕ 11 ਅਪ੍ਰੈਲ ਨੂੰ ਇਨ੍ਹਾਂ ਦਾ ਬਿਸਤਰਾ ਗੋਲ ਕਰਕੇ ਚੰਗਾ ਸਬਕ ਸਿਖਾਉਣਗੇ।
ਸੋਨੀਆ ਗਾਂਧੀ ਹੀ ਰਹੇ ਕਾਂਗਰਸ ਪ੍ਰਧਾਨ : ਕੈਪਟਨ
NEXT STORY